- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਸਥਿਤੀ ’ਚ ਇਹ ਹਿਮਾਲਿਆ ਦੇ ਉੱਪਰ ਵਹਿੰਦੀ ਹੈ, ਪਰ ਇਸ ਵਾਰ ਇਸ ਦੇ ਹੇਠਾਂ ਆਉਣ ਨਾਲ ਪੱਛਮੀ ਗੜਬੜੀ ਸਿੱਧਾ ਉੱਤਰ ਭਾਰਤ ’ਚ ਪ੍ਰਵੇਸ਼ ਕਰ ਰਹੀ ਹੈ ਤੇ ਮੌਸਮ ’ਤੇ ਡੂੰਘਾ ਅਸਰ ਪਾ ਰਹੀ ਹੈ। ਭੂਮੱਥ ਸਾਗਰ ਖੇਤਰ ’ਚ ਵਧੀ ਹੋਈ ਨਮੀ ਵੀ ਈਰਾਨ ਤੋਂ ਲੈ ਕੇ ਪਾਕਿਸਤਾਨ ਤੇ ਭਾਰਤ ਦੇ ਮੌਸਮ ’ਤੇ ਫ਼ਰਕ ਪਾ ਰਹੀ ਹੈ। ਉਥੇ ਸਮੁੰਦਰ ਦਾ ਤਾਪਮਾਨ ਆਮ ਤੋਂ ਵੱਧ ਰਹਿਣ ਕਾਰਨ ਬਣਨ ਵਾਲੇ ਮੌਸਮ ਤੰਤਰ ਵੱਧ ਤਾਕਤਵਰ ਹੋ ਰਹੇ ਹਨ।

ਅਰਵਿੰਦ ਸ਼ਰਮਾ, ਜਾਗਰਣ ਨਵੀਂ ਦਿੱਲੀ : ਮਾਰਚ ਦੇ ਦੂਜੇ ਪੰਦਰਵਾੜੇ ’ਚ ਉੱਤਰ ਭਾਰਤ ਦਾ ਮੌਸਮ ਤੇਜ਼ੀ ਨਾਲ ਬਦਲਿਆ ਹੈ। ਅੱਗੇ ਵੀ ਅਜਿਹੇ ਹਾਲਾਤ ਜਾਰੀ ਰਹਿ ਸਕਦੇ ਹਨ। ਇਸ ਮਹੀਨੇ ਦੇ ਸ਼ੁਰੂ ’ਚ ਤੇਜ਼ੀ ਨਾਲ ਗਰਮੀ ਵਧਣ ਦਾ ਸੰਕੇਤ ਮਿਲਣ ਲੱਗਾ ਸੀ, ਪਰ ਮਹੀਨੇ ਦੇ ਮੱਧ ’ਚ ਆਉਂਦੇ-ਆਉਂਦੇ ਬਾਰਿਸ਼, ਤੂਫ਼ਾਨ ਤੇ ਤੇਜ਼ੀ ਨਾਲ ਡਿੱਗਦੇ ਤਾਪਮਾਨ ਨੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਮੌਸਮ ਵਿਗਿਆਨੀ ਇਸ ਨੂੰ ਆਮ ਉਤਰਾਅ-ਚੜ੍ਹਾਅ ਨਹੀਂ, ਬਲਕਿ ਕਈ ਵੱਖ-ਵੱਖ ਆਲਮੀ ਕੁਦਰਤੀ ਕਾਰਨਾਂ (ਮਲਟੀ-ਫੈਕਟਰ ਕਲਾਈਮੇਟ ਇਵੈਂਟ) ਨੂੰ ਸਮੁੱਚੇ ਤੌਰ ’ਤੇ ਦੇਖ ਰਹੇ ਹਨ। ਜੈੱਟ ਸਟ੍ਰੀਮ, ਭੂਮੱਧ ਸਾਗਰ ਦੀ ਨਮੀ, ਆਰਕਟਿਕ ਵਾਰਮਿੰਗ ਤੇ ਲਾ-ਨੀਨਾ ਵਰਗੇ ਮੁੱਖ ਕਾਰਕ ਇਕੱਠੇ ਸਰਗਰਮ ਹੋ ਗਏ ਹਨ। ਦੇਸ਼ ਦੇ ਮੌਸਮ ਵਿਭਾਗ (ਆਈਐੱਮਡੀ) ਦਾ ਮੰਨਣਾ ਹੈ ਕਿ ਅੱਗੇ ਵੀ ਮੌਸਮ ’ਚ ਅਜਿਹੀ ਗ਼ੈਰਯਕੀਨ ਬਣੀ ਰਹਿ ਸਕਦੀ ਹੈ।
ਮਾਰਚ ਦੇ ਸ਼ੁਰੂ ’ਚ ਤੇਜ਼ੀ ਨਾਲ ਵਧਦੇ ਤਾਪਮਾਨ ਨਾਲ ਇਕ ਵਾਰ ਅਜਿਹਾ ਲੱਗਣ ਲੱਗਾ ਸੀ ਕਿ ਇਸ ਵਾਰ ਬਹੁਤ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਹ ਹਾਲਾਤ ਜ਼ਿਆਦਾ ਦਿਨਾਂ ਤੱਕ ਨਹੀਂ ਰਹਿ ਸਕੇ। ਦੋ ਹਫ਼ਤੇ ਬਾਅਦ ਹੀ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਵੱਡੇ ਖੇਤਰ ’ਚ ਬੱਦਲ, ਬਾਰਿਸ਼ ਤੇ ਤੇਜ਼ ਹਵਾਵਾਂ ਨੇ ਮੌਸਮ ਨੂੰ ਪੂਰੀ ਤਰ੍ਹਾਂ ਠੰਢਾ ਕਰ ਦਿੱਤਾ। ਕਈ ਇਲਾਕਿਆਂ ’ਚ ਤਾਪਮਾਨ ਆਮ ਤੋਂ ਪੰਜ ਡਿਗਰੀ ਤੱਕ ਹੇਠਾਂ ਚਲਾ ਗਿਆ, ਜਿਸ ਨਾਲ ਮਾਰਚ ’ਚ ਠੰਢ ਦਾ ਅਹਿਸਾਸ ਹੋਣ ਲੱਗਾ।
ਮੌਸਮ ਵਿਗਿਆਨੀਆਂ ਮੁਤਾਬਕ, ਇਸ ਤਬਦੀਲੀ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਲਗਾਤਾਰ ਸਰਗਰਮ ਹੋ ਰਹੀਆਂ ਪੱਛਮੀ ਗੜਬੜੀਆਂ ਹਨ। ਇਕ ਤੋਂ ਬਾਅਦ ਇਕ ਕਈ ਸਿਸਟਮ ਉੱਤਰ ਭਾਰਤ ਪੁੱਜ ਰਹੇ ਹਨ, ਜਿਸ ਨਾਲ ਬੱਦਲ ਬਣਨ ਤੇ ਬਾਰਿਸ਼ ਹੋਣ ਦੀ ਪ੍ਰਕਿਰਿਆ ਦਾ ਦੁਹਰਾਅ ਹੋ ਰਿਹਾ ਹੈ। ਇਸ ਕਾਰਨ ਮੌਸਮ ਸਥਿਰ ਨਹੀਂ ਹੋ ਪਾ ਰਿਹਾ ਹੈ ਤੇ ਵਾਰ-ਵਾਰ ਬਦਲ ਰਿਹਾ ਹੈ। ਹਾਲਾਂਕਿ, ਵਿਗਿਆਨੀ ਇਸ ਨੂੰ ਸਿਰਫ਼ ਪੱਛਮੀ ਗੜਬੜੀ ਤੱਕ ਸੀਮਤ ਨਹੀਂ ਮੰਨ ਰਹੇ। ਇਸ ਪਿੱਛੇ ਆਲਮੀ ਪੱਧਰ ’ਤੇ ਹੋ ਰਹੀਆਂ ਤਬਦੀਲੀਆਂ ਨੂੰ ਵੀ ਵੱਡਾ ਕਾਰਨ ਦੱਸ ਰਹੇ ਹਨ। ਇਨ੍ਹਾਂ ’ਚ ਜੈੱਟ ਸਟ੍ਰੀਮ ਦਾ ਦੱਖਣ ਵੱਲ ਖਿਸਕਣਾ ਵੀ ਸ਼ਾਮਲ ਹੈ।
ਆਮ ਸਥਿਤੀ ’ਚ ਇਹ ਹਿਮਾਲਿਆ ਦੇ ਉੱਪਰ ਵਹਿੰਦੀ ਹੈ, ਪਰ ਇਸ ਵਾਰ ਇਸ ਦੇ ਹੇਠਾਂ ਆਉਣ ਨਾਲ ਪੱਛਮੀ ਗੜਬੜੀ ਸਿੱਧਾ ਉੱਤਰ ਭਾਰਤ ’ਚ ਪ੍ਰਵੇਸ਼ ਕਰ ਰਹੀ ਹੈ ਤੇ ਮੌਸਮ ’ਤੇ ਡੂੰਘਾ ਅਸਰ ਪਾ ਰਹੀ ਹੈ। ਭੂਮੱਥ ਸਾਗਰ ਖੇਤਰ ’ਚ ਵਧੀ ਹੋਈ ਨਮੀ ਵੀ ਈਰਾਨ ਤੋਂ ਲੈ ਕੇ ਪਾਕਿਸਤਾਨ ਤੇ ਭਾਰਤ ਦੇ ਮੌਸਮ ’ਤੇ ਫ਼ਰਕ ਪਾ ਰਹੀ ਹੈ। ਉਥੇ ਸਮੁੰਦਰ ਦਾ ਤਾਪਮਾਨ ਆਮ ਤੋਂ ਵੱਧ ਰਹਿਣ ਕਾਰਨ ਬਣਨ ਵਾਲੇ ਮੌਸਮ ਤੰਤਰ ਵੱਧ ਤਾਕਤਵਰ ਹੋ ਰਹੇ ਹਨ।
ਇਹੀ ਸਿਸਮਟ ਭਾਰਤ ਪੁੱਜ ਕੇ ਤੂਫ਼ਾਨ ਦੇ ਨਾਲ ਬਾਰਿਸ਼ ਨੂੰ ਤੇਜ਼ ਕਰ ਰਿਹਾ ਹੈ। ਆਰਕਟਿਕ ਖੇਤਰ ’ਚ ਵਧਦੀ ਗਰਮੀ ਨੂੰ ਵੀ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ, ਜਿਸ ਨੂੰ ਆਰਕਟਿਕ ਐਮਪਲੀਫਿਕੇਸ਼ਨ ਕਿਹਾ ਜਾਂਦਾ ਹੈ। ਇਸ ਨਾਲ ਆਲਮੀ ਪੱਧਰ ’ਤੇ ਠੰਢੀਆਂ ਤੇ ਗਰਮ ਹਵਾਵਾਂ ਦਾ ਸੰਤੁਲਨ ਵਿਗੜ ਰਿਹਾ ਹੈ। ਜੈੱਟ ਸਟ੍ਰੀਮ ’ਚ ਲਹਿਰਾਂ ਵਧ ਰਹੀਆਂ ਹਨ, ਜਿਸ ਨਾਲ ਮੌਸਮ ਦਾ ਪੈਟਰਨ ਵੱਧ ਅਸਥਿਰ ਤੇ ਗ਼ੈਰਯਕੀਨੀ ਹੁੰਦਾ ਜਾ ਰਿਹਾ ਹੈ। ਲਾ-ਨੀਨਾ ਦੀ ਕਮਜ਼ੋਰ ਹੁੰਦੀ ਸਥਿਤੀ ਨੂੰ ਵੀ ਮੌਸਮ ਤਬਦੀਲੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਲਾ-ਨੀਨਾ ਹੁਣ ਨਿਊਟ੍ਰਲ ਸਥਿਤੀ ਵੱਲ ਵਧ ਰਿਹਾ ਹੈ। ਇਸ ਦੌਰਾਨ ਆਲਮੀ ਮੌਸਮ ਪ੍ਰਣਾਲੀ ’ਚ ਅਸਥਿਰਤਾ ਵਧ ਜਾਂਦੀ ਹੈ, ਜਿਸ ਦਾ ਅਸਰ ਭਾਰਤ ਸਮੇਤ ਕਈ ਖੇਤਰਾਂ ’ਚ ਦਿਖਾਈ ਦਿੰਦਾ ਹੈ।
ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਵੀ ਪੱਛਮੀ ਗੜਬੜੀ ਸਰਗਰਮ ਰਹਿ ਸਕਦੀ ਹੈ, ਜਿਸ ਨਾਲ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਦੀਆਂ ਸਥਿਤੀਆਂ ਬਣੀਆਂ ਰਹਿ ਸਕਦੀਆਂ ਹਨ। ਮਾਰਚ ’ਚ ਹੁਣ ਹਫ਼ਤੇ ਤੋਂ ਵੱਧ ਸਮਾਂ ਬਾਕੀ ਹੈ। ਇਸ ਦੌਰਾਨ ਦੋ ਪੱਛਮੀ ਗੜਬੜੀਆਂ ਆਉਣ ਦੀ ਸੰਭਾਵਨਾ ਹੈ। ਅਪ੍ਰੈਲ ਦੀ ਸ਼ੁਰੂਆਤ ’ਚ ਹੀ ਇਹ ਸਿਲਸਿਲਾ ਕਾਇਮ ਰਹਿ ਸਕਦਾ ਹੈ, ਜੋ ਹੀਟ ਵੇਵ ਨੂੰ ਕੰਟਰੋਲ ’ਚ ਰੱਖ ਸਕਦਾ ਹੈ।