ਜਸਟਿਸ ਕੇਵੀ ਵਿਸ਼ਵਨਾਥਨ ਅਤੇ ਜਸਟਿਸ ਅਤੁਲ ਚੰਦੂਰਕਰ ਦੀ ਬੈਂਚ ਨੇ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 306 ਦੇ ਤਹਿਤ ਕੇਸ ਉਦੋਂ ਹੀ ਬਣਦਾ ਹੈ, ਜਦੋਂ ਇਹ ਦਿਖਾਇਆ ਜਾਵੇ ਕਿ ਮੁਲਜ਼ਮ ਨੇ ਜਾਣਬੁੱਝ ਕੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੁਦਕੁਸ਼ੀ ਲਈ ਉਕਸਾਇਆ ਹੋਵੇ। ਜ਼ਿਕਰਯੋਗ ਹੈ ਕਿ ਇਹ ਫੈਸਲਾ ਛੱਤੀਸਗੜ੍ਹ ਦੇ ਇਕ ਮਾਮਲੇ 'ਚ ਆਇਆ ਜਿੱਥੇ ਇਕ ਵਿਅਕਤੀ 'ਤੇ ਦੋਸ਼ ਸੀ ਕਿ ਉਸਦੇ ਮ੍ਰਿਤਕ ਦੀ ਪਤਨੀ ਨਾਲ ਕਥਿਤ ਸਬੰਧ ਸਨ; ਜਿਸ ਤੋਂ ਪਰੇਸ਼ਾਨ ਹੋ ਕੇ ਉਸਦੇ ਪਤੀ ਨੇ ਖੁਦਕੁਸ਼ੀ ਕਰ ਲਈ।

ਡਿਜੀਟਲ ਡੈਸਕ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਾਫ਼ ਕਰ ਦਿੱਤਾ ਕਿ ਜੇਕਰ ਕੋਈ ਵਿਅਕਤੀ ਵਿਆਹ ਬਾਹਰੀ ਰਿਸ਼ਤੇ 'ਚ ਹੈ ਤਾਂ ਸਿਰਫ਼ ਇਸ ਆਧਾਰ 'ਤੇ ਉਸਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ 'ਚ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਮੁਲਜ਼ਮ ਨੇ ਖੁਦਕੁਸ਼ੀ ਲਈ ਉਕਸਾਉਣ ਵਿੱਚ ਕੋਈ ਸਰਗਰਮ ਭੂਮਿਕਾ ਨਿਭਾਈ ਹੋਵੇ।
ਜਸਟਿਸ ਕੇਵੀ ਵਿਸ਼ਵਨਾਥਨ ਅਤੇ ਜਸਟਿਸ ਅਤੁਲ ਚੰਦੂਰਕਰ ਦੀ ਬੈਂਚ ਨੇ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 306 ਦੇ ਤਹਿਤ ਕੇਸ ਉਦੋਂ ਹੀ ਬਣਦਾ ਹੈ, ਜਦੋਂ ਇਹ ਦਿਖਾਇਆ ਜਾਵੇ ਕਿ ਮੁਲਜ਼ਮ ਨੇ ਜਾਣਬੁੱਝ ਕੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੁਦਕੁਸ਼ੀ ਲਈ ਉਕਸਾਇਆ ਹੋਵੇ। ਜ਼ਿਕਰਯੋਗ ਹੈ ਕਿ ਇਹ ਫੈਸਲਾ ਛੱਤੀਸਗੜ੍ਹ ਦੇ ਇਕ ਮਾਮਲੇ 'ਚ ਆਇਆ ਜਿੱਥੇ ਇਕ ਵਿਅਕਤੀ 'ਤੇ ਦੋਸ਼ ਸੀ ਕਿ ਉਸਦੇ ਮ੍ਰਿਤਕ ਦੀ ਪਤਨੀ ਨਾਲ ਕਥਿਤ ਸਬੰਧ ਸਨ; ਜਿਸ ਤੋਂ ਪਰੇਸ਼ਾਨ ਹੋ ਕੇ ਉਸਦੇ ਪਤੀ ਨੇ ਖੁਦਕੁਸ਼ੀ ਕਰ ਲਈ।
ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਮੁਲਜ਼ਮ ਖ਼ਿਲਾਫ਼ ਚੱਲ ਰਹੀ ਕਾਰਵਾਈ ਨੂੰ ਰੱਦ ਕਰ ਦਿੱਤਾ ਅਤੇ ਛੱਤੀਸਗੜ੍ਹ ਹਾਈ ਕੋਰਟ ਦੇ ਉਸ ਹੁਕਮ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਨੇ ਸਾਫ਼ ਕਿਹਾ ਕਿ ਭਾਵੇਂ ਨਾਜਾਇਜ਼ ਸਬੰਧਾਂ ਦੀ ਗੱਲ ਮੰਨ ਵੀ ਲਈ ਜਾਵੇ ਪਰ ਇਸ ਵਿਚ ਖੁਦਕੁਸ਼ੀ ਲਈ ਉਕਸਾਉਣ ਦਾ ਅਪਰਾਧਿਕ ਇਰਾਦਾ ਨਹੀਂ ਦਿਖਦਾ। ਬੈਂਚ ਨੇ ਇਹ ਵੀ ਕਿਹਾ ਕਿ ਅਜਿਹਾ ਕੋਈ ਦੋਸ਼ ਨਹੀਂ ਹੈ ਕਿ, ਮੁਲਜ਼ਮ ਨੇ ਸਿੱਧੇ ਤੌਰ 'ਤੇ ਖੁਦਕੁਸ਼ੀ ਲਈ ਉਕਸਾਇਆ ਜਾਂ ਕਿਸੇ ਤਰ੍ਹਾਂ ਦੀ ਮਦਦ ਕੀਤੀ ਹੋਵੇ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਇਹ ਵੀ ਕਿਹਾ ਕਿ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਸਾਬਤ ਕਰਨ ਲਈ ਮੁਲਜ਼ਮ ਦੇ ਕਿਸੇ ਸਰਗਰਮ ਕੰਮ (Active Act) ਦਾ ਠੋਸ ਸਬੂਤ ਹੋਣਾ ਜ਼ਰੂਰੀ ਹੈ। ਨਾਲ ਹੀ, ਉਕਸਾਉਣ ਅਤੇ ਖੁਦਕੁਸ਼ੀ ਦੇ ਵਿਚਕਾਰ ਇੱਕ ਸਪਸ਼ਟ ਅਤੇ ਨਜ਼ਦੀਕੀ ਸਬੰਧ ਵੀ ਹੋਣਾ ਚਾਹੀਦਾ ਹੈ।
ਅਦਾਲਤ ਨੇ ਇਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਕਿ ਸਾਥੀ ਦੀ ਮੌਜੂਦਗੀ 'ਚ ਹੋਈ ਬੇਇੱਜ਼ਤੀ ਨੂੰ ਆਪਣੇ ਆਪ ਵਿੱਚ ਉਕਸਾਉਣਾ ਮੰਨਿਆ ਜਾ ਸਕਦਾ ਹੈ। ਹਾਲਾਂਕਿ, ਇਹ ਰਾਹਤ ਸਿਰਫ਼ ਉਸ ਵਿਅਕਤੀ ਨੂੰ ਮਿਲੀ ਹੈ, ਕਿਉਂਕਿ ਮ੍ਰਿਤਕ ਦੀ ਪਤਨੀ, ਜੋ ਇਸ ਕੇਸ ਵਿਚ ਦੂਜੀ ਮੁਲਜ਼ਮ ਹੈ, ਉਸਨੇ ਆਪਣੇ ਖ਼ਿਲਾਫ਼ ਚੱਲ ਰਹੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਨਹੀਂ ਦਿੱਤੀ ਸੀ, ਇਸ ਲਈ ਉਸਦੇ ਖ਼ਿਲਾਫ਼ ਕੇਸ ਜਾਰੀ ਰਹੇਗਾ।