ਸਿਹਤ ਖੇਤਰ ਦੇ 100 ਪ੍ਰਭਾਵਸ਼ਾਲੀ ਲੋਕਾਂ 'ਚ 39 ਔਰਤਾਂ ਸ਼ਾਮਲ ਹਨ। ਇਸ ਸੂਚੀ ਵਿਚ ਛੇ ਭਾਰਤੀ ਅਤੇ ਛੇ ਭਾਰਤੀ ਮੂਲ ਦੇ ਮਾਹਿਰਾਂ ਦੇ ਨਾਂ ਸ਼ਾਮਲ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ, ਜਿਨ੍ਹਾਂ ਨੇ ਆਪਣੀਆਂ ਖੋਜਾਂ ਨਾਲ ਸਿਹਤ ਸਹੂਲਤਾਂ ਨੂੰ ਪਹਿਲਾਂ ਨਾਲੋਂ ਸੁਖਾਲਾ ਬਣਾ ਦਿੱਤਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਟਾਈਮ (TIME) ਮੈਗਜ਼ੀਨ ਨੇ ਸਿਹਤ ਦੇ ਖੇਤਰ 'ਚ ਸਾਲ 2026 ਦੀ ਇਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਨਾਂ ਦਿੱਤੇ ਗਏ ਹਨ। ਇਸ ਵਿੱਚ ਉਨ੍ਹਾਂ ਡਾਕਟਰਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੇ ਬੱਚਿਆਂ ਦੀਆਂ ਜੈਨੇਟਿਕ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ 'ਕ੍ਰਿਸਪਰ ਥੈਰੇਪੀ' (Customized CRISPR therapy) ਵਿਕਸਿਤ ਕੀਤੀ ਹੈ।
ਸਿਹਤ ਖੇਤਰ ਦੇ ਇਨ੍ਹਾਂ 100 ਪ੍ਰਭਾਵਸ਼ਾਲੀ ਲੋਕਾਂ 'ਚ 39 ਔਰਤਾਂ ਸ਼ਾਮਲ ਹਨ। ਇਸ ਸੂਚੀ ਵਿਚ ਛੇ ਭਾਰਤੀ ਅਤੇ ਛੇ ਭਾਰਤੀ ਮੂਲ ਦੇ ਮਾਹਿਰਾਂ ਦੇ ਨਾਂ ਸ਼ਾਮਲ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ, ਜਿਨ੍ਹਾਂ ਨੇ ਆਪਣੀਆਂ ਖੋਜਾਂ ਨਾਲ ਸਿਹਤ ਸਹੂਲਤਾਂ ਨੂੰ ਪਹਿਲਾਂ ਨਾਲੋਂ ਸੁਖਾਲਾ ਬਣਾ ਦਿੱਤਾ ਹੈ।
ਕਰਣ ਸਿੰਘਲ ਨੇ 'ਓਪਨ ਏਆਈ' (OpenAI) ਰਾਹੀਂ ਇਕ ਹੈਲਥ ਟੀਮ ਬਣਾਈ ਹੈ ਜਿਸ ਵਿਚ 260 ਡਾਕਟਰਾਂ ਨਾਲ ਮਿਲ ਕੇ 'ਚੈਟਜੀਪੀਟੀ ਫਾਰ ਹੈਲਥਕੇਅਰ' ਤਿਆਰ ਕੀਤਾ ਗਿਆ ਹੈ। ਇਹ ਟੀਮ ਲੋਕਾਂ ਨੂੰ ਸਹੀ ਸਲਾਹ ਅਤੇ ਇਲਾਜ ਦੇਣ ਲਈ ਬਣਾਈ ਗਈ ਹੈ। ਦੁਨੀਆ ਭਰ 'ਚੋਂ ਰੋਜ਼ਾਨਾ ਕਰੀਬ ਚਾਰ ਕਰੋੜ ਲੋਕ ਇਨ੍ਹਾਂ ਨਾਲ ਸਲਾਹ-ਮਸ਼ਵਰਾ ਕਰਦੇ ਹਨ। ਇਹ ਯੂਨਿਟ ਮੈਡੀਕਲ ਰਿਕਾਰਡ ਅਪਲੋਡ ਕਰਨ ਦੀ ਸਹੂਲਤ ਵੀ ਦਿੰਦੀ ਹੈ, ਜਿਸ ਨਾਲ ਬਿਮਾਰੀ ਦਾ ਸਹੀ ਵਿਸ਼ਲੇਸ਼ਣ ਕੀਤਾ ਜਾ ਸਕੇ।
ਕਿਰਨ ਮੁਸੁਨੁਰੂ ਨੇ ਜੀਨ ਥੈਰੇਪੀ ਮਾਹਿਰ ਡਾ. ਰੇਬੇਕਾ ਨਿਕਲਾਸ ਨਾਲ ਮਿਲ ਕੇ ਕ੍ਰਿਸਪਰ ਤਕਨੀਕ ਰਾਹੀਂ ਬੱਚਿਆਂ ਦੀਆਂ ਦੁਰਲੱਭ ਜੈਨੇਟਿਕ ਬਿਮਾਰੀਆਂ ਦੇ ਇਲਾਜ ਦੀ ਖੋਜ ਕੀਤੀ ਹੈ। ਉਹਨਾਂ ਦਾ ਮੁੱਖ ਫੋਕਸ ਜਨਮਜਾਤ ਜੀਨ ਪਰਿਵਰਤਨ (Mutation) ਨੂੰ ਸੁਧਾਰਨ 'ਤੇ ਹੈ, ਤਾਂ ਜੋ ਸਮੇਂ ਸਿਰ ਇਲਾਜ ਮਿਲਣ ਨਾਲ ਜੀਵਨ ਦੀ ਗੁਣਵੱਤਾ ਬਿਹਤਰ ਹੋ ਸਕੇ।
ਕੋਲੰਬੀਆ ਯੂਨੀਵਰਸਿਟੀ ਦੇ ਕੈਂਸਰ ਮਾਹਿਰ (Oncologist) ਸਿਧਾਰਥ ਮੁਖਰਜੀ ਨੇ 'ਮਾਨਸ ਏਆਈ' (Manas AI) ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਛੇ ਮਹੀਨਿਆਂ 'ਚ ਲੱਖਾਂ ਵਰਚੁਅਲ ਦਵਾਈਆਂ ਬਣਾਈਆਂ ਹਨ। ਇਨ੍ਹਾਂ ਵਿੱਚੋਂ ਕੁਝ ਦਵਾਈਆਂ ਦਾ ਟਰਾਇਲ ਜਲਦੀ ਹੀ ਕੈਂਸਰ ਸੈੱਲਾਂ 'ਤੇ ਕੀਤਾ ਜਾਵੇਗਾ।
ਨਬਰੁਨ ਦਾਸਗੁਪਤਾ ਅਮਰੀਕਾ 'ਚ ਨਸ਼ੀਲੀਆਂ ਦਵਾਈਆਂ (Opioid) ਦੇ ਵਧਦੇ ਸੰਕਟ ਨੂੰ ਰੋਕਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਨਸ਼ੇ ਦੀ ਓਵਰਡੋਜ਼ ਤੋਂ ਜਾਨ ਬਚਾਉਣ ਵਾਲੀ 'ਨਲੋਕਸੋਨ' (Naloxone) ਦਵਾਈ ਨੂੰ 60 ਲੱਖ ਲੋਕਾਂ ਤਕ ਪਹੁੰਚਾਇਆ ਹੈ। ਉਹ ਲੋਕਾਂ ਨੂੰ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਲਈ ਜ਼ਰੂਰੀ ਸਿਖਲਾਈ ਵੀ ਦਿੰਦੇ ਹਨ।
ਪ੍ਰੀਤੀ ਬੰਡੀ ਦਹਾਕਿਆਂ ਤੋਂ ਕੈਂਸਰ 'ਤੇ ਖੋਜ ਕਰ ਰਹੀ ਹੈ। ਅਮਰੀਕਨ ਕੈਂਸਰ ਸੁਸਾਇਟੀ ਦੀ ਸਾਇੰਸ ਡਾਇਰੈਕਟਰ ਵਜੋਂ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਫੇਫੜਿਆਂ ਦੇ ਕੈਂਸਰ ਦੀ ਸਹੀ ਸਕ੍ਰੀਨਿੰਗ ਰਾਹੀਂ ਅਗਲੇ ਪੰਜ ਸਾਲਾਂ ਵਿੱਚ 62 ਹਜ਼ਾਰ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।