- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟ ਮੁਤਾਬਕ, ਭਾਰਤ ਹੁਣ ਇਕ ਅਜਿਹੇ ਦੌਰ ਵਿਚ ਦਾਖ਼ਲ ਹੋ ਚੁੱਕਾ ਹੈ ਜਿੱਥੇ ਅਨਿਸ਼ਚਿਤ ਮੌਸਮ ਕੋਈ ਨਵੀਂ ਗੱਲ ਨਹੀਂ ਸਗੋਂ ਰੋਜ਼ਾਨਾ ਦੀ ਹਕੀਕਤ ਬਣ ਗਿਆ ਹੈ। ਧਰਤੀ ਦੇ ਗਰਮ ਸਾਹ ਰੁੱਤਾਂ ਦੀ ਲੈਅ ਨੂੰ ਵਿਗਾੜ ਰਹੇ ਹਨ।

ਸੰਜੀਵ ਗੁਪਤਾ, ਜਾਗਰਣ, ਨਵੀਂ ਦਿੱਲੀ : ਭਾਰਤ ਦੀ ਰਵਾਇਤੀ ਪਛਾਣ ਉਸ ਦੇ ਵੱਖ-ਵੱਖ ਰੁੱਤ ਚੱਕਰ ਕਾਰਨ ਰਹੀ ਹੈ ਪਰ ਹੁਣ ਇਹ ਚੱਕਰ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐੱਸਈ) ਅਤੇ ਡਾਊਨ ਟੂ ਅਰਥ ਦੀ ਨਵੀਂ ਰਿਪੋਰਟ ‘ਇੰਡੀਆ ਕਲਾਈਮਟ 2025’ ਨੇ ਇਕ ਡਰਾਉਣੀ ਤਸਵੀਰ ਪੇਸ਼ ਕੀਤੀ ਹੈ। ਰਿਪੋਰਟ ਮੁਤਾਬਕ, ਭਾਰਤ ਹੁਣ ਇਕ ਅਜਿਹੇ ਦੌਰ ਵਿਚ ਦਾਖ਼ਲ ਹੋ ਚੁੱਕਾ ਹੈ ਜਿੱਥੇ ਅਨਿਸ਼ਚਿਤ ਮੌਸਮ ਕੋਈ ਨਵੀਂ ਗੱਲ ਨਹੀਂ ਸਗੋਂ ਰੋਜ਼ਾਨਾ ਦੀ ਹਕੀਕਤ ਬਣ ਗਿਆ ਹੈ। ਧਰਤੀ ਦੇ ਗਰਮ ਸਾਹ ਰੁੱਤਾਂ ਦੀ ਲੈਅ ਨੂੰ ਵਿਗਾੜ ਰਹੇ ਹਨ।
ਸੀਐੱਸਈ ਨੇ ਮੌਸਮ ਵਿਭਾਗ, ਗ੍ਰਹਿ ਮੰਤਰਾਲੇ ਦੇ ਆਫਤ ਪ੍ਰਬੰਧਨ ਵਿਭਾਗ ਅਤੇ ਵੱਖ-ਵੱਖ ਸੂਬਿਆਂ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਵਿਸ਼ਲੇਸ਼ਣ ਕੀਤਾ ਹੈ। ਨਾਲ ਹੀ ਸਾਲ 2022 ਤੋਂ ਸਤੰਬਰ 2025 ਤੱਕ ਲਗਪਗ 1500 ਦਿਨਾਂ ਦੀਆਂ ਭਾਰਤੀ ਮੌਸਮ ਸੰਬੰਧੀ ਆਫਤਾਂ ਦਾ ਇਕ ਨਵਾਂ ਨਕਸ਼ਾ ਤਿਆਰ ਕੀਤਾ ਹੈ। ਅਧਿਐਨ ਦਾ ਸਭ ਤੋਂ ਹੈਰਾਨ ਕਰਨ ਵਾਲਾ ਨਤੀਜਾ ਇਹ ਹੈ ਕਿ ਭਾਰਤ ਵਿਚ ਰੁੱਤਾਂ ਦਾ ਆਪਸ ਵਿਚ ਰਲੇਵਾਂ ਹੋਣਾ ਸ਼ੁਰੂ ਹੋ ਗਿਆ ਹੈ। ਸਰਦੀ, ਗਰਮੀ ਤੇ ਬਾਰਿਸ਼ ਵਿਚਕਾਰਲੀਆਂ ਸਪੱਸ਼ਟ ਰੇਖਾਵਾਂ ਹੁਣ ਧੁੰਦਲੀਆਂ ਪੈ ਚੁੱਕੀਆਂ ਹਨ।
ਅੰਕੜੇ ਦੱਸਦੇ ਹਨ ਕਿ ਸਾਲ 2025 ਦੇ ਪਹਿਲੇ ਨੌਂ ਮਹੀਨਿਆਂ (ਜਨਵਰੀ ਤੋਂ ਸਤੰਬਰ) ਦੌਰਾਨ ਦੇਸ਼ ਨੇ ਲਗਪਗ 99 ਫ਼ੀਸਦੀ ਦਿਨ ਅਨਿਸ਼ਚਿਤ ਮੌਸਮ ਦੀ ਮਾਰ ਝੱਲੀ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ 273 ਦਿਨਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਭਾਰਤ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਭਾਰੀ ਬਾਰਿਸ਼, ਲੂ, ਗੜੇਮਾਰੀ ਜਾਂ ਚੱਕਰਵਾਤ ਵਰਗੀਆਂ ਆਫਤਾਂ ਨਾ ਆਈਆਂ ਹੋਣ।
ਰਿਪੋਰਟ ਮੁਤਾਬਕ, ਭਾਰਤ ਵਿਚ ਪਿਛਲੇ ਚਾਰ ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਅਨਿਸ਼ਚਿਤ ਮੌਸਮ ਦੀਆਂ ਘਟਨਾਵਾਂ ਲਗਪਗ ਪੂਰੇ ਸਾਲ ਦਰਜ ਕੀਤੀਆਂ ਗਈਆਂ। 2023 ਵਿਚ ਜਿੱਥੇ ਸਿਰਫ਼ ਛੇ ਸੂਬਿਆਂ ਵਿਚ ਅਜਿਹੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਉੱਥੇ 2025 ਵਿਚ ਦੇਸ਼ ਦੇ ਸਾਰੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਨ੍ਹਾਂ ਦੀ ਲਪੇਟ ਵਿਚ ਰਹੇ। ਜਨਵਰੀ ਅਤੇ ਫਰਵਰੀ ਦੇ 59 ਦਿਨਾਂ ਵਿਚੋਂ 57 ਦਿਨ ਅਨਿਸ਼ਚਿਤ ਘਟਨਾਵਾਂ ਦਰਜ ਕੀਤੀਆਂ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਕੜਾਕੇ ਦੀ ਠੰਢ ਵਿਚਾਲੇ ਦੇਸ਼ ਦੇ ਕੁਝ ਹਿੱਸਿਆਂ ਵਿਚ ਲੂ ਵੀ ਦੇਖਣ ਨੂੰ ਮਿਲੀ। ਮੌਨਸੂਨ ਦੌਰਾਨ ਹੁਣ ਸਿਰਫ਼ ਬਾਰਿਸ਼ ਨਹੀਂ ਹੁੰਦੀ ਸਗੋਂ ਇਸੇ ਸਮੇਂ ਦੌਰਾਨ ਭਿਆਨਕ ਗਰਮੀ ਤੇ ਲੂ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਨਵੰਬਰ ਤੱਕ ਖਿੱਚਦੀ ਬਾਰਿਸ਼ ਨੇ ਸਾਉਣੀ ਤੇ ਹਾੜੀ ਦੀਆਂ ਫ਼ਸਲਾਂ ਦੇ ਪੂਰੇ ਗਣਿਤ ਨੂੰ ਵਿਗਾੜ ਕੇ ਰੱਖ ਦਿੱਤਾ ਹੈ।
ਬਦਲਦਾ ਭੂਗੋਲ : ਰੇਗਿਸਤਾਨ ’ਚ ਹੜ੍ਹ ਤੇ ਪਹਾੜਾਂ ’ਤੇ ਤਪਸ਼
ਪੌਣ-ਪਾਣੀ ਤਬਦੀਲੀ ਨੇ ਭਾਰਤ ਦਾ ਭੂਗੋਲਿਕ ਪੈਟਰਨ ਵੀ ਬਦਲ ਦਿੱਤਾ ਹੈ। ਜਿਹੜੀਆਂ ਘਟਨਾਵਾਂ ਪਹਿਲਾਂ ਦਹਾਕਿਆਂ ਵਿਚ ਇਕ ਵਾਰੀ ਵਾਪਰਦੀਆਂ ਸਨ, ਉਹ ਹੁਣ ਆਮ ਹੋ ਗਈਆਂ ਹਨ। ਰਾਜਸਥਾਨ ਤੇ ਲੇਹ ਵਰਗੇ ਖ਼ੁਸ਼ਕ ਅਤੇ ਰੇਗਿਸਤਾਨੀ ਇਲਾਕਿਆਂ ’ਚ ਹੁਣ ਹੜ੍ਹ ਆਉਣਾ ਆਮ ਗੱਲ ਬਣ ਗਈ ਹੈ ਜਦਕਿ ਚਿਰਾਪੂੰਜੀ ਵਰਗੇ ਜ਼ਿਆਦਾ ਬਾਰਿਸ਼ ਵਾਲੇ ਖੇਤਰਾਂ ਵਿਚ ਸੋਕੇ ਵਰਗੇ ਹਾਲਾਤ ਦਿਖਾਈ ਦੇਣ ਲੱਗੇ ਹਨ। ਪਹਾੜੀ ਸੂਬਿਆਂ ਤੇ ਹਿਮਾਲਿਆਈ ਖੇਤਰਾਂ ਵਿਚ ਸਾਲ ਭਰ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ ਜਿਸ ਨਾਲ ਗਲੇਸ਼ੀਅਰਾਂ ਦੇ ਪਿਘਲਣ ਤੇ ਈਕੋਸਿਸਟਮ ਦੇ ਵਿਗੜਨ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਜਨਜੀਵਨ ਤੇ ਅਰਥਚਾਰੇ ’ਤੇ ਸੱਟ
ਮੌਸਮ ਦਾ ਇਹ ਬਦਲਿਆ ਮਿਜ਼ਾਜ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਹੈ ਸਗੋਂ ਇਹ ਆਮ ਆਦਮੀ ਦੀ ਜੀਵਨਸ਼ੈਲੀ ਨੂੰ ਬਦਲ ਰਿਹਾ ਹੈ। ਕਿਸਾਨ ਹੁਣ ਜੂਨ ਵਿਚ ਬਿਜਾਈ ਕਰਨ ਤੋਂ ਕਤਰਾਉਣ ਲੱਗੇ ਹਨ ਕਿਉਂਕਿ ਮੌਨਸੂਨ ਦਾ ਸਮਾਂ ਅਨਿਸ਼ਚਿਤ ਹੈ। ਬੇਮੌਸਮੀ ਬਾਰਿਸ਼ ਨਾਲ ਤਿਆਰ ਫ਼ਸਲਾਂ ਬਰਬਾਦ ਹੋ ਰਹੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਵਧਦੀ ਗਰਮੀ ਕਾਰਨ ਹੁਣ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਹੀ ਸਕੂਲਾਂ ਵਿਚ ਛੁੱਟੀਆਂ ਐਲਾਨਣੀਆਂ ਪੈ ਰਹੀਆਂ ਹਨ।
ਹੋਂਦ ਨੂੰ ਚੁਣੌਤੀ
ਧਰਤੀ ਦੇ ਵਾਯੂਮੰਡਲ ਵਿਚ ਗ੍ਰੀਨਹਾਊਸ ਗੈਸਾਂ ਦਾ ਪੱਧਰ ਅੱਜ ਉਸ ਮੁਕਾਮ ’ਤੇ ਹੈ ਜਿਹੜਾ ਮਨੁੱਖੀ ਇਤਿਹਾਸ ਵਿਚ ਕਦੇ ਨਹੀਂ ਰਿਹਾ। ਰਿਪੋਰਟ ਚਿਤਾਵਨੀ ਦਿੰਦੀ ਹੈ ਕਿ ਜੇਕਰ ਅਸੀਂ ਸਮਾਂ ਰਹਿੰਦੇ ਸਖ਼ਤ ਕਦਮ ਨਹੀਂ ਚੁੱਕੇ ਤਾਂ ਰੁੱਤ ਚੱਕਰ, ਜਿਹੜਾ ਮਨੁੱਖੀ ਸੱਭਿਅਤਾ ਦੇ ਵਧਣ-ਫੁੱਲਣ ਦਾ ਆਧਾਰ ਸੀ, ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।