ਰੇਲਵੇ ਦੀ ਸ਼ਾਨ ‘ਪੰਜਾਬ ਮੇਲ’ ਦੇ 114 ਸਾਲ ਪੂਰੇ: ਮੁੰਬਈ ਦੇ CSMT ਸਟੇਸ਼ਨ ’ਤੇ ਮਨਾਇਆ ਸ਼ਾਨਦਾਰ ਜਸ਼ਨ
ਇਤਿਹਾਸਕ ਪੰਜਾਬ ਮੇਲ, ਜਿਸਨੂੰ ਅਸਲ ’ਚ ਪੰਜਾਬ ਲਿਮਟਿਡ ਕਿਹਾ ਜਾਂਦਾ ਸੀ, ਨੇ 1 ਜੂਨ, 1912 ਨੂੰ ਮੁੰਬਈ ਦੇ ਬੈਲਾਰਡ ਪੀਅਰ ਮੋਲ ਸਟੇਸ਼ਨ ਤੋਂ ਗ੍ਰੇਟ ਇੰਡੀਅਨ ਪ੍ਰਾਇਦੀਪ ਰੇਲਵੇ ਅਧੀਨ ਪੇਸ਼ਾਵਰ (ਅਣਵੰਡੇ ਭਾਰਤ ਦਾ ਹਿੱਸਾ) ਤੱਕ ਪਹਿਲੀ ਫੇਰੀ ਲਾਈ ਸੀ।
Publish Date: Wed, 01 Apr 2026 08:59 AM (IST)
Updated Date: Wed, 01 Apr 2026 09:04 AM (IST)

ਮਿਡ ਡੇ, ਮੁੰਬਈ : ਭਾਰਤੀ ਰੇਲਵੇ ਦੀਆਂ ਸਭ ਤੋਂ ਮਸ਼ਹੂਰ ਟ੍ਰੇਨਾਂ ’ਚੋਂ ਇੱਕ ‘ਪੰਜਾਬ ਮੇਲ’ ਦੇ 114 ਸਾਲ ਪੂਰੇ ਹੋਣ ’ਤੇ ਕੇਂਦਰੀ ਰੇਲਵੇ ਨੇ ਸੋਮਵਾਰ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਮੁੰਬਈ ਵਿਖੇ ਪੰਜਾਬ ਮੇਲ (ਟ੍ਰੇਨ ਨੰਬਰ 12137/12138) ਲਈ ਟ੍ਰੇਨ ਮਹੋਤਸਵ ਮਨਾਇਆ। ਇਸ ਪ੍ਰੋਗਰਾਮ ’ਚ ਯਾਤਰੀਆਂ, ਰੇਲਵੇ ਅਧਿਕਾਰੀਆਂ ਤੇ ਹੋਰ ਲੋਕਾਂ ਨੇ ਹਿੱਸਾ ਲਿਆ। ਇਹ ਜਸ਼ਨ ਰੇਲ ਗੱਡੀ ਦੀ ਰਵਾਨਗੀ ਦੇ ਤੈਅ ਸਮੇਂ ਤੋਂ ਇੱਕ ਘੰਟਾ ਪਹਿਲਾਂ ਸ਼ਾਮ 7.35 ਵਜੇ ਸ਼ੁਰੂ ਹੋਇਆ। ਇਸ ਦੌਰਾਨ ਪੰਜਾਬ ਮੇਲ ਨੂੰ ਬਾਹਰੋਂ ਤੇ ਅੰਦਰੋਂ ਵਿਰਾਸਤੀ-ਥੀਮ ’ਚ ਸਜਾਇਆ ਗਿਆ ਸੀ। ਇਸ ਦੌਰਾਨ ਪੰਜਾਬ ਮੇਲ ਦੇ ਇਤਿਹਾਸ ’ਤੇ ਇੱਕ ਆਡੀਓ-ਵਿਜ਼ੂਅਲ ਪੇਸ਼ਕਾਰੀ ਦਿੱਤੀ ਗਈ, ਜਿਸ ’ਚ ਭਾਰਤੀ ਰੇਲਵੇ ਦੀਆਂ ਸਭ ਤੋਂ ਪੁਰਾਣੀਆਂ ਤੇ ਸਭ ਤੋਂ ਵੱਕਾਰੀ ਟ੍ਰੇਨਾਂ ’ਚੋਂ ਇੱਕ ਵਜੋਂ ਇਸਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ। ਇਸ ਮਹੋਤਸਵ ਦੇ ਮੱਦੇਨਜ਼ਰ ਟ੍ਰੇਨ ਦੇ ਡੱਬਿਆਂ ਨੂੰ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਇਸ ਸਮਾਗਮ ’ਚ ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਪ੍ਰਤੀਕ ਗੋਸਵਾਮੀ, ਮੁੰਬਈ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਹਿਰੇਸ਼ ਮੀਨਾ, ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਸੁਬੋਧ ਕੁਮਾਰ ਸਾਗਰ, ਵਿਭਾਗਾਂ ਦੇ ਪ੍ਰਮੁੱਖ ਮੁਖੀ, ਸੀਨੀਅਰ ਅਧਿਕਾਰੀ, ਹੈੱਡਕੁਆਰਟਰ ਅਤੇ ਮੁੰਬਈ ਡਿਵੀਜ਼ਨ ਦੇ ਸਟਾਫ਼, ਮੀਡੀਆ ਕਰਮਚਾਰੀ, ਰੇਲ ਉਤਸ਼ਾਹੀ ਸ਼ਾਮਲ ਹੋਏ।
ਕਦੇ ਜਾਂਦੀ ਸੀ ਪੇਸ਼ਾਵਰ ਤੱਕ, ਹੁਣ ਫ਼ਿਰੋਜ਼ਪੁਰ ਹੈ ਆਖ਼ਰੀ ਸਟੇਸ਼ਨ
ਇਤਿਹਾਸਕ ਪੰਜਾਬ ਮੇਲ, ਜਿਸਨੂੰ ਅਸਲ ’ਚ ਪੰਜਾਬ ਲਿਮਟਿਡ ਕਿਹਾ ਜਾਂਦਾ ਸੀ, ਨੇ 1 ਜੂਨ, 1912 ਨੂੰ ਮੁੰਬਈ ਦੇ ਬੈਲਾਰਡ ਪੀਅਰ ਮੋਲ ਸਟੇਸ਼ਨ ਤੋਂ ਗ੍ਰੇਟ ਇੰਡੀਅਨ ਪ੍ਰਾਇਦੀਪ ਰੇਲਵੇ ਅਧੀਨ ਪੇਸ਼ਾਵਰ (ਅਣਵੰਡੇ ਭਾਰਤ ਦਾ ਹਿੱਸਾ) ਤੱਕ ਪਹਿਲੀ ਫੇਰੀ ਲਾਈ ਸੀ। ਇਹ ਮੁੱਖ ਤੌਰ ’ਤੇ ਬ੍ਰਿਟਿਸ਼ ਅਧਿਕਾਰੀਆਂ, ਡਾਕ ਤੇ ਸਰਕਾਰੀ ਡਿਸਪੈਚਾਂ ਲਈ ਚਲਾਈ ਗਈ ਸੀ, ਜੋ ਲਗਭਗ 2,500 ਕਿਲੋਮੀਟਰ ਦਾ ਸਫਰ ਤੈਅ ਕਰਦੀ ਸੀ। ਇਹ ਆਜ਼ਾਦੀ ਦੀ ਲੜਾਈ ਦੀ ਗਵਾਹ ਰਹੀ। ਕਈ ਆਜ਼ਾਦੀ ਘੁਲਾਟੀਆਂ ਤੇ ਸਿਆਸੀ ਆਗੂਆਂ ਨੇ ਇਸ ’ਚ ਸਫ਼ਰ ਕੀਤਾ। 1947 ਦੀ ਵੰਡ ਤੋਂ ਬਾਅਦ ਇਸ ਦਾ ਸਫ਼ਰ ਫਿਰੋਜ਼ਪੁਰ ਛਾਉਣੀ ਤੱਕ ਰਹਿ ਗਿਆ।