ਰਿਟਾਇਰਡ ISRO ਮੁਲਾਜ਼ਮ ਨੇ ਕੀਤੀ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ, ਡਿਪ੍ਰੈਸ਼ਨ ਦਾ ਕਰਵਾ ਰਿਹਾ ਸੀ ਇਲਾਜ
ਪੁਲਿਸ ਨੇ ਦੱਸਿਆ ਕਿ ਰਾਓ ਆਪਣੀ ਪਤਨੀ ਦੀ ਹੱਤਿਆ ਤੋਂ ਬਾਅਦ ਕਥਿਤ ਤੌਰ 'ਤੇ ਆਪਣੀ ਜਾਨ ਵੀ ਲੈਣਾ ਚਾਹੁੰਦਾ ਸੀ। ਆਪਣੀ ਪਤਨੀ ਸੰਧਿਆ 'ਤੇ ਕਥਿਤ ਹਮਲੇ ਤੋਂ ਬਾਅਦ ਰਾਓ ਮੌਕੇ 'ਤੇ ਹੀ ਰਿਹਾ। ਫਿਰ ਉਸ ਨੇ ਇਕ ਜਾਣ-ਪਛਾਣ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ।
Publish Date: Wed, 18 Feb 2026 04:01 PM (IST)
Updated Date: Wed, 18 Feb 2026 04:05 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਬੈਂਗਲੁਰੂ ਤੋਂ ਇਕ ਖ਼ੌਫ਼ਨਾਕ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੁੱਧਵਾਰ ਨੂੰ ਅਵਲਾਹੱਲੀ ਦੇ 65 ਸਾਲਾ ਇਕ ਰਿਟਾਇਰਡ ISRO ਮੁਲਾਜ਼ਮਨੇ ਕਥਿਤ ਤੌਰ 'ਤੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਅਵਲਾਹੱਲੀ ਪੁਲਿਸ ਅਧਿਕਾਰੀਆਂ ਨੇ ਸਵੇਰੇ ਕਰੀਬ 11 ਵਜੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨਾਗੇਸ਼ਵਰ ਰਾਓ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਓ ਕਥਿਤ ਤੌਰ 'ਤੇ ਡਿਪਰੈਸ਼ਨ (ਮਾਨਸਿਕ ਤਣਾਅ) ਦਾ ਇਲਾਜ ਕਰਵਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਰਾਓ ਆਪਣੀ ਪਤਨੀ ਦੀ ਹੱਤਿਆ ਤੋਂ ਬਾਅਦ ਕਥਿਤ ਤੌਰ 'ਤੇ ਆਪਣੀ ਜਾਨ ਵੀ ਲੈਣਾ ਚਾਹੁੰਦਾ ਸੀ। ਆਪਣੀ ਪਤਨੀ ਸੰਧਿਆ 'ਤੇ ਕਥਿਤ ਹਮਲੇ ਤੋਂ ਬਾਅਦ ਰਾਓ ਮੌਕੇ 'ਤੇ ਹੀ ਰਿਹਾ। ਫਿਰ ਉਸ ਨੇ ਇਕ ਜਾਣ-ਪਛਾਣ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੀ ਇਕ ਟੀਮ ਘਰ ਪਹੁੰਚੀ ਅਤੇ ਰਾਓ ਨੂੰ ਹਿਰਾਸਤ 'ਚ ਲੈ ਲਿਆ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਵਾਈਟਫੀਲਡ) ਸੈਦੁਲੂ ਅਦਾਵਥ ਨੇ ਕਿਹਾ, "ਖ਼ਬਰ ਹੈ ਕਿ ਨਾਗੇਸ਼ਵਰ ਡਿਪਰੈਸ਼ਨ ਦਾ ਇਲਾਜ ਕਰਵਾ ਰਿਹਾ ਸੀ ਤੇ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਕਿਹਾ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਉਸ ਦਾ ਆਪਣੀ ਜਾਨ ਲੈਣ ਦਾ ਇਰਾਦਾ ਸੀ। ਅਜਿਹਾ ਲੱਗਦਾ ਹੈ ਕਿ ਇਸ ਪਿੱਛੇ ਕੋਈ ਹੋਰ ਵੱਡੀ ਵਜ੍ਹਾ ਨਹੀਂ ਸੀ।"
ਪੁਲਿਸ ਨੇ ਦੱਸਿਆ ਕਿ ਜੋੜੇ ਦੀ ਇਕ ਬੇਟੀ ਹੈ ਜੋ ਅਮਰੀਕਾ (US) ਰਹਿੰਦੀ ਹੈ, ਫਿਲਹਾਲ ਉਸ ਨੂੰ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਕਤਲ ਦਾ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਜਾਰੀ ਹੈ।