ਰਿਮੋਟ ਨਾਲ ਬਦਲ ਜਾਂਦੀ ਸੀ ਨੰਬਰ ਪਲੇਟ... ਹੈਦਰਾਬਾਦ 'ਚ BMW ਮਾਲਕ ਦਾ 'ਹਾਈ-ਟੈਕ ਜੁਗਾੜ' ਪਿਆ ਭਾਰੀ, ਦੋਸ਼ੀ ਗ੍ਰਿਫਤਾਰ
ਫੜਿਆ ਗਿਆ ਮੁਲਜ਼ਮ ਉਸ ਸਮੇਂ ਨਸ਼ੇ ਦੀ ਹਾਲਤ ’ਚ ਸੀ। ਪੁਲਿਸ ਨੇ ਨਾ ਸਿਰਫ ਉਸ ਦੇ ਧੋਖਾਧੜੀ ਵਾਲੇ ਸਿਸਟਮ ਦਾ ਭਾਂਡਾ ਭੰਨਿਆ ਸਗੋਂ ਉਸ ਦੀ ਲਗਜ਼ਰੀ ਕਾਰ ਨੂੰ ਵੀ ਜ਼ਬਤ ਕਰ ਲਿਆ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
Publish Date: Mon, 13 Apr 2026 10:06 AM (IST)
Updated Date: Mon, 13 Apr 2026 10:13 AM (IST)
ਹੈਦਰਾਬਾਦ (ਏਜੰਸੀ) : ਆਧੁਨਿਕ ਤਕਨੀਕ ਜਿਥੇ ਜੀਵਨ ਨੂੰ ਆਸਾਨ ਬਣਾ ਰਹੀ ਹੈ, ਉਥੇ ਕੁਝ ਲੋਕ ਇਸ ਦੀ ਵਰਤੋਂ ਕਾਨੂੰਨ ਦੀਆਂ ਅੱਖਾਂ ’ਚ ਧੂੜ ਝੋਂਕਨ ਲਈ ਵੀ ਕਰ ਰਹੇ ਹਨ। ਸੜਕਾਂ ’ਤੇ ਰਫਤਾਰ ਤੇ ਰੌਬ ਦਿਖਾਉਣ ਦਾ ਸ਼ੌਕ ਰੱਖਣ ਵਾਲੇ ਇਕ ਅਮੀਰ ਨੇ ਜੋ ਜਾਦੂਈ ਤਰੀਕਾ ਅਪਨਾਇਆ, ਉਸ ਨੇ ਟ੍ਰੈਫਿਕ ਪੁਲਿਸ ਦੇ ਵੀ ਹੋਸ਼ ਉਡਾ ਦਿੱਤੇ। ਇਹ ਮਾਮਲਾ ਕਿਸੇ ਹਾਲੀਵੁੱਡ ਫਿਲਮ ਦੇ ਸੀਨ ਵਰਗਾ ਹੈ, ਜਿਥੇ ਇਕ ਲਗਜ਼ਰੀ ਬੀਐੱਮਡਬਲਯੂ ਕਾਰ ਦਾ ਮਾਲਕ ਟ੍ਰੈਫਿਕ ਚਾਲਾਨ ਤੋਂ ਬਚਨ ਲਈ ਸਿਰਫ ਇਕ ਬਟਨ ਦਬਾ ਕੇ ਆਪਣੀ ਗੱਡੀ ਦੀ ਨੰਬਰ ਪਲੇਟ ਨੂੰ ਬਦਲ ਦਿੰਦਾ ਸੀ ਪਰ ਕਹਿੰਦੇ ਹਨ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਤੇ ਇਸ ਵਾਰ ਇਹ ਹੱਥ ਸਿੱਧਾ ਉਸ ਹਾਈਟੈੱਕ ਰਿਮੋਟ ਤੱਕ ਜਾ ਪਹੁੰਚੇ।
ਰਿਮੋਟ ਦਬਾਉਂਦੇ ਹੀ ਬਦਲ ਜਾਂਦੀ ਸੀ ਨੰਬਰ ਬਲੇਟ
ਹੈਦਰਾਬਾਦ ਦੇ ਪੌਸ਼ ਇਲਾਕੇ ਜੁਬਲੀ ਹਿਲਜ਼ ’ਚ ਸ਼ਨੀਵਾਰ ਰਾਤ ਨੂੰ ਟ੍ਰੈਫਿਕ ਪੁਲਿਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਵਿਰੁੱਧ ਚੈੱਕਿੰਗ ਮੁਹਿੰਮ ਚਲਾ ਰਹੀ ਸੀ। ਇਸ ਦੌਰਾਨ ਇਕ ਚਿੱਟੇ ਰੰਗ ਦੀ ਬੀਐੱਮਡਬੂਲਯੂ ਨੂੰ ਰੋਕਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਨੂੰ ਕੁਝ ਸ਼ੱਕੀ ਲੱਗਾ। ਜਾਂਚ ’ਚ ਪਤਾ ਲੱਗਾ ਕਿ ਕਾਰ ’ਚ ਇਕ ਅਤਿ-ਆਧੁਨਿਕ ਰਿਮੋਟ ਕੰਟਰੋਲ ਮੈਕੇਨਿਜ਼ਮ ਲੱਗਾ ਹੋਇਆ ਹੈ। ਮਾਲਕ ਨੇ ਗੱਡੀ ’ਤੇ ਦੋ ਵੱਖ-ਵੱਖ ਨੰਬਰ ਪਲੇਟਾਂ ਲਗਾਈਆਂ ਹੋਈਆਂ ਸਨ, ਇਕ ਦਿੱਲੀ ਦੀ ਤੇ ਦੂਜੀ ਤੇਲੰਗਾਨਾ ਦੀ। ਬੇਹੱਦ ਉੱਨਤ ਫਲਿਪ ਨੰਬਰ ਪਲੇਟ ਸਿਸਟਮ ਜ਼ਰੀਏ ਉਹ ਕਾਰ ਦੇ ਅੰਦਰ ਬੈਠੇ-ਬੈਠੇ ਰਿਮੋਟ ਦਾ ਬਟਨ ਦਬਾਉਂਦਾ ਤੇ ਕੁਝ ਸੈਕਿੰਡਾਂ ’ਚ ਦਿੱਲੀ ਦੀ ਨੰਬਰ ਪਲੇਟ ਬਦਲ ਕੇ ਤੇਲੰਗਾਨਾ ਦੀ ਹੋ ਜਾਂਦੀ ਭਾਵ ਜੇ ਪੁਲਿਸ ਦੀਆਂ ਨਜ਼ਰਾਂ ’ਚ ਇਕ ਨੰਬਰ ਆਉਂਦਾ ਤਾਂ ਪਲਕ ਝਪਕਦੇ ਹੀ ਉਹ ਦੂਜਾ ਨੰਬਰ ਬਣ ਜਾਂਦਾ। ਇਸ ਦਾ ਮਕਸਦ ਸਿਰਫ ਇਕ ਹੀ ਸੀ, ਟ੍ਰੈਫਿਕ ਨਿਯਮਾਂ ਦੀਆਂ ਧੱਝੀਆਂ ਉਡਾਉਣਾ ਤੇ ਸ਼ਹਿਰ ’ਚ ਲੱਗੇ ਕੈਮਰਿਆਂ ਤੇ ਟ੍ਰੈਫਿਕ ਚਾਲਾਨ ਤੋਂ ਬੱਚ ਨਿਕਲਣਾ।
ਫੜਿਆ ਗਿਆ ਮੁਲਜ਼ਮ ਉਸ ਸਮੇਂ ਨਸ਼ੇ ਦੀ ਹਾਲਤ ’ਚ ਸੀ। ਪੁਲਿਸ ਨੇ ਨਾ ਸਿਰਫ ਉਸ ਦੇ ਧੋਖਾਧੜੀ ਵਾਲੇ ਸਿਸਟਮ ਦਾ ਭਾਂਡਾ ਭੰਨਿਆ ਸਗੋਂ ਉਸ ਦੀ ਲਗਜ਼ਰੀ ਕਾਰ ਨੂੰ ਵੀ ਜ਼ਬਤ ਕਰ ਲਿਆ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।