- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤਾਂ, ਬੱਚੇ ਤੇ ਬਜ਼ੁਰਗ ਪ੍ਰਦਰਸ਼ਨਾਂ ’ਚ ਸ਼ਾਮਲ ਹੋਏ ਤੇ ਮਾਰੇ ਗਏ ਲੋਕਾਂ ਲਈ ਇਨਸਾਫ਼ ਦੀ ਮੰਗ ਕੀਤੀ। ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਪਾਕਿਸਤਾਨ ਵਿਰੋਧੀ ਵੀ ਨਾਅਰੇ ਲਾਏ। ਜੇਏਏਸੀ ਨੇ ਘਟਨਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮਕਬੂਜ਼ਾ ਜੰਮੂ-ਕਸ਼ਮੀਰ (ਪੀਓਜੇਕੇ) ’ਚ ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਵੀਰਵਾਰ ਨੂੰ ਇਕ ਵਾਰ ਮੁੜ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇਏਏਸੀ) ਦੀ ਅਗਵਾਈ ’ਚ ਜਾਰੀ ਅੰਦੋਲਨ ’ਚ ਸ਼ਾਮਲ ਮੁਜ਼ਾਹਰਾਕਾਰੀਆਂ ’ਤੇ ਅੰਨ੍ਹੇਵਾਹ ਫਾਇਰੰਗ ਕਰ ਦਿੱਤੀ। ਇਸ ’ਚ 16 ਲੋਕਾਂ ਦੀ ਮੌਤ ਹੋ ਗਈ, ਜਦਕਿ 37 ਜ਼ਖ਼ਮੀ ਹੋ ਗਏ। ਪ੍ਰਦਰਸ਼ਨ ’ਚ ਬਜ਼ੁਰਗ, ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਪਰ ਪਾਕਿਸਤਾਨੀ ਰੇਂਜਰਜ਼ ਨੇ ਕਿਸੇ ਨੂੰ ਨਹੀਂ ਬਖ਼ਸ਼ਿਆ। ਇਹ ਲੋਕ ਪਿਛਲੇ ਦਿਨੀਂ ਫਾਇਰੰਗ ’ਚ ਮਾਰੇ ਗਏ 30 ਅੰਦੋਲਨਕਾਰੀਆਂ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਰਾਵਲਕੋਟ ਦੇ ਡੇਰਾ ਈਦਗਾਹ ਇਲਾਕੇ ’ਚ ਇਕੱਠੇ ਹੋਏ ਸਨ। ਬੀਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਕਤਲੇਆਮ ਦੀ ਮੁਹਿੰਮ ’ਚ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਬਿਨਾਂ ਕਿਸੇ ਚਿਤਾਵਨੀ ਦੇ ਭੀੜ ’ਤੇ ਗੋਲ਼ੀਆਂ ਚਲਾਈਆਂ। ਫਾਇਰਿੰਗ ਦੇ ਦੌਰਾਨ ਹਫੜਾ-ਦਫੜੀ ਮਚ ਗਈ ਤੇ ਲੋਕ ਜਾਨ ਬਚਾਉਣ ਲਈ ਏਧਰ-ਓਧਰ ਭੱਜਣ ਲੱਗੇ।
ਈਦਗਾਹ ਮੈਦਾਨ ’ਚ ਵੀਰਵਾਰ ਨੂੰ ਲਗਪਗ 70 ਹਜ਼ਾਰ ਲੋਕ ਮੌਜੂਦ ਸਨ। ਮਸਜਿਦ ਦੇ ਲਾਊਡਸਪੀਕਰਾਂ ਰਾਹੀਂ ਲੋਕਾਂ ਨੂੰ ਵੱਡੀ ਗਿਣਤੀ ’ਚ ਈਦਗਾਹ ’ਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਜ਼ ਯੂਨੀਵਰਸਿਟੀ ਏਰੀਆ ਵੱਲ ਅੱਗੇ ਵਧ ਰਹੇ ਸਨ, ਜਿਸ ਨੂੰ ਤਰਾਰ ਕੈਂਪਸ ਵੀ ਕਿਹਾ ਜਾਂਦਾ ਹੈ। ਲੋਕਾਂ ਨੇ ਉਨ੍ਹਾਂ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਰੇਂਜਰਜ਼ ਨੇ ਅੱਥਰੂ ਗੈਸ ਦੇ ਗੋਲ਼ੇ ਛੱਡੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਦਸਤਿਆਂ ਨਾਲ ਝੜਪ ਕਾਰਨ ਸਥਿਤੀ ਹੋਰ ਗੰਭੀਰ ਹੁੰਦੀ ਚਲੀ ਗਈ।
ਆਈਏਐੱਨਐੱਸ ਮੁਤਾਬਕ, ਇੰਟਰਨੈੱਟ ਮੀਡੀਆ ਐਕਸ ’ਤੇ ਇਕ ਪੋਸਟ ’ਚ ਜੇਏਏਸੀ ਨੇ ਦੱਸਿਆ ਕਿ ਡੇਰਾ ਈਦਗਾਹ ਮੈਦਾਨ ਸਵੇਰੇ ਫਾਇਰਿੰਗ ਦੀਆਂ ਆਵਾਜ਼ਾਂ ਨਾਲ ਗੂੰਜ ਉੱਠਿਆ। ਅਧਿਕਾਰੀਆਂ ਨਾਲ ਬੁੱਧਵਾਰ ਰਾਤ ਨੂੰ ਗੱਲਬਾਤ ਹੋਈ ਸੀ, ਇਸ ਦੇ ਬਾਵਜੂਦ ਵੀਰਵਾਰ ਸਵੇਰੇ ਮੁਲਾਜ਼ਹਰਾਕਾਰੀਆਂ ’ਤੇ ਗੋਲ਼ੀਆਂ ਵਰ੍ਹਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੇਏਏਸੀ ਨਾਲ ਜੁੜੇ ਨੌਜਵਾਨ ਆਗੂ ਸ਼ਾਹਜੇਬ ਦੀ ਹੱਤਿਆ ਤੋਂ ਬਾਅਦ ਵਿਰੋਧ-ਪ੍ਰਦਰਸ਼ਨ ਹਿੰਸਕ ਹੋ ਗਏ ਸਨ। ਪੁਲਿਸ ਨੇ ਕਮੇਟੀ ਦੇ ਚੇਅਰਮੈਨ ਉਮਰ ਨਜ਼ੀਰ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਸ਼ਾਹਜੇਬ ਨੂੰ ਗੋਲ਼ੀ ਲੱਗੀ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਿੰਸਾ ਭੜਕ ਪਈ ਤੇ ਫਾਇਰਿੰਗ ’ਚ 30 ਲੋਕ ਮਾਰੇ ਗਏ ਤੇ 200 ਜ਼ਖ਼ਮੀ ਹੋ ਗਏ।
ਇਨ੍ਹਾਂ ਹੱਤਿਆਵਾਂ ਨੇ ਪੂਰੇ ਇਲਾਕੇ ’ਚ ਗੁੱਸਾ ਪੈਦਾ ਕਰ ਦਿੱਤਾ। ਖ਼ੂਨ-ਖਰਾਬੇ ਦੇ ਬਾਵਜੂਦ, ਹਜ਼ਾਰਾਂ ਦੀ ਗਿਣਤੀ ’ਚ ਲੋਕ ਕਾਰਵਾਈ ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਰਾਵਲਕੋਟ ’ਚ ਜਮ੍ਹਾ ਹਨ। ਇੱਥੇ ਦੇ ਖਾਈ ਗਾਲਾ ਪਿੰਡ ’ਚ ਲੋਕਾਂ ਨੇ ਬਾਜ਼ਾਰ ਬੰਦ ਕਰ ਦਿੱਤੇ ਤੇ ਹਿੰਸਾ ਖ਼ਿਲਾਫ਼ ਮਾਰਚ ਕੱਢਿਆ। ਔਰਤਾਂ, ਬੱਚੇ ਤੇ ਬਜ਼ੁਰਗ ਪ੍ਰਦਰਸ਼ਨਾਂ ’ਚ ਸ਼ਾਮਲ ਹੋਏ ਤੇ ਮਾਰੇ ਗਏ ਲੋਕਾਂ ਲਈ ਇਨਸਾਫ਼ ਦੀ ਮੰਗ ਕੀਤੀ। ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਪਾਕਿਸਤਾਨ ਵਿਰੋਧੀ ਵੀ ਨਾਅਰੇ ਲਾਏ।
ਜੇਏਏਸੀ ਨੇ ਘਟਨਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਤੇ ਮਨੁੱਖੀ ਅਧਿਕਾਰ ਸੰਗਠਨਾਂ ਤੋਂ ਵੀ ਦਖ਼ਲ ਦੇ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ। ਫਾਇਰਿੰਗ ਦੀ ਘਟਨਾ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦੇ ਹੋਏ, ਅੰਦੋਲਨ ਦੇ ਆਗੂ ਸਰਦਾਰ ਅਮਾਨ ਖ਼ਾਨ ਨੇ ਐਲਾਨ ਕੀਤਾ ਕਿ ਸੰਘਰਸ਼ ਇਕ ਫ਼ੈਸਲਾਕੁਨ ਪੜਾਅ ’ਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਸੰਕਲਪ ਲਿਆ ਕਿ ਜਾਨ-ਮਾਲ ਦੇ ਨੁਕਸਾਨ ਦੇ ਬਾਵਜੂਦ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪੀਓਜੇਕੇ ਦੀਆਂ ਸੜਕਾਂ ’ਤੇ ਮੌਜੂਦ ਲੋਕਾਂ ਦੇ ਕੋਲ ਹਥਿਆਰ ਨਹੀਂ ਹਨ। ਉਹ ਸਸਤੇ ਖਾਣੇ, ਸਸਤੀ ਬਿਜਲੀ ਤੇ ਸਨਮਾਨਜਨਕ ਜ਼ਿੰਦਗੀ ਦੀ ਮੰਗ ਕਰ ਰਹੇ ਹਨ, ਫਿਰ ਵੀ, ਉਨ੍ਹਾਂ ਨੂੰ ਜਵਾਬ ’ਚ ਗੋਲ਼ੀਆਂ ਮਿਲੀਆਂ ਹਨ।