ਈਰਾਨ ਦੀ ਇਜਾਜ਼ਤ ਨਾਲ ਹੋਰਮੁਜ਼ ਜਲਡਮਰੂਮੱਧ ਤੋਂ ਨਿਕਲੇ ਦੋ ਵੱਡੇ ਗੈਸ ਜਹਾਜ਼ਾਂ ਦੇ ਅਗਲੇ ਦੋ ਦਿਨਾਂ ਅੰਦਰ ਭਾਰਤੀ ਬੰਦਰਗਾਹ ’ਤੇ ਆਉਣ ਤੋਂ ਬਾਅਦ ਸਪਲਾਈ ਵਿਚ ਹੋਰ ਸੁਧਾਰ ਹੋਵੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਪੱਛਮੀ ਏਸ਼ੀਆ ਵਿਚ ਜਾਰੀ ਤਣਾਅ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਐੱਲਪੀਜੀ ਸਪਲਾਈ ਬਾਰੇ ਬਣੀ ਚਿੰਤਾ ਦਰਮਿਆਨ ਰਾਹਤ ਦੇ ਸੰਕੇਤ ਮਿਲਣ ਲੱਗੇ ਹਨ। ਸਰਕਾਰੀ ਤੇ ਕਾਰੋਬਾਰੀ ਸੂਤਰਾਂ ਮੁਤਾਬਕ, ਅਗਲੇ ਇਕ ਹਫ਼ਤੇ ਅੰਦਰ ਦੇਸ਼ ’ਚ ਐੱਲਪੀਜੀ ਦੀ ਸਪਲਾਈ ਵਿਚ ਕਾਫ਼ੀ ਸੁਧਾਰ ਹੋਣ ਦੀ ਸੰਭਾਵਨਾ ਹੈ। ਈਰਾਨ ਦੀ ਇਜਾਜ਼ਤ ਨਾਲ ਹੋਰਮੁਜ਼ ਜਲਡਮਰੂਮੱਧ ਤੋਂ ਨਿਕਲੇ ਦੋ ਵੱਡੇ ਗੈਸ ਜਹਾਜ਼ਾਂ ਦੇ ਅਗਲੇ ਦੋ ਦਿਨਾਂ ਅੰਦਰ ਭਾਰਤੀ ਬੰਦਰਗਾਹ ’ਤੇ ਆਉਣ ਤੋਂ ਬਾਅਦ ਸਪਲਾਈ ਵਿਚ ਹੋਰ ਸੁਧਾਰ ਹੋਵੇਗਾ। ਉੱਧਰ, ਸਰਕਾਰੀ ਤੇਲ ਕੰਪਨੀਆਂ ਵੱਲੋਂ ਦੇਸ਼ ਭਰ ਵਿਚ ਐੱਲਪੀਜੀ ਸਪਲਾਈ ਵਧਾਉਣ ਦਾ ਵੀ ਅਸਰ ਦਿਖਾਈ ਦੇ ਰਿਹਾ ਹੈ। ਸ਼ਨਿਚਰਵਾਰ ਨੂੰ ਦੇਸ਼ ਭਰ ’ਚ ਲਗਪਗ 77 ਲੱਖ ਐੱਲਪੀਜੀ ਬੁਕਿੰਗ ਦਰਜ ਕੀਤੀਆਂ ਗਈਆਂ ਜਦਕਿ ਸ਼ੁੱਕਰਵਾਰ ਨੂੰ 88.8 ਲੱਖ ਬੁਕਿੰਗ ਹੋਈਆਂ ਸਨ। ਆਨਲਾਈਨ ਐੱਲਪੀਜੀ ਬੁਕਿੰਗ 84 ਫ਼ੀਸਦੀ ਤੋਂ ਵੱਧ ਕੇ ਲਗਪਗ 87 ਫ਼ੀਸਦੀ ਹੋ ਗਈ ਹੈ। ਐਤਵਾਰ ਨੂੰ ਵੀ ਕੇਂਦਰੀ ਪੈਟਰੋਲੀਅਮ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੀ ਕਈ ਸੂਬਿਆਂ ਦੇ ਅਧਿਕਾਰੀਆਂ ਤੇ ਹੋਰ ਏਜੰਸੀਆਂ ਨਾਲ ਚਰਚਾ ਹੋਈ ਤਾਂ ਜੋ ਐੱਲਪੀਜੀ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਵਰਗੀਆਂ ਘਟਨਾਵਾਂ ਨਾ ਹੋਣ।
ਪੈਟਰੋਲੀਅਮ ਸੈਕਟਰ ਦੇ ਸੂਤਰਾਂ ਨੇ ਦੱਸਿਆ ਕਿ ਹੋਰਮੁਜ਼ ਜਲਮਾਰਗ ਦੇ ਪੱਛਮ ਵਿਚ ਫਸੇ 22 ਭਾਰਤੀ ਜਹਾਜ਼ਾਂ ਨੂੰ ਰਸਤਾ ਦੇਣ ਲਈ ਵੀ ਲਗਾਤਾਰ ਕੂਟਨੀਤਕ ਗੱਲਬਾਤ ਜਾਰੀ ਹੈ। ਇਸ ਵਿਚ ਚਾਰ ਕੱਚੇ ਤੇਲ, ਛੇ ਐੱਲਪੀਜੀ ਅਤੇ ਇਕ ਐੱਲਐੱਨਜੀ ਟੈਂਕਰ ਸ਼ਾਮਲ ਹਨ ਜਦਕਿ ਕੁਝ ਕਾਰਗੋ ਜਹਾਜ਼ ਵੀ ਹਨ। ਭਾਰਤ ਯਕੀਨੀ ਤੌਰ ’ਤੇ ਕੱਚੇ ਤੇਲ ਅਤੇ ਐੱਲਪੀਜੀ ਨਾਲ ਭਰੇ ਟੈਂਕਰਾਂ ਨੂੰ ਤਰਜੀਹ ਦੇਵੇਗਾ। ਇਸ ਬਾਰੇ ਗੱਲਬਾਤ ਦਾ ਨਤੀਜਾ ਕਦੇ ਵੀ ਸਾਹਮਣੇ ਆ ਸਕਦਾ ਹੈ। ਇਸ ਤੋਂ ਇਲਾਵਾ ਭਾਰਤੀ ਤੇਲ ਕੰਪਨੀਆਂ ਨੇ ਹਾਲੀਆ ਦਿਨਾਂ ਵਿਚ ਸਪਲਾਈ ਵਿਭਿੰਨਤਾ ਦੀ ਰਣਨੀਤੀ ਤਹਿਤ ਅਮਰੀਕਾ ਤੋਂ ਐੱਲਐੱਨਜੀ ਦੀ ਖ਼ਰੀਦ ਵੀ ਵਧਾਈ ਹੈ। ਭਾਰਤੀ ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਭਾਰਤੀ ਤੱਟ ’ਤੇ ਛੇਤੀ ਤੋਂ ਛੇਤੀ ਕੁਝ ਨਵੇਂ ਤੇਲ ਤੇ ਗੈਸ ਦੇ ਟੈਂਕਰ ਪੁੱਜਣ। ਅਮਰੀਕਾ ਤੋਂ ਆ ਰਹੇ ਐੱਲਐੱਨਜੀ ਟੈਂਕਰ ਹਾਲੇ ਦੂਰ ਹਨ ਅਤੇ ਉਨ੍ਹਾਂ ਨੂੰ ਭਾਰਤੀ ਤੱਟ ’ਤੇ ਪੁੱਜਣ ਵਿਚ 7 ਤੋਂ 10 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਇਹੀ ਹਾਲ ਰੂਸੀ ਗੈਸ ਟੈਂਕਰਾਂ ਦਾ ਹੈ। ਇਸੇ ਲਈ ਭਾਰਤੀ ਲੀਡਰਸ਼ਿਪ ਈਰਾਨ ਨਾਲ ਗੱਲਬਾਤ ਕਰ ਰਹੀ ਹੈ ਕਿਉਂਕਿ ਹੋਰਮੁਜ਼ ਜਲਡਮਰੂਮੱਧ ਵਿਚ ਫਸੇ ਜਹਾਜ਼ ਤਿੰਨ ਦਿਨਾਂ ’ਚ ਭਾਰਤੀ ਬੰਦਰਗਾਹ ’ਤੇ ਪੁੱਜ ਸਕਦੇ ਹਨ।
ਭਾਰਤ ਆ ਰਹੇ ਦੋ ਜਹਾਜ਼ਾਂ ’ਤੇ 92 ਹਜ਼ਾਰ ਮੀਟ੍ਰਿਕ ਟਨ ਐੱਲਪੀਜੀ
ਈਰਾਨ ਨੇ ਜਿਨ੍ਹਾਂ ਦੋ ਭਾਰਤੀ ਜਹਾਜ਼ਾਂ ਸ਼ਿਵਾਲਿਕ ਤੇ ਨੰਦਾ ਦੇਵੀ ਨੂੰ ਇਜਾਜ਼ਤ ਦਿੱਤੀ ਹੈ, ਉਨ੍ਹਾਂ ’ਤੇ 92 ਹਜ਼ਾਰ ਮੀਟ੍ਰਿਕ ਟਨ ਐੱਲਪੀਜੀ ਹੈ। ਭਾਰਤ ਵਿਚ ਰੋਜ਼ਾਨਾ 55-60 ਹਜ਼ਾਰ ਮੀਟ੍ਰਿਕ ਟਨ ਐੱਲਪੀਜੀ ਦੀ ਖਪਤ ਹੁੰਦੀ ਹੈ। ਇਸ ਤੋਂ ਇਲਾਵਾ ਘਰੇਲੂ ਤੇਲ ਰਿਫਾਇਨਰੀਆਂ ਨੇ ਵੀ ਐੱਲਪੀਜੀ ਉਤਪਾਦਨ ਵਿਚ 30 ਫ਼ੀਸਦੀ ਦਾ ਵਾਧਾ ਕੀਤਾ ਹੈ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਜੇਕਰ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਨਾ ਹੋਵੇ ਤਾਂ ਉਨ੍ਹਾਂ ਕੋਲ ਤਿੰਨ ਹਫ਼ਤਿਆਂ ਤੱਕ ਲੁੜੀਂਦੀ ਐੱਲਪੀਜੀ ਸਪਲਾਈ ਦੀ ਵਿਵਸਥਾ ਹੈ। ਪਿਛਲੇ 24 ਘੰਟਿਆਂ ਵਿਚ ਆਂਧਰ ਪ੍ਰਦੇਸ਼ ਤੇ ਬਿਹਾਰ ਦੇ ਕੁਝ ਇਲਾਕਿਆਂ ਵਿਚ ਸਥਾਨਕ ਪੁਲਿਸ ਨੇ ਜਮ੍ਹਾਂਖੋਰਾਂ ’ਤੇ ਕਾਰਵਾਈ ਕੀਤੀ ਹੈ। ਸਰਕਾਰੀ ਤੇਲ ਕੰਪਨੀਆਂ ਦੇ ਅਧਿਕਾਰੀ ਵੀ ਅਚਨਚੇਤੀ ਨਿਰੀਖਣ ਕਰ ਰਹੇ ਹਨ।
ਆਸਟ੍ਰੇਲੀਆ ਤੇ ਅਮਰੀਕਾ ਤੋਂ ਵੀ ਆ ਰਹੀ ਹੈ ਗੈਸ
ਸ਼ਿਵਾਲਿਕ ਤੇ ਨੰਦਾ ਦੇਵੀ ਤੋਂ ਇਲਾਵਾ ਇਸ ਹਫ਼ਤੇ ਆਸਟ੍ਰੇਲੀਆ, ਅਮਰੀਕਾ ਤੇ ਹੋਰ ਸਰੋਤਾਂ ਤੋਂ ਵੀ ਗੈਸ ਲੈ ਕੇ ਆਉਣ ਵਾਲੇ ਕਈ ਜਹਾਜ਼ ਭਾਰਤ ਪੁੱਜ ਜਾਣਗੇ ਜਿਸ ਨਾਲ ਸਪਲਾਈ ਦਾ ਦਬਾਅ ਹੋਰ ਘਟੇਗਾ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਐੱਲਪੀਜੀ ਖਪਤਕਾਰਾਂ ਵਿਚੋਂ ਇਕ ਹੈ। ਦੇਸ਼ ਵਿਚ ਵਿੱਤੀ ਸਾਲ 2024-25 ਵਿਚ ਐੱਲਪੀਜੀ ਦੀ ਖਪਤ ਲਗਪਗ 3.13 ਕਰੋੜ ਟਨ ਰਹੀ ਹੈ ਅਤੇ ਇਸ ਦੇ 55-65 ਫ਼ੀਸਦੀ ਹਿੱਸੇ ਦੀ ਸਪਲਾਈ ਦਰਾਮਦ ਤੋਂ ਹੁੰਦੀ ਹੈ। ਕੁੱਲ ਖਪਤ ਦਾ ਲਗਪਗ 87 ਫ਼ੀਸਦੀ ਘਰੇਲੂ ਰਸੋਈ ਗੈਸ ਵਜੋਂ ਵਰਤਿਆ ਜਾਂਦਾ ਹੈ ਜਦਕਿ ਬਾਕੀ ਹੋਟਲ-ਰੈਸਟੋਰੈਂਟ ਤੇ ਹੋਰ ਵਪਾਰਕ ਖੇਤਰਾਂ ਵਿਚ ਜਾਂਦਾ ਹੈ।
ਦੇਸ਼ ’ਚ ਪੈਟਰੋਲ, ਡੀਜ਼ਲ ਤੇ ਗੈਸ ਦੀ ਕੋਈ ਕਿੱਲਤ ਨਹੀਂ : ਸਰਕਾਰ
ਸਰਕਾਰ ਨੇ ਐਤਵਾਰ ਨੂੰ ਤਾਜ਼ਾ ਅਪਡੇਟ ਵਿਚ ਦੱਸਿਆ ਕਿ ਦੇਸ਼ ਭਰ ’ਚ ਐੱਲਪੀਜੀ ਡਿਸਟ੍ਰੀਬਿਊਟਰਾਂ ਕੋਲ ਗੈਸ ਦੀ ਸਪਲਾਈ ਖ਼ਤਮ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ। ਦੇਸ਼ ਵਿਚ ਪੈਟਰੋਲ, ਡੀਜ਼ਲ ਤੇ ਗੈਸ ਦੀ ਕੋਈ ਕਿੱਲਤ ਨਹੀਂ ਹੈ। ਪੈਟਰੋਲੀਅਮ ਮੰਤਰਾਲੇ ਨੇ ਕਿਹਾ ਕਿ ਕਮਰਸ਼ੀਅਲ ਐੱਲਪੀਜੀ ਸਿਲੰਡਰ ਤਰਜੀਹੀ ਆਧਾਰ ’ਤੇ ਵੰਡਣ ਲਈ ਸੂਬਾ ਸਰਕਾਰਾਂ ਨੂੰ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਹੁਣ ਇਹ 30 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਖਪਤਕਾਰਾਂ ਲਈ ਉਪਲਬਧ ਹਨ।
ਪੀਐੱਨਜੀ ਖਪਤਕਾਰਾਂ ਨੂੰ ਸਰੰਡਰ ਕਰਨੇ ਪੈਣਗੇ ਐੱਲਪੀਜੀ ਕੁਨੈਕਸ਼ਨ
ਸਰਕਾਰ ਨੇ ਐੱਲਪੀਜੀ ਕੰਟਰੋਲ ਆਦੇਸ਼ ਵਿਚ ਵੀ ਬਦਲਾਅ ਕੀਤਾ ਹੈ ਜਿਸ ਤਹਿਤ ਪੀਐੱਨਜੀ ਕੁਨੈਕਸ਼ਨ ਵਾਲੇ ਖਪਤਕਾਰਾਂ ਨੂੰ ਘਰੇਲੂ ਐੱਲਪੀਜੀ ਕੁਨੈਕਸ਼ਨ ਸਰੰਡਰ ਕਰਨੇ ਪੈਣਗੇ। ਇਸ ਤੋਂ ਇਲਾਵਾ ਪੀਐੱਨਜੀ ਖਪਤਕਾਰਾਂ ਲਈ ਨਵੇਂ ਐੱਲਪੀਜੀ ਕੁਨੈਕਸ਼ਨ ਜਾਂ ਸਿਲੰਡਰਾਂ ਦੀ ਰੀਫਿਲਿੰਗ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਵੱਡੇ ਸ਼ਹਿਰਾਂ ਤੇ ਸ਼ਹਿਰੀ ਇਲਾਕਿਆਂ ਵਿਚ ਕਮਰਸ਼ੀਅਲ ਐੱਲਪੀਜੀ ਵਰਤਣ ਵਾਲਿਆਂ ਨੂੰ ਪੀਐੱਨਜੀ ਕੁਨੈਕਸ਼ਨ ਲੈਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਲਈ ਈਮੇਲ, ਪੱਤਰ ਜਾਂ ਸ਼ਹਿਰ ਦੀਆਂ ਡਿਸਟ੍ਰੀਬਿਊਟਰ ਕੰਪਨੀਆਂ ਦੇ ਪੋਰਟਲ ਜ਼ਰੀਏ ਅਪਲਾਈ ਕਰ ਸਕਦੇ ਹਨ।
ਪੰਜਾਬ ’ਚ ਜਮ੍ਹਾਂਖੋਰੀ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ : ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੂਬੇ ’ਚ ਕਿਤੇ ਵੀ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇ। ਜੇਕਰ ਕੋਈ ਵਿਅਕਤੀ ਜਮ੍ਹਾਂਖੋਰੀ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਅਜਿਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਹੜੀ ਇਕ ਮਿਸਾਲ ਹੋਵੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਕੇਂਦਰ ਸਰਕਾਰ ਸਾਹਮਣੇ ਰੱਖਿਆ ਹੈ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੇ ਸਥਿਤੀ ਕਾਬੂ ਹੇਠ ਰਹੇ।