ਓਮਾਨ ਤੇ ਸਾਊਦੀ ਅਰਬ ਤੋਂ ਵੀ ਭਾਰਤ ਲਈ ਉਡਾਣਾਂ ਦਾ ਸੰਚਾਲਨ ਜਾਰੀ ਹੈ। ਕਤਰ ਦਾ ਹਵਾਈ ਖੇਤਰ ਅੰਸ਼ਕ ਤੌਰ ’ਤੇ ਖੁੱਲ੍ਹਣ ਕਾਰਨ ਸ਼ੁੱਕਰਵਾਰ ਨੂੰ ਕਤਰ ਏਅਰਵੇਜ਼ ਵੱਲੋਂ ਭਾਰਤ ਲਈ 10 ਨਾਨ-ਸ਼ਡਿਊਲਡ ਕਮਰਸ਼ੀਅਲ ਉਡਾਣਾਂ ਚੱਲਣ ਦੀ ਉਮੀਦ ਹੈ।

ਨਵੀਂ ਦਿੱਲੀ (ਏਜੰਸੀ) : ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਦੌਰਾਨ ਖਾੜੀ ਖੇਤਰ ਦੇ ਵੱਖ-ਵੱਖ ਹਿੱਸਿਆਂ ’ਚ ਵਾਪਰੀਆਂ ਘਟਨਾਵਾਂ ਵਿਚ ਛੇ ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ ਜਦਕਿ ਇਕ ਨਾਗਰਿਕ ਹਾਲੇ ਵੀ ਲਾਪਤਾ ਹੈ। ਮੰਤਰਾਲੇ ਨੇ ਕਿਹਾ ਕਿ ਸਾਊਦੀ ਅਰਬ, ਓਮਾਨ, ਇਰਾਕ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਸਥਿਤ ਭਾਰਤੀ ਦੂਤਘਰ ਸਹਾਇਤਾ ਦੇਣ ਅਤੇ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ।
ਅੰਤਰ-ਮੰਤਰਾਲੀ ਬ੍ਰੀਫਿੰਗ ਵਿਚ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਖਾੜੀ) ਅਸੀਮ ਆਰ. ਮਹਾਜਨ ਨੇ ਦੱਸਿਆ ਕਿ ਖਾੜੀ ਖੇਤਰ ਤੋਂ ਯਾਤਰਾ ਦੀ ਸਥਿਤੀ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਭਾਰਤੀ ਪਹਿਲਾਂ ਹੀ ਸਵਦੇਸ਼ ਪਰਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੇਤਰ ਤੋਂ ਵਾਧੂ ਉਡਾਣਾਂ ਚਲਾਉਣ ਨਾਲ ਸਥਿਤੀ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। 28 ਫਰਵਰੀ ਤੋਂ ਹੁਣ ਤੱਕ ਇਸ ਖੇਤਰ ਤੋਂ ਲਗਪਗ ਤਿੰਨ ਲੱਖ ਯਾਤਰੀ ਭਾਰਤ ਵਾਪਸ ਆ ਚੁੱਕੇ ਹਨ।
ਨਾਨ-ਸ਼ਡਿਊਲਡ ਉਡਾਣਾਂ ਦਾ ਸੰਚਾਲਨ ਜਾਰੀ
ਮਹਾਜਨ ਨੇ ਕਿਹਾ ਕਿ ਯੂਏਈ ਤੋਂ ਏਅਰਲਾਈਨਜ਼ ਆਪ੍ਰੇਸ਼ਨ ਤੇ ਸੁਰੱਖਿਆ ਸਬੰਧੀ ਪਹਿਲੂਆਂ ਦੇ ਆਧਾਰ ’ਤੇ ਸੀਮਤ ਗਿਣਤੀ ਵਿਚ ਨਾਨ-ਸ਼ਡਿਊਲਡ ਉਡਾਣਾਂ ਦਾ ਸੰਚਾਲਨ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਯੂਏਈ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਭਾਰਤ ਲਈ ਲਗਪਗ 90 ਉਡਾਣਾਂ ਚੱਲਣ ਦੀ ਉਮੀਦ ਹੈ। ਓਮਾਨ ਤੇ ਸਾਊਦੀ ਅਰਬ ਤੋਂ ਵੀ ਭਾਰਤ ਲਈ ਉਡਾਣਾਂ ਦਾ ਸੰਚਾਲਨ ਜਾਰੀ ਹੈ। ਕਤਰ ਦਾ ਹਵਾਈ ਖੇਤਰ ਅੰਸ਼ਕ ਤੌਰ ’ਤੇ ਖੁੱਲ੍ਹਣ ਕਾਰਨ ਸ਼ੁੱਕਰਵਾਰ ਨੂੰ ਕਤਰ ਏਅਰਵੇਜ਼ ਵੱਲੋਂ ਭਾਰਤ ਲਈ 10 ਨਾਨ-ਸ਼ਡਿਊਲਡ ਕਮਰਸ਼ੀਅਲ ਉਡਾਣਾਂ ਚੱਲਣ ਦੀ ਉਮੀਦ ਹੈ। ਕੁਵੈਤ ਦਾ ਹਵਾਈ ਖੇਤਰ ਹਾਲੇ ਵੀ ਬੰਦ ਹੈ। ਉਮੀਦ ਹੈ ਕਿ ਕੁਵੈਤ ਏਅਰਵੇਜ਼ ਸਾਊਦੀ ਅਰਬ ਦੇ ਅਲ ਕੈਸੁਮਾ-ਹਫਰ ਅਲ ਬਾਤਿਨ ਹਵਾਈ ਅੱਡੇ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਲਈ ਵਿਸ਼ੇਸ਼ ਨਾਨ-ਸ਼ਡਿਊਲਡ ਕਮਰਸ਼ੀਅਲ ਉਡਾਣਾਂ ਸ਼ੁਰੂ ਕਰੇਗਾ, ਪਹਿਲੀ ਉਡਾਣ ਸ਼ੁੱਕਰਵਾਰ ਨੂੰ ਕੋਚੀ ਲਈ ਹੋਵੇਗੀ। ਨਾਲ ਹੀ ਕਿਹਾ ਕਿ ਬਹਿਰੀਨ ਦਾ ਹਵਾਈ ਖੇਤਰ ਹਾਲੇ ਵੀ ਬੰਦ ਹੈ। ਬਹਿਰੀਨ ਦੀ ਗਲਫ ਏਅਰ ਵੱਲੋਂ ਸਾਊਦੀ ਅਰਬ ਦੇ ਦੰਮਮ ਹਵਾਈ ਅੱਡੇ ਤੋਂ ਭਾਰਤ ਲਈ ਵਿਸ਼ੇਸ਼ ਨਾਨ-ਸ਼ਡਿਊਲਡ ਕਮਰਸ਼ੀਅਲ ਉਡਾਣਾਂ ਜਾਰੀ ਹਨ।
ਪੀਐਮ ਨੇ ਪੰਜ ਦੇਸ਼ਾਂ ਦੇ ਆਗੂਆਂ ਨਾਲ ਕੀਤੀ ਗੱਲ
ਅੰਤਰ-ਮੰਤਰਾਲੀ ਬ੍ਰੀਫਿੰਗ ਵਿਚ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੰਜ ਆਲਮੀ ਆਗੂਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਓਮਾਨ, ਮਲੇਸ਼ੀਆ, ਫਰਾਂਸ, ਜਾਰਡਨ ਅਤੇ ਕਤਰ ਦੇ ਆਗੂਆਂ ਨਾਲ ਗੱਲ ਕੀਤੀ। ਇਸ ਵਿਚ ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ’ਤੇ ਭਾਰਤ ਦਾ ਪੱਖ ਰੱਖਿਆ। ਉਨ੍ਹਾਂ ਨੇ ਤਣਾਅ ਘਟਾਉਣ ਅਤੇ ਉਸ ਤੋਂ ਬਾਅਦ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਲਈ ਗੱਲਬਾਤ ਤੇ ਕੂਟਨੀਤੀ ਨੂੰ ਤਰਜੀਹ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਊਰਜਾ ਢਾਂਚੇ ’ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਪ੍ਰਧਾਨ ਮੰਤਰੀ ਅਤੇ ਵੱਖ-ਵੱਖ ਆਗੂਆਂ ਨੇ ਹੋਰਮੁਜ਼ ਸਟ੍ਰੇਟ ਤੋਂ ਸੁਰੱਖਿਅਤ ਤੇ ਮੁਕਤ ਆਵਾਜਾਈ ਪ੍ਰਤੀ ਆਪਣਾ ਸਮਰਥਨ ਦੁਹਰਾਇਆ।