ਰੋਹਿਣੀ ਜ਼ਿਲ੍ਹੇ ਦੇ ਵਿਜੇ ਵਿਹਾਰ ਥਾਣਾ ਖੇਤਰ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸ਼ਰਾਬ ਦੇਣ ਤੋਂ ਮਨਾਂ ਕਰਨ 'ਤੇ ਇੱਕ ਟੈਂਪੂ ਡਰਾਈਵਰ ਨੂੰ ਜਿਉਂਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮ ਪੀੜਤ ਵਿਅਕਤੀ ਦਾ ਜਾਣਕਾਰ ਹੀ ਹੈ। ਟੈਂਪੂ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤ ਨੂੰ ਪਹਿਲਾਂ ਰੋਹਿਣੀ ਦੇ ਅੰਬੇਡਕਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਏਮਜ਼ (AIIMS) ਰੈਫਰ ਕਰ ਦਿੱਤਾ ਗਿਆ। ਟੈਂਪੂ ਡਰਾਈਵਰ 60 ਫ਼ੀਸਦੀ ਝੁਲਸ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਜ਼ਖ਼ਮੀ ਰਾਕੇਸ਼ (40) ਨੂੰ ਪਹਿਲਾਂ ਹੀ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਲਿਜਾਇਆ ਜਾ ਚੁੱਕਾ ਸੀ। ਰਾਕੇਸ਼ ਪੇਸ਼ੇ ਤੋਂ ਟੈਂਪੂ ਡਰਾਈਵਰ ਹੈ।
ਪੀੜਤ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਜਾਣ-ਪਛਾਣ ਵਾਲੇ ਮੰਨੂ ਉਰਫ਼ ਰਾਜਾ ਨਾਲ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਮੰਨੂ ਨੇ ਹੋਰ ਸ਼ਰਾਬ ਦੀ ਮੰਗ ਕੀਤੀ। ਜਦੋਂ ਰਾਕੇਸ਼ ਨੇ ਮਨਾਂ ਕਰ ਦਿੱਤਾ, ਤਾਂ ਮੁਲਜ਼ਮ ਗੁੱਸੇ ਵਿੱਚ ਆ ਗਿਆ। ਉਸ ਨੇ ਰਾਕੇਸ਼ ਉੱਤੇ ਪੈਟਰੋਲ ਪਾ ਦਿੱਤਾ ਅਤੇ ਬਹਿਸਬਾਜ਼ੀ ਤੋਂ ਬਾਅਦ ਉਸ ਨੂੰ ਅੱਗ ਲਗਾ ਦਿੱਤੀ।
ਪੁਲਿਸ ਅਨੁਸਾਰ 'ਸੂਰਜ ਵਾਸ਼ਿੰਗ ਸੈਂਟਰ' ਨਾਮਕ ਦੁਕਾਨ ਦੇ ਅੰਦਰੋਂ ਸੜੇ ਹੋਏ ਕੱਪੜੇ ਅਤੇ ਅੱਗ ਦੇ ਨਿਸ਼ਾਨ ਵਰਗੇ ਸਬੂਤ ਮਿਲੇ ਹਨ। ਪੀੜਤ ਲਗਭਗ 60 ਫ਼ੀਸਦੀ ਸੜ ਗਿਆ ਹੈ ਅਤੇ ਇਸ ਵੇਲੇ ਉਸਦਾ ਇਲਾਜ ਏਮਜ਼ (AIIMS) ਵਿੱਚ ਚੱਲ ਰਿਹਾ ਹੈ।
ਪੁਲਿਸ ਮੁਤਾਬਕ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਮੁਲਜ਼ਮ ਮੰਨੂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ।