ਪੀਐਮ ਮੋਦੀ ਨੇ ਕਿਹਾ ਕਿ ਇਸ ਜੰਗ ਨੇ ਭਾਰਤ ਦੇ ਸਾਹਮਣੇ ਵੀ ਅਣਪਛਾਤੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇਹ ਚੁਣੌਤੀਆਂ ਆਰਥਿਕ ਵੀ ਹਨ, ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਵੀ ਹਨ ਅਤੇ ਮਾਨਵੀ ਵੀ ਹਨ। ਪ੍ਰਧਾਨ ਮੰਤਰੀ ਨੇ ਹੋਰਮੁਜ਼ ਸਟ੍ਰੇਟ (Hormuz Strait) ਵਿੱਚ ਲਗਾਈਆਂ ਪਾਬੰਦੀਆਂ 'ਤੇ ਕਿਹਾ ਕਿ ਉੱਥੇ ਰੁਕਾਵਟ ਸਵੀਕਾਰ ਨਹੀਂ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਲੋਕ ਸਭਾ 'ਚ ਮਿਡਲ ਈਸਟ ਦੇ ਮੁੱਦੇ 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮਿਡਲ ਈਸਟ ਵਿੱਚ ਜਾਰੀ ਜੰਗ ਨੂੰ ਲੈ ਕੇ ਪੂਰੀ ਦੁਨੀਆ ਸਾਰੇ ਪੱਖਾਂ ਨੂੰ ਇਸ ਸੰਕਟ ਦੇ ਜਲਦ ਤੋਂ ਜਲਦ ਹੱਲ ਲਈ ਬੇਨਤੀ ਕਰ ਰਹੀ ਹੈ।
ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਇਸ ਜੰਗ ਨੇ ਭਾਰਤ ਦੇ ਸਾਹਮਣੇ ਵੀ ਅਣਪਛਾਤੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇਹ ਚੁਣੌਤੀਆਂ ਆਰਥਿਕ ਵੀ ਹਨ, ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਵੀ ਹਨ ਅਤੇ ਮਨੁੱਖੀ ਵੀ ਹਨ। ਪ੍ਰਧਾਨ ਮੰਤਰੀ ਨੇ ਹੋਰਮੁਜ਼ ਸਟ੍ਰੇਟ (Hormuz Strait) ਵਿੱਚ ਲਗਾਈਆਂ ਪਾਬੰਦੀਆਂ 'ਤੇ ਕਿਹਾ ਕਿ ਉੱਥੇ ਰੁਕਾਵਟ ਸਵੀਕਾਰਨ ਯੋਗ ਨਹੀਂ ਹੈ। ਭਾਰਤ ਦੀ ਭੂਮਿਕਾ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਤਣਾਅ ਖਤਮ ਹੋਣਾ ਚਾਹੀਦਾ ਹੈ।
ਜੰਗ ਪ੍ਰਭਾਵਿਤ ਦੇਸ਼ਾਂ ਨਾਲ ਭਾਰਤ ਦੇ ਵਿਆਪਕ ਵਪਾਰਕ ਰਿਸ਼ਤੇ ਹਨ। ਜਿਸ ਖੇਤਰ ਵਿਚ ਇਹ ਜੰਗ ਹੋ ਰਹੀ ਹੈ, ਉਹ ਦੁਨੀਆ ਦੇ ਹੋਰ ਦੇਸ਼ਾਂ ਨਾਲ ਸਾਡੇ ਵਪਾਰ ਦਾ ਮਹੱਤਵਪੂਰਨ ਰਸਤਾ ਹੈ। ਖਾਸ ਤੌਰ 'ਤੇ ਕੱਚੇ ਤੇਲ ਤੇ ਗੈਸ ਦੀਆਂ ਸਾਡੀਆਂ ਲੋੜਾਂ ਦਾ ਵੱਡਾ ਹਿੱਸਾ ਇਹੀ ਖੇਤਰ ਪੂਰਾ ਕਰਦਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਇਸ ਸਮੇਂ ਪੱਛਮੀ ਏਸ਼ੀਆ ਦੀ ਹਾਲਤ ਚਿੰਤਾਜਨਕ ਹੈ। ਪਿਛਲੇ 3 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਜਾਰੀ ਇਸ ਸੰਕਟ ਦਾ ਪੂਰੀ ਦੁਨੀਆ ਦੀ ਆਰਥਿਕਤਾ ਅਤੇ ਲੋਕਾਂ ਦੇ ਜੀਵਨ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਹਰਦੀਪ ਪੁਰੀ ਨੇ ਪਹਿਲਾਂ ਹੀ ਸੰਸਦ ਨੂੰ ਇਸ ਬਾਰੇ ਜ਼ਰੂਰੀ ਜਾਣਕਾਰੀ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਸਾਡੀ ਸਰਵਉੱਚ ਪਹਿਲ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸੰਸਦ ਵੱਲੋਂ ਇਸ ਸੰਕਟ ਬਾਰੇ ਇੱਕਮਤ ਤੇ ਇੱਕਜੁੱਟ ਆਵਾਜ਼ ਦੁਨੀਆ 'ਚ ਜਾਣੀ ਚਾਹੀਦੀ ਹੈ। ਪ੍ਰਭਾਵਿਤ ਖੇਤਰਾਂ 'ਚ ਹਰ ਭਾਰਤੀ ਨੂੰ ਜ਼ਰੂਰੀ ਮਦਦ ਦਿੱਤੀ ਜਾ ਰਹੀ ਹੈ। ਪੀਐਮ ਨੇ ਖੁਦ ਪੱਛਮੀ ਏਸ਼ੀਆ ਦੇ ਜ਼ਿਆਦਾਤਰ ਰਾਸ਼ਟਰਮੁਖੀਆਂ ਨਾਲ ਫ਼ੋਨ 'ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਭਾਰਤੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 3 ਲੱਖ 75 ਹਜ਼ਾਰ ਤੋਂ ਵੱਧ ਭਾਰਤੀ ਸੁਰੱਖਿਅਤ ਭਾਰਤ ਪਹੁੰਚ ਚੁੱਕੇ ਹਨ। ਭਾਰਤ ਅਤੇ ਪ੍ਰਭਾਵਿਤ ਦੇਸ਼ਾਂ ਵਿੱਚ 24x7 ਕੰਟਰੋਲ ਰੂਮ ਅਤੇ ਐਮਰਜੈਂਸੀ ਹੈਲਪਲਾਈਨਾਂ ਸਥਾਪਿਤ ਕੀਤੀਆਂ ਗਈਆਂ ਹਨ।
ਸਰਕਾਰ ਸੰਵੇਦਨਸ਼ੀਲ ਹੋਣ ਦੇ ਨਾਲ-ਨਾਲ ਚੌਕਸ ਵੀ ਹੈ। ਹੋਰਮੁਜ਼ ਸਟ੍ਰੇਟ ਰਾਹੀਂ ਜਹਾਜ਼ਾਂ ਦੀ ਆਵਾਜਾਈ ਚੁਣੌਤੀਪੂਰਨ ਹੋ ਗਈ ਹੈ, ਫਿਰ ਵੀ ਕੋਸ਼ਿਸ਼ ਹੈ ਕਿ ਪੈਟਰੋਲ, ਡੀਜ਼ਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ।
ਭਾਰਤ ਕੋਲ ਇਸ ਸਮੇਂ 53 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਹੈ। ਸਰਕਾਰ ਹੋਰ 65 ਲੱਖ ਮੀਟ੍ਰਿਕ ਟਨ ਦੇ ਰਿਜ਼ਰਵ ਦੀ ਵਿਵਸਥਾ 'ਤੇ ਕੰਮ ਕਰ ਰਹੀ ਹੈ। ਪਿਛਲੇ 11 ਸਾਲਾਂ ਵਿੱਚ ਰਿਫਾਇਨਰੀ ਸਮਰੱਥਾ ਵਿੱਚ ਵੀ ਭਾਰੀ ਵਾਧਾ ਹੋਇਆ ਹੈ।
ਪੀਐਮ ਨੇ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ ਇਥੇਨੌਲ ਉਤਪਾਦਨ 'ਤੇ ਬਹੁਤ ਕੰਮ ਹੋਇਆ ਹੈ। ਇੱਕ ਦਹਾਕਾ ਪਹਿਲਾਂ ਇਥੇਨੌਲ ਬਲੇਂਡਿੰਗ ਸਿਰਫ਼ 1-1.5% ਸੀ, ਜੋ ਹੁਣ 20% ਦੇ ਕਰੀਬ ਪਹੁੰਚ ਰਹੀ ਹੈ। ਇਸ ਕਾਰਨ ਹਰ ਸਾਲ ਲਗਪਗ 4.5 ਕਰੋੜ ਬੈਰਲ ਘੱਟ ਤੇਲ ਇੰਪੋਰਟ ਕਰਨਾ ਪੈ ਰਿਹਾ ਹੈ।