ਹਿੰਦ ਮਹਾਸਾਗਰ ਤੋਂ ਕੁਝ ਰਾਹਤ ਮਿਲ ਸਕਦੀ ਹੈ। ਜਲਵਾਯੂ ਮਾਡਲ ਸੰਕੇਤ ਦੇ ਰਹੇ ਹਨ ਕਿ ਮੌਨਸੂਨ ਦੇ ਦੂਸਰੇ ਹਿੱਸੇ (ਅਗਸਤ-ਸਤੰਬਰ) ਦਰਮਿਆਨ ਪਾਜ਼ੀਟਿਵ ਇੰਡੀਅਨ ਓਸ਼ਨ ਡਾਈਪੋਲ (ਆਈਓਡੀ) ਬਣ ਸਕਦਾ ਹੈ। ਇਸ ਸਥਿਤੀ ਵਿਚ ਹਿੰਦ ਮਹਾਸਾਗਰ ਦਾ ਅਫਰੀਕਾ ਵਾਲਾ ਹਿੱਸਾ ਵੱਧ ਗਰਮ ਹੋ ਜਾਂਦਾ ਹੈ ਤਾਂ ਭਾਰਤ ਵਿਚ ਮੀਂਹ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਨਾਲ ਅਲ-ਨੀਨੋ ਵੀ ਕਾਫ਼ੀ ਹੱਦ ਤੱਕ ਸੰਤੁਲਿਤ ਰਹਿੰਦਾ ਹੈ।

ਜਾਗਰਣ, ਬਿਊਰੋ, ਨਵੀਂ ਦਿੱਲੀ : ਦੇਸ਼ ਵਿਚ ਇਸ ਸਾਲ ਮੌਨਸੂਨ ਆਮ ਨਾਲੋਂ ਕਮਜ਼ੋਰ ਰਹਿ ਸਕਦਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਪ੍ਰਸ਼ਾਂਤ ਮਹਾਸਾਗਰ ਵਿਚ ਬਣਨ ਵਾਲੀ ਅਲ-ਨੀਨੋ ਦੀ ਸਥਿਤੀ ਮੰਨੀ ਜਾ ਰਹੀ ਹੈ। ਮੀਂਹ ਘੱਟ ਪੈਣ, ਸਮੁੰਦਰੀ ਹਾਲਾਤ ਵਿਚ ਤਬਦੀਲੀਆਂ ਤੇ ਵੱਖ-ਵੱਖ ਖੇਤਰਾਂ ਵਿਚ ਘੱਟ ਜਾਂ ਵੱਧ ਮੀਂਹ ਪੈਣ ਦੇ ਸੰਕੇਤ ਮਿਲ ਰਹੇ ਹਨ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਤਾਜ਼ਾ ਅਨੁਮਾਨ ਮੁਤਾਬਕ ਜੂਨ ਤੋਂ ਸਤੰਬਰ ਮਹੀਨੇ ਦਰਮਿਆਨ ਦੇਸ਼ ਵਿਚ ਕੁਲ ਮੀਂਹ ਔਸਤ ਦਾ ਕਰੀਬ 92 ਫ਼ੀਸਦ ਰਹਿ ਸਕਦਾ ਹੈ। ਇਸ ਨੂੰ ਆਮ ਨਾਲੋਂ ਘੱਟ ਯਾਨੀ ਕਮਜ਼ੋਰ ਮੌਨਸੂਨ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਆਮ ਤੌਰ ’ਤੇ 90 ਤੋਂ 95 ਫ਼ੀਸਦ ਵਿਚਾਲੇ ਮੀਂਹ ਨੂੰ ਆਮ ਨਾਲੋਂ ਘੱਟ ਮੰਨਿਆ ਜਾਂਦਾ ਹੈ।
ਹਾਲਾਂਕਿ ਇਸ ਅਨੁਮਾਨ ਵਿਚ ਪੰਜ ਫ਼ੀਸਦ ਤੱਕ ਦੀ ਉਕਾਈ ਸੰਭਵ ਹੈ, ਯਾਨੀ ਮੀਂਹ ਦਰਅਸਲ ਥੋੜ੍ਹਾ ਘੱਟ ਜਾਂ ਵੱਧ ਪੈ ਸਕਦਾ ਹੈ। ਆਈਐੱਮਡੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਸ਼ੁਰੂਆਤੀ ਅੰਦਾਜ਼ਾ ਹੈ ਤੇ ਮਈ ਦੇ ਆਖ਼ਰੀ ਹਫ਼ਤੇ ਤੱਕ ਸੋਧਿਆ ਅਨੁਮਾਨ ਜਾਰੀ ਹੋ ਸਕੇਗਾ।
ਫਿਰ ਵੀ ਮੌਜੂਦਾ ਇਸ਼ਾਰੇ ਖੇਤੀ, ਜਲ ਪ੍ਰਬੰਧ ਤੇ ਅਰਥਚਾਰੇ ਲਈ ਚੌਕਸ ਰਹਿਣ ਦੀ ਜ਼ਰੂਰਤ ਦੱਸ ਰਹੇ ਹਨ। ਫ਼ਿਲਹਾਲ ਸਥਿਤੀ ਕਿਸੇ ਪਾਸੇ ਉਲਾਰ ਨਹੀਂ ਪਰ ਜਲਵਾਯੂ ਮਾਡਲਾਂ ਮੁਤਾਬਕ ਜੂਨ ਦੇ ਆਸ-ਪਾਸ ਅਲ-ਨੀਨੋ ਦੀ ਸਥਿਤੀ ਬਣ ਸਕਦੀ ਹੈ। ਇਸ ਸਥਿਤੀ ਵਿਚ ਸਮੁੰਦਰ ਦਾ ਤਾਪਮਾਨ ਵੱਧਦਾ ਹੈ, ਜਿਸ ਨਾਲ ਆਲਮੀ ਮੌਸਮ ਚੱਕਰ ਪ੍ਰਭਾਵਤ ਹੁੰਦਾ ਹੈ ਤੇ ਭਾਰਤ ਵਿਚ ਮੀਂਹ ਆਮ ਨਾਲੋਂ ਘੱਟ ਪੈਂਦਾ ਹੈ।
ਇੱਕੋ ਜਿਹਾ ਨਹੀਂ ਰਹੇਗਾ ਅਲ-ਨੀਨੋ ਦਾ ਅਸਰ
ਪੂਰੇ ਦੇਸ਼ ਵਿਚ ਅਲ-ਨੀਨੋ ਦਾ ਅਸਰ ਇਕ ਜਿਹਾ ਨਹੀਂ ਰਹੇਗਾ। ਅਨੁਮਾਨ ਹੈ ਕਿ ਕਈ ਹਿੱਸਿਆਂ ਵਿਚ ਮੀਂਹ ਆਮ ਨਾਲੋਂ ਘੱਟ ਰਹਿ ਸਕਦਾ ਹੈ ਜਦਕਿ ਉੱਤਰ-ਪੂਰਬੀ, ਉੱਤਰ-ਪੱਛਮੀ ਤੇ ਦੱਖਣ ਭਾਰਤ ਦੇ ਕੁਝ ਇਲਾਕਿਆਂ ਵਿਚ ਆਮ ਜਾਂ ਇਸ ਤੋਂ ਵੱਧ ਮੀਂਹ ਪੈਣਾ ਸੰਭਵ ਹੈ। ਯਾਨੀ ਇਸ ਵਾਰ ਮੌਨਸੂਨ ਦੀ ਵਿਸ਼ੇਸ਼ਤਾ ਹੈ ਕਿ ਇਹ ਵੱਖ-ਵੱਖ ਇਲਾਕਿਆਂ ਵਿਚ ਘੱਟ ਜਾਂ ਵੱਧ ਤੌਰ ’ਤੇ ਪੈ ਸਕਦਾ ਹੈ।
ਹਿੰਦ ਮਹਾਸਾਗਰ ਤੋਂ ਮਿਲ ਸਕਦੀ ਹੈ ਰਾਹਤ
ਹਿੰਦ ਮਹਾਸਾਗਰ ਤੋਂ ਕੁਝ ਰਾਹਤ ਮਿਲ ਸਕਦੀ ਹੈ। ਜਲਵਾਯੂ ਮਾਡਲ ਸੰਕੇਤ ਦੇ ਰਹੇ ਹਨ ਕਿ ਮੌਨਸੂਨ ਦੇ ਦੂਸਰੇ ਹਿੱਸੇ (ਅਗਸਤ-ਸਤੰਬਰ) ਦਰਮਿਆਨ ਪਾਜ਼ੀਟਿਵ ਇੰਡੀਅਨ ਓਸ਼ਨ ਡਾਈਪੋਲ (ਆਈਓਡੀ) ਬਣ ਸਕਦਾ ਹੈ। ਇਸ ਸਥਿਤੀ ਵਿਚ ਹਿੰਦ ਮਹਾਸਾਗਰ ਦਾ ਅਫਰੀਕਾ ਵਾਲਾ ਹਿੱਸਾ ਵੱਧ ਗਰਮ ਹੋ ਜਾਂਦਾ ਹੈ ਤਾਂ ਭਾਰਤ ਵਿਚ ਮੀਂਹ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਨਾਲ ਅਲ-ਨੀਨੋ ਵੀ ਕਾਫ਼ੀ ਹੱਦ ਤੱਕ ਸੰਤੁਲਿਤ ਰਹਿੰਦਾ ਹੈ।
ਉੱਤਰੀ ਅਰਧ-ਗੋਲੇ ’ਚ ਘੱਟ ਬਰਫ਼ਬਾਰੀ ਵੀ ਅਨੁਕੂਲ
ਇਸ ਤੋਂ ਇਲਾਵਾ ਜਨਵਰੀ ਤੋਂ ਮਾਰਚ ਵਿਚਾਲੇ ਉੱਤਰੀ ਅਰਧ-ਗੋਲੇ ਵਿਚ ਬਰਫ਼ ਦਾ ਦਾਇਰਾ ਆਮ ਨਾਲੋਂ ਥੋੜ੍ਹਾ ਘੱਟ ਰਿਹਾ ਹੈ। ਆਮ ਤੌਰ ’ਤੇ ਇਹ ਸਥਿਤੀ ਮੌਨਸੂਨ ਲਈ ਅਨੁਕੂਲ ਮੰਨੀ ਜਾਂਦੀ ਹੈ ਕਿਉਂਕਿ ਘੱਟ ਬਰਫ਼ਬਾਰੀ ਤੇ ਗਰਮ ਸਤ੍ਹਾ ਤੋਂ ਹਵਾ ਦਾ ਦਬਾਅ ਤੰਤਰ ਮੌਨਸੂਨ ਨੂੰ ਸਹਾਰਾ ਦਿੰਦਾ ਹੈ। ਹਾਲਾਂਕਿ ਇਹ ਕਾਰਕ ਅਲ-ਨੀਨੋ ਕਾਰਨ ਉੱਭਰਨ ਵਾਲੇ ਨਕਾਰਾਤਮਕ ਅਸਰ ਨੂੰ ਕਿੰਨਾ ਸੰਤੁਲਿਤ ਕਰ ਸਕਣਗੇ, ਇਸ ’ਤੇ ਸਪੱਸ਼ਟਤਾ ਨਹੀਂ ਹੈ। ਮੌਸਮ ਕੇਂਦਰ ਮੁਤਾਬਕ ਦੇਸ਼ ਵਿਚ ਇਸ ਵਾਰ ਕੁਲ ਮੌਸਮੀ ਮੀਂਹ ਕਰੀਬ 80 ਸੈਂਟੀਮੀਟਰ ਰਹਿਣ ਦਾ ਅਨੁਮਾਨ ਹੈ ਜਦਕਿ ਲੰਮੇ ਸਮੇਂ ਦੀ ਔਸਤ 87 ਸੈਂਟੀਮੀਟਰ ਹੈ। ਮੌਸਮ ਕੇਂਦਰ ਨੇ ਇਹ ਵੀ ਮੰਨਿਆ ਹੈ ਕਿ ਸਮੁੰਦਰੀ ਹਾਲਾਤ ਦੇ ਬਦਲਦੇ ਸਮੀਕਰਨਾਂ ਕਰ ਕੇ ਤਸਵੀਰ ਬਦਲ ਸਕਦੀ ਹੈ।