ਸ੍ਰੀ ਅਮਰਨਾਥ ਯਾਤਰਾ 2026 ਨੂੰ ਸੁਰੱਖਿਅਤ, ਸ਼ਾਂਤਮਈ ਅਤੇ ਭਰੋਸੇਮੰਦ ਮਾਹੌਲ ਵਿੱਚ ਨੇਪਰੇ ਚਾੜ੍ਹਨ ਲਈ ਜੰਮੂ-ਕਸ਼ਮੀਰ ਪੁਲਿਸ ਨੇ ਯਾਤਰਾ ਮਾਰਗ ਦੀ ਸੁਰੱਖਿਆ ਲਈ ਸੁਰੱਖਿਆ ਆਡਿਟ ਸ਼ੁਰੂ ਕਰ ਦਿੱਤਾ ਹੈ। ਇਸੇ ਮੁਲਾਂਕਣ ਦੇ ਆਧਾਰ 'ਤੇ ਯਾਤਰਾ ਦਾ ਸੁਰੱਖਿਆ ਘੇਰਾ ਤਿਆਰ ਕੀਤਾ ਜਾਵੇਗਾ। ਹਰ ਸਾਲ ਲੱਖਾਂ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਆਉਂਦੇ ਹਨ। ਸਾਲ 1990 ਤੋਂ ਬਾਅਦ ਲਗਾਤਾਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹੀ ਇਸ ਮਹੱਤਵਪੂਰਨ ਯਾਤਰਾ 'ਤੇ ਹੁਣ ਤੱਕ 36 ਛੋਟੇ-ਵੱਡੇ ਅੱਤਵਾਦੀ ਹਮਲੇ ਹੋ ਚੁੱਕੇ ਹਨ।

ਆਉਂਦੀ 3 ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਅਗਸਤ ਵਿੱਚ ਰੱਖੜੀ ਵਾਲੇ ਦਿਨ ਸੰਪੰਨ ਹੋਵੇਗੀ। ਪਹਿਲਾਂ ਦੀ ਤਰ੍ਹਾਂ ਯਾਤਰਾ ਰਵਾਇਤੀ ਬਾਲਟਾਲ ਅਤੇ ਪਹਿਲਗਾਮ ਰੂਟਾਂ ਰਾਹੀਂ ਪਵਿੱਤਰ ਗੁਫ਼ਾ ਤੱਕ ਪਹੁੰਚੇਗੀ ਅਤੇ ਵਾਪਸੀ ਕਰੇਗੀ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਆਡਿਟ ਦੇ ਅਧਾਰ 'ਤੇ ਹੀ ਯਾਤਰਾ ਮਾਰਗ 'ਤੇ ਸੁਰੱਖਿਆ ਬਲਾਂ ਦੀ ਤਾਇਨਾਤੀ, ਜਾਂਚ ਚੌਕੀਆਂ, ਸ਼ਰਧਾਲੂਆਂ ਦੇ ਆਉਣ-ਜਾਣ ਦਾ ਸਮਾਂ ਅਤੇ ਯਾਤਰੀ ਕੈਂਪਾਂ ਦੀ ਸੁਰੱਖਿਆ ਨੂੰ ਨਿਰਧਾਰਤ ਕੀਤਾ ਜਾਂਦਾ ਹੈ।
ਦੱਖਣੀ ਕਸ਼ਮੀਰ ਵਿੱਚ ਜ਼ਿਲ੍ਹਾ ਅਨੰਤਨਾਗ ਅਤੇ ਪਹਿਲਗਾਮ ਤੋਂ ਪਵਿੱਤਰ ਗੁਫ਼ਾ ਮਾਰਗ ਤੱਕ ਅਤੇ ਕੇਂਦਰੀ ਕਸ਼ਮੀਰ ਵਿੱਚ ਜ਼ਿਲ੍ਹਾ ਗਾਂਦਰਬਲ ਤੇ ਬਾਲਟਾਲ ਤੋਂ ਪਵਿੱਤਰ ਗੁਫ਼ਾ ਤੱਕ ਦੇ ਸਬੰਧਤ ਖੇਤਰਾਂ ਅਤੇ ਯਾਤਰਾ ਮਾਰਗ ਦਾ ਸੁਰੱਖਿਆ ਮੁਲਾਂਕਣ ਸਬੰਧਤ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਨਿਗਰਾਨੀ ਹੇਠ ਜਾਰੀ ਹੈ।
ਦੋਵਾਂ ਰਵਾਇਤੀ ਮਾਰਗਾਂ 'ਤੇ ਪਵਿੱਤਰ ਗੁਫ਼ਾ ਤੱਕ ਸ਼ਰਧਾਲੂਆਂ ਦੇ ਠਹਿਰਨ ਦੀ ਸਹੂਲਤ, ਟ੍ਰੈਫਿਕ ਯੋਜਨਾ, ਸੁਰੱਖਿਆ ਬਲਾਂ ਦੀ ਤਾਇਨਾਤੀ, ਐਮਰਜੈਂਸੀ ਰਿਸਪਾਂਸ ਸਿਸਟਮ ਅਤੇ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਯੋਜਨਾ ਦਾ ਰੋਡਮੈਪ ਆਡਿਟ ਦੇ ਅਧਾਰ 'ਤੇ ਤੈਅ ਹੋਵੇਗਾ। ਇਸ ਨੂੰ ਅਗਲੇ ਕੁਝ ਦਿਨਾਂ ਵਿੱਚ ਅੰਤਿਮ ਰੂਪ ਦੇ ਦਿੱਤਾ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਯਾਤਰਾ ਦੇ ਸੁਰੱਖਿਆ ਘੇਰੇ ਲਈ ਸ਼ੁਰੂਆਤੀ ਅੰਦਾਜ਼ੇ ਦੇ ਅਧਾਰ 'ਤੇ ਪੁਲਿਸ, ਫੌਜ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਲਗਪਗ 42 ਹਜ਼ਾਰ ਜਵਾਨਾਂ ਅਤੇ ਅਧਿਕਾਰੀਆਂ ਨੂੰ ਤਾਇਨਾਤ ਕੀਤੇ ਜਾਣ ਦਾ ਪ੍ਰਸਤਾਵ ਹੈ। ਯਾਤਰਾ ਮਾਰਗ ਅਤੇ ਸ਼ਰਧਾਲੂਆਂ ਦੇ ਕੈਂਪਾਂ ਦੀ ਸੁਰੱਖਿਆ ਲਈ ਤਿੰਨ ਪੱਧਰੀ ਸੁਰੱਖਿਆ ਚੱਕਰ ਰਹੇਗਾ। ਇਸ ਤੋਂ ਇਲਾਵਾ ਸੀਸੀਟੀਵੀ ਅਤੇ ਡਰੋਨਾਂ ਰਾਹੀਂ ਸਬੰਧਤ ਇਲਾਕਿਆਂ ਦੀ ਨਿਗਰਾਨੀ ਕੀਤੀ ਜਾਵੇਗੀ।