ਕਲਾਸ ਵਿਚ ਵੀ ਅਵਿਆਨ ਦੀ ਗੈਰ-ਹਾਜ਼ਰੀ ਲਗਾ ਦਿੱਤੀ ਗਈ। ਛੁੱਟੀ ਤੋਂ ਬਾਅਦ ਜਦੋਂ ਬੱਚਾ ਬੱਸ ਵਿਚ ਨਹੀਂ ਮਿਲਿਆ ਤਾਂ ਮਾਪਿਆਂ ਦੇ ਨਾਲ ਸਾਰਿਆਂ ਦੇ ਹੋਸ਼ ਉੱਡ ਗਏ। ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਬੱਸ ਪਾਰਕਿੰਗ ਯਾਰਡ ਤੋਂ ਲੱਭਣ ਵਿਚ ਕਾਮਯਾਬੀ ਮਿਲੀ।

ਜਾਗਰਣ ਸੰਵਾਦਦਾਤਾ, ਨੋਇਡਾ : ਐਮਿਟੀ ਇੰਟਰਨੈਸ਼ਨਲ ਸਕੂਲ ਦੀ ਲਾਪਰਵਾਹੀ ਕਾਰਨ ਯੂਕੇਜੀ ਦਾ ਵਿਦਿਆਰਥੀ ਅਵਿਆਨ ਪਾਰਕਿੰਗ ਯਾਰਡ ਵਿਚ ਖੜ੍ਹੀ ਬੱਸ ਦੇ ਅੰਦਰ ਸੱਤ ਘੰਟਿਆਂ ਤੱਕ ਡਰ ਤੇ ਗਰਮੀ ਵਿਚ ਬੰਦ ਰਿਹਾ। ਪਾਰਕਿੰਗ ਯਾਰਡ ਸਕੂਲ ਤੋਂ ਲਗਪਗ 25 ਕਿਲੋਮੀਟਰ ਦੂਰ ਸੀ ਜਿਸ ਕਾਰਨ ਬੱਸ ਦੇ ਅੰਦਰ ਬੰਦ ਛੋਟੇ ਬੱਚੇ ਦੀ ਕੋਈ ਵੀ ਮਦਦ ਨਹੀਂ ਕਰ ਸਕਿਆ। ਸਕੂਲ ਦੀ ਲਾਪਰਵਾਹੀ ਦਾ ਇਹ ਹਾਲ ਹੈ ਕਿ ਸਵੇਰੇ ਬੱਸ ਬੱਚੇ ਨੂੰ ਸਕੂਲ ਗੇਟ ਤੱਕ ਲੈ ਕੇ ਆਈ ਪਰ ਨਾ ਤਾਂ ਕੰਡਕਟਰ ਤੇ ਨਾ ਹੀ ਬੱਸ ਅਟੈਂਡੈਂਟ ਨੂੰ ਇਸ ਬਾਰੇ ਪਤਾ ਲੱਗ ਸਕਿਆ। ਕਲਾਸ ਵਿਚ ਵੀ ਅਵਿਆਨ ਦੀ ਗੈਰ-ਹਾਜ਼ਰੀ ਲਗਾ ਦਿੱਤੀ ਗਈ। ਛੁੱਟੀ ਤੋਂ ਬਾਅਦ ਜਦੋਂ ਬੱਚਾ ਬੱਸ ਵਿਚ ਨਹੀਂ ਮਿਲਿਆ ਤਾਂ ਮਾਪਿਆਂ ਦੇ ਨਾਲ ਸਾਰਿਆਂ ਦੇ ਹੋਸ਼ ਉੱਡ ਗਏ। ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਬੱਸ ਪਾਰਕਿੰਗ ਯਾਰਡ ਤੋਂ ਲੱਭਣ ਵਿਚ ਕਾਮਯਾਬੀ ਮਿਲੀ।
ਯੂਕੇਜੀ ਦੇ ਵਿਦਿਆਰਥੀ ਅਵਿਆਨ ਮਹਾਜਨ ਨੂੰ ਸਵੇਰੇ ਲਗਪਗ ਸੱਤ ਵਜੇ ਮਾਪੇ ਸਕੂਲ ਬੱਸ ਵਿਚ ਬਿਠਾ ਕੇ ਭੇਜਦੇ ਹਨ। ਛੁੱਟੀ ਤੋਂ ਸਮੇਂ ਜਦੋਂ ਬੱਚਾ ਬੱਸ ਰਾਹੀਂ ਘਰ ਨਹੀਂ ਪੁੱਜਦਾ ਤਾਂ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਮਾਂ ਨੇ ਦੱਸਿਆ ਕਿ ਜਦੋਂ ਉਹ ਪੁੱਤਰ ਨੂੰ ਸੁਸਾਇਟੀ ਦੇ ਗੇਟ ’ਤੇ ਲੈਣ ਗਈ ਤਾਂ ਉਹ ਉੱਥੇ ਨਹੀਂ ਸੀ। ਉਨ੍ਹਾਂ ਨੇ ਤੁਰੰਤ ਸਕੂਲ ’ਚ ਫੋਨ ਕੀਤਾ ਪਰ ਸਕੂਲ ਵੱਲੋਂ ਦੱਸਿਆ ਗਿਆ ਕਿ ਉਹ ਸਕੂਲ ਹੀ ਨਹੀਂ ਪੁੱਜਾ ਅਤੇ ਕਲਾਸ ਦੇ ਰਜਿਸਟਰ ਵਿਚ ਉਹ ਗੈਰ-ਹਾਜ਼ਰ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਬੱਸ ਤੋਂ ਆਉਣ ਦੀ ਗੱਲ ਦੱਸਣ ’ਤੇ ਜਾਂਚ ਕੀਤੀ ਗਈ ਤਾਂ ਬੱਸ ਅਟੈਂਡੈਂਸ ਰਜਿਸਟਰ ਵਿਚ ਉਸ ਦੀ ਹਾਜ਼ਰੀ ਦਰਜ ਕੀਤੀ ਗਈ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਵਿਦਿਆਰਥੀਆਂ ਦੀ ਮੌਜੂਦਗੀ ਦਾ ਸਟੇਟਸ ਮਾਪਿਆਂ ਨੂੰ ਦੱਸਿਆ ਜਾਂਦਾ ਹੈ, ਪਰ ਅਵਿਆਨ ਸਕੂਲ ਵਿਚ ਗੈਰ-ਹਾਜ਼ਰ ਸੀ, ਇਹ ਕਿਸੇ ਨੇ ਨਹੀਂ ਦੱਸਿਆ। ਟਰਾਂਸਪੋਰਟ ਵਿਭਾਗ ਵੱਲੋਂ ਵੀ ਕਿਸੇ ਨੇ ਨਹੀਂ ਦੱਸਿਆ ਕਿ ਉਹ ਸਵੇਰੇ ਬੱਸ ਤੋਂ ਹੇਠਾਂ ਨਹੀਂ ਉਤਰਿਆ। ਸਕੂਲ ਪੁੱਜਣ ’ਤੇ ਵੀ ਮੈਨੇਜਮੈਂਟ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਕਾਫੀ ਲੱਭਣ ਤੋਂ ਪਿੱਛੋਂ ਅਵਿਆਨ ਪਾਰਕਿੰਗ ਯਾਰਡ ਵਿਚ ਖੜ੍ਹੀ ਬੱਸ ਦੇ ਅੰਦਰ ਬੰਦ ਮਿਲਿਆ।
ਸਕੂਲ ਦੀ ਪ੍ਰਿੰਸੀਪਲ ਰੇਨੂ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਵਿੱਖ ਵਿਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਲਈ ਜ਼ਰੂਰੀ ਕਦਮ ਉਠਾਏ ਜਾਣਗੇ।