- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਸਭਾ ਵਿਚ ਸਿਫ਼ਰ ਕਾਲ ਦੌਰਾਨ ਚੱਢਾ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਸੰਸਦ ਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਚੁਣਨ ਦਾ ਸੰਵਿਧਾਨਕ ਅਧਿਕਾਰ ਹੈ ਪਰ ਮੌਜੂਦਾ ਸਮੇਂ ਵਿਚ ਵੋਟਰਾਂ ਕੋਲ ਅਜਿਹਾ ਕੋਈ ਸਿਸਟਮ ਨਹੀਂ ਹੈ ਜਿਸ ਰਾਹੀਂ ਉਹ ਕੰਮ ਨਾ ਕਰਨ ਜਾਂ ਗਲਤ ਕੰਮ ਕਰਨ ਦੇ ਆਧਾਰ ’ਤੇ ਉਨ੍ਹਾਂ ਨੂੰ ਵਿਚਕਾਰ ਹੀ ਹਟਾ ਸਕਣ।

ਨਵੀਂ ਦਿੱਲੀ (ਪੀਟੀਆਈ) : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ‘ਰਾਈਟ ਟੂ ਰਿਕਾਲ’ ਸਿਸਟਮ ਲਾਗੂ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਚੁਣੇ ਹੋਏ ਨੁਮਾਇੰਦਿਆਂ ਨੂੰ ਉਨ੍ਹਾਂ ਦਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹਟਾ ਸਕਣ, ਜੇਕਰ ਉਨ੍ਹਾਂ ਦਾ ਪ੍ਰਦਰਸ਼ਨ ਖ਼ਰਾਬ ਰਹਿੰਦਾ ਹੈ। ਰਾਜ ਸਭਾ ਵਿਚ ਸਿਫ਼ਰ ਕਾਲ ਦੌਰਾਨ ਚੱਢਾ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਸੰਸਦ ਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਚੁਣਨ ਦਾ ਸੰਵਿਧਾਨਕ ਅਧਿਕਾਰ ਹੈ ਪਰ ਮੌਜੂਦਾ ਸਮੇਂ ਵਿਚ ਵੋਟਰਾਂ ਕੋਲ ਅਜਿਹਾ ਕੋਈ ਸਿਸਟਮ ਨਹੀਂ ਹੈ ਜਿਸ ਰਾਹੀਂ ਉਹ ਕੰਮ ਨਾ ਕਰਨ ਜਾਂ ਗਲਤ ਕੰਮ ਕਰਨ ਦੇ ਆਧਾਰ ’ਤੇ ਉਨ੍ਹਾਂ ਨੂੰ ਵਿਚਕਾਰ ਹੀ ਹਟਾ ਸਕਣ।
‘ਰਾਈਟ ਟੂ ਰਿਕਾਲ’ ਸਿਸਟਮ ਵੋਟਰਾਂ ਨੂੰ ਇਕ ਅਧਿਕਾਰਤ ਪ੍ਰਕਿਰਿਆ ਸ਼ੁਰੂ ਕਰਨ ਦੀ ਮਨਜ਼ੂਰੀ ਦੇਵੇਗਾ, ਜਿਸ ਰਾਹੀਂ ਉਹ ਇਕ ਚੁਣੇ ਹੋਏ ਨੁਮਾਇੰਦੇ ਨੂੰ ਕਾਨੂੰਨੀ ਤੌਰ ’ਤੇ ਹਟਾ ਸਕਣਗੇ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਪਹਿਲਾਂ ਹੀ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਜੱਜਾਂ ਦੇ ਮਹਾਦੋਸ਼ ਦੀ ਵਿਵਸਥਾ ਹੈ ਅਤੇ ਸਰਕਾਰਾਂ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਜਵੀਜ਼ ਹੈ। ਚੱਢਾ ਨੇ ਕਿਹਾ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਨਿੱਜੀ ਜਵਾਬਦੇਹੀ ਦੇ ਸਿਧਾਂਤ ਨੂੰ ਲਾਗੂ ਕਰਨ ਨਾਲ ਲੋਕਤੰਤਰੀ ਨਿਗਰਾਨੀ ਨੂੰ ਮਜ਼ਬੂਤ ਕੀਤਾ ਜਾ ਸਕੇਗਾ। ਉਨ੍ਹਾਂ ਨੇ ਸੰਸਾਰ ਭਰ ਵਿਚ ਅਮਰੀਕਾ ਅਤੇ ਸਵਿਟਜ਼ਰਲੈਂਡ ਸਣੇ 20 ਤੋਂ ਵੱਧ ਲੋਕਤੰਤਰਾਂ ਦੀ ਮਿਸਾਲ ਦਿੱਤੀ ਜਿੱਥੇ ਵੋਟਰਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਹਟਾਉਣ ਦੀ ਵਿਵਸਥਾ ਮੌਜੂਦ ਹੈ। ਹਾਲਾਂਕਿ ਚੱਢਾ ਨੇ ਕਿਹਾ ਕਿ ਇਸ ਦੀ ਸਿਆਸੀ ਦੁਰਵਰਤੋਂ ਜਾਂ ਅਸਥਿਰਤਾ ਨੂੰ ਰੋਕਣ ਲਈ ਸੁਰੱਖਿਆ ਉਪਾਅ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਘੱਟੋ-ਘੱਟ 18 ਮਹੀਨਿਆਂ ਦਾ ਲਾਜ਼ਮੀ ਲਾਕ-ਇਨ ਪੀਰੀਅਡ ਹੋਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਰਿਕਾਲ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਿਸਟਮ ਰਾਜਨੀਤਕ ਪਾਰਟੀਆਂ ਨੂੰ ਮਜ਼ਬੂਤ ਉਮੀਦਵਾਰ ਨਾਮਜ਼ਦ ਕਰਨ ਲਈ ਪ੍ਰੇਰਿਤ ਕਰੇਗਾ, ਜਵਾਬਦੇਹੀ ਵਧਾਏਗਾ ਅਤੇ ਭ੍ਰਿਸ਼ਟਾਚਾਰ ਘਟਾਏਗਾ।
ਭਾਜਪਾ ਦੇ ਸੰਸਦ ਮੈਂਬਰ ਨੇ ਮੇਰਠ ਵਿਚ ਏਮਸ ਬਣਾਉਣ ਦੀ ਕੀਤੀ ਮੰਗ
ਸਿਫ਼ਰ ਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀਕ ਖ਼ਾਨ ਨੇ ਅਵਾਰਾ ਕੁੱਤਿਆਂ ਅਤੇ ਬਾਂਦਰਾਂ ਦੀ ਸਮੱਸਿਆ ਉਠਾਈ, ਜਦਕਿ ਜੇਡੀਯੂ ਦੇ ਸੰਜੇ ਕੁਮਾਰ ਝਾਅ ਨੇ ਦਰਭੰਗਾ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੀ ਮੰਗ ਕੀਤੀ। ਕਾਂਗਰਸ ਦੇ ਅਸ਼ੋਕ ਸਿੰਘ ਨੇ ਮੱਧ ਪ੍ਰਦੇਸ਼ ਵਿਚ ਸੋਇਆਬੀਨ ਕਿਸਾਨਾਂ ’ਤੇ ਅਮਰੀਕਾ ਦੇ ਨਾਲ ਵਪਾਰ ਸੌਦੇ ਦੇ ਪ੍ਰਭਾਵ ਦਾ ਮਾਮਲਾ ਚੁੱਕਿਆ। ਭਾਜਪਾ ਦੇ ਬਾਬੂਭਾਈ ਜੇਸਾਂਗਭਾਈ ਦੇਸਾਈ ਨੇ ਡਿਜੀਟਲ ਮੀਡੀਆ ਦੀ ਵਧਦੇ ਦੁਰਵਰਤੋਂ ਦਾ ਮਾਮਲਾ ਚੁੱਕਿਆ ਜਦਕਿ ਉਨ੍ਹਾਂ ਦੀ ਪਾਰਟੀ ਦੇ ਲਕਸ਼ਮੀਕਾਂਤ ਵਾਜਪੇਈ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਦੀਆਂ ਮੈਡੀਕਲ ਜ਼ਰੂਰਤਾਂ ਦੇ ਮੱਦੇਨਜ਼ਰ ਮੇਰਠ ਵਿਚ ਇਕ ਏਮਸ ਸਥਾਪਿਤ ਕਰਨ ਦੀ ਮੰਗ ਕੀਤੀ।