- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
DGP Haryana ਨੇ ਕਿਹਾ ਕਿ ਇੰਸਪੈਕਟਰ ਜਗਦੀਸ਼ ਦੇ ਪਰਿਵਾਰ ਨੂੰ ਪਾਲਿਸੀ ਤਹਿਤ 1 ਕਰੋੜ ਰੁਪਏ ਦੀ ਰਾਸ਼ੀ ਅਤੇ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਹੋਰ ਲਾਭ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਜਾਗਰਣ ਸਬੰਧਤ, ਚੰਡੀਗੜ੍ਹ : ਫਰੀਦਾਬਾਦ 'ਚ ਕਰਵਾਏ ਜਾ ਰਹੇ ਸੂਰਜਕੁੰਡ ਮੇਲੇ 'ਚ ਸ਼ਨੀਵਾਰ ਸ਼ਾਮ ਲਗਪਗ 6:00 ਵਜੇ ਇਕ ਝੂਲਾ ਅਚਾਨਕ ਤਕਨੀਕੀ ਖਰਾਬੀ ਕਾਰਨ ਟੁੱਟ ਕੇ ਡਿੱਗ ਗਿਆ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਘਟਨਾ ਦੇ ਸਮੇਂ ਡਿਊਟੀ 'ਤੇ ਤਾਇਨਾਤ ਇੰਸਪੈਕਟਰ ਜਗਦੀਸ਼ ਨੇ ਮੁਸਤੈਦੀ ਅਤੇ ਦਲੇਰੀ ਦਿਖਾਉਂਦੇ ਹੋਏ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ। ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਦੌਰਾਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਡੀਜੀਪੀ ਅਜੈ ਸਿੰਘਲ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਵਿਛੜੇ ਇੰਸਪੈਕਟਰ ਜਗਦੀਸ਼ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ।
ਡੀਜੀਪੀ ਸਿੰਘਲ ਨੇ ਕਿਹਾ ਕਿ ਇੰਸਪੈਕਟਰ ਜਗਦੀਸ਼ ਦੇ ਪਰਿਵਾਰ ਨੂੰ ਪਾਲਿਸੀ ਤਹਿਤ 1 ਕਰੋੜ ਰੁਪਏ ਦੀ ਰਾਸ਼ੀ ਅਤੇ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਹੋਰ ਲਾਭ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਹਰਿਆਣਾ ਦੇ ਪੁਲਿਸ ਮਹਾਨਿਰਦੇਸ਼ਕ ਅਜੈ ਸਿੰਘਲ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਰਜਕੁੰਡ ਮੇਲੇ 'ਚ ਡਿਊਟੀ ਦੌਰਾਨ ਇੰਸਪੈਕਟਰ ਜਗਦੀਸ਼ ਨੇ ਅਸਾਧਾਰਨ ਬਹਾਦਰੀ, ਫ਼ਰਜ਼ ਨਿਭਾਉਣ ਦੀ ਨਿਸ਼ਠਾ ਅਤੇ ਮਨੁੱਖੀ ਸੰਵੇਦਨਸ਼ੀਲਤਾ ਦੀ ਮਿਸਾਲ ਪੇਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਬਹੁਤ ਚੁਣੌਤੀਪੂਰਨ ਅਤੇ ਜੋਖ਼ਮ ਭਰੀਆਂ ਸਥਿਤੀਆਂ 'ਚ ਵੀ ਉਨ੍ਹਾਂ ਨੇ ਆਪਣੇ ਫ਼ਰਜ਼ਾਂ ਤੋਂ ਪਿੱਛੇ ਹਟਣ ਦੀ ਬਜਾਏ ਲੋਕਾਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੱਤੀ। ਉਨ੍ਹਾਂ ਦੀ ਮੁਸਤੈਦੀ ਅਤੇ ਬਹਾਦਰੀ ਕਾਰਨ ਕਈ ਲੋਕਾਂ ਦੀ ਜਾਨ ਬਚਾਈ ਜਾ ਸਕੀ, ਜੋ ਪੁਲਿਸ ਸੇਵਾ ਦੀਆਂ ਉੱਚ ਪਰੰਪਰਾਵਾਂ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ।
ਡੀਜੀਪੀ ਨੇ ਕਿਹਾ ਕਿ ਇੰਸਪੈਕਟਰ ਜਗਦੀਸ਼ ਦਾ ਯੋਗਦਾਨ ਅਤੇ ਸਮਰਪਣ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ ਅਤੇ ਉਨ੍ਹਾਂ ਦਾ ਦੇਹਾਂਤ ਪੁਲਿਸ ਵਿਭਾਗ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਸੋਗ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਵਿਭਾਗ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹਾ ਹੈ। ਨਾਲ ਹੀ, ਉਨ੍ਹਾਂ ਸਾਰੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੇ ਇਲਾਜ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ।
ਵਿਛੜੇ ਇੰਸਪੈਕਟਰ ਜਗਦੀਸ਼ ਜ਼ਿਲ੍ਹਾ ਮਥੁਰਾ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਜਨਮ 05 ਮਾਰਚ 1968 ਨੂੰ ਹੋਇਆ ਸੀ। ਉਹ 31 ਜਨਵਰੀ 2026 ਨੂੰ ਪੁਲਿਸ ਲਾਈਨ ਪਲਵਲ ਤੋਂ ਸੂਰਜਕੁੰਡ ਮੇਲਾ ਡਿਊਟੀ ਲਈ ਤਾਇਨਾਤ ਕੀਤੇ ਗਏ ਸਨ। ਆਪਣੇ ਫ਼ਰਜ਼ਾਂ ਪ੍ਰਤੀ ਨਿਸ਼ਠਾ, ਅਨੁਸ਼ਾਸਨ ਅਤੇ ਕਰਤੱਵਪਾਲਣਾ ਲਈ ਉਹ ਵਿਭਾਗ ਵਿੱਚ ਜਾਣੇ ਜਾਂਦੇ ਸਨ।
ਹਾਦਸੇ 'ਚ ਨੀਲਮ (ਮਹਿਲਾ ਸਹਾਇਕ ਸਬ-ਇੰਸਪੈਕਟਰ), ਸੁਨੀਲ (ਮਹਿੰਦਰਗੜ੍ਹ), ਹਰਸ਼ ਪ੍ਰਕਾਸ਼ (ਗ੍ਰੇਟਰ ਨੋਇਡਾ), ਪ੍ਰਸ਼ਾਂਤ (ਧੌਲਪੁਰ, ਰਾਜਸਥਾਨ), ਅਨੀਸ਼ਾ (ਫਰੀਦਾਬਾਦ), ਸ਼ਿਵਾਨੀ (ਨੋਇਡਾ) ਅਤੇ ਪਰਵਿੰਦਰ ਜ਼ਖ਼ਮੀ ਹੋਏ ਹਨ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।