ਭਾਰਤ ਕਿਸੇ ਪਰਮਾਣੂ ਊਰਜਾ ਪਲਾਂਟ ਨੂੰ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਨਵਾਂ ਜੀਵਨ ਦੇਣ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਕੁਝ ਹੀ ਮਹੀਨਿਆਂ 'ਚ 160 ਮੈਗਾਵਾਟ ਸਮਰੱਥਾ ਵਾਲੇ TAPS-2 ਦਾ ਨਵੀਨੀਕਰਨ ਵੀ ਪੂਰਾ ਹੋ ਜਾਵੇਗਾ।

ਓਮਪ੍ਰਕਾਸ਼ ਤਿਵਾਰੀ, ਮੁੰਬਈ : ਭਾਰਤ ਨੇ ਆਪਣੇ ਪਰਮਾਣੂ ਊਰਜਾ ਉਤਪਾਦਨ ਪ੍ਰੋਗਰਾਮ 'ਚ ਇਕ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਹੈ। ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਸਥਿਤ ਦੇਸ਼ ਦੇ ਪਹਿਲੇ ਪਰਮਾਣੂ ਊਰਜਾ ਪਲਾਂਟ (TAPS) ਦੀ ਯੂਨਿਟ-1 ਮੁਰੰਮਤ ਤੇ ਨਵੀਨੀਕਰਨ ਤੋਂ ਬਾਅਦ ਮੁੜ 160 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਨ ਲੱਗ ਪਈ ਹੈ। ਇਸ ਤਰ੍ਹਾਂ ਭਾਰਤ ਕਿਸੇ ਪਰਮਾਣੂ ਊਰਜਾ ਪਲਾਂਟ ਨੂੰ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਨਵਾਂ ਜੀਵਨ ਦੇਣ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਕੁਝ ਹੀ ਮਹੀਨਿਆਂ 'ਚ 160 ਮੈਗਾਵਾਟ ਸਮਰੱਥਾ ਵਾਲੇ TAPS-2 ਦਾ ਨਵੀਨੀਕਰਨ ਵੀ ਪੂਰਾ ਹੋ ਜਾਵੇਗਾ।
1969 'ਚ ਚਾਲੂ ਕੀਤੇ ਗਏ TAPS-1 ਅਤੇ TAPS-2, ਪਹਿਲਾਂ ਸੋਵੀਅਤ ਸੰਘ ਤੋਂ ਬਾਹਰ ਏਸ਼ੀਆ ਦੇ ਪਹਿਲੇ ਪਰਮਾਣੂ ਊਰਜਾ ਰਿਐਕਟਰ ਸਨ। ਨਿਊਕਲੀਅਰ ਪਾਵਰ ਪ੍ਰੋਗਰਾਮ ਦੀ ਲੜੀ 'ਚ ਇਨ੍ਹਾਂ ਦੋਵਾਂ ਰਿਐਕਟਰਾਂ ਦੀ ਕਹਾਣੀ ਸਿਰਫ਼ ਲੰਬੀ ਉਮਰ ਦੀ ਨਹੀਂ ਹੈ, ਸਗੋਂ ਲਗਾਤਾਰ ਸਿੱਖਣ ਅਤੇ ਆਧੁਨਿਕੀਕਰਨ ਦੀ ਵੀ ਹੈ।
ਆਮ ਤੌਰ 'ਤੇ ਪਰਮਾਣੂ ਰਿਐਕਟਰਾਂ ਦੀ ਉਮਰ 40 ਤੋਂ 50 ਸਾਲ ਮੰਨੀ ਜਾਂਦੀ ਹੈ ਜਿਸ ਤੋਂ ਬਾਅਦ ਜ਼ਿਆਦਾਤਰ ਦੇਸ਼ ਇਨ੍ਹਾਂ ਨੂੰ ਬੰਦ (ਡੀ-ਕਮਿਸ਼ਨ) ਕਰ ਦਿੰਦੇ ਹਨ। ਪਰ 1969 'ਚ ਸ਼ੁਰੂ ਹੋਏ TAPS-1 ਅਤੇ TAPS-2 ਆਪਣੇ ਪਹਿਲੇ ਕਾਰਜਕਾਲ 'ਚ 57 ਸਾਲ ਸੇਵਾਵਾਂ ਦੇਣ ਤੋਂ ਬਾਅਦ ਭਾਰਤੀ ਵਿਗਿਆਨੀਆਂ ਦੀ ਮਿਹਨਤ ਅਤੇ ਸਵਦੇਸ਼ੀ ਤਕਨੀਕ ਦੇ ਦਮ 'ਤੇ ਇਕ ਵਾਰ ਫਿਰ ਅਗਲੇ 15-20 ਸਾਲਾਂ ਲਈ ਤਿਆਰ ਹੋ ਗਏ ਹਨ।
ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (NPCIL) ਅਨੁਸਾਰ, ਪੰਜ ਦਹਾਕਿਆਂ ਤੋਂ ਵੱਧ ਸੁਰੱਖਿਅਤ ਸੰਚਾਲਨ ਤੋਂ ਬਾਅਦ ਇਨ੍ਹਾਂ ਦੋਵਾਂ ਇਕਾਈਆਂ ਨੂੰ 2020 'ਚ ਆਧੁਨਿਕੀਕਰਨ ਲਈ ਬੰਦ ਕੀਤਾ ਗਿਆ ਸੀ। ਛੇ ਸਾਲਾਂ ਦੀ ਸਖ਼ਤ ਨਿਗਰਾਨੀ ਹੇਠ ਇਹ ਕੰਮ ਪੂਰਾ ਕੀਤਾ ਗਿਆ ਹੈ। TAPS-1 ਨੂੰ ਰਾਸ਼ਟਰੀ ਗ੍ਰਿਡ ਨਾਲ ਜੋੜ ਦਿੱਤਾ ਗਿਆ ਹੈ ਤੇ TAPS-2 ਵੀ ਜਲਦੀ ਹੀ ਜੋੜ ਦਿੱਤਾ ਜਾਵੇਗਾ।
ਪਲਾਂਟ ਦੇ ਨਵੀਨੀਕਰਨ 'ਚ ਰਿਐਕਟਰ ਦੀਆਂ ਪੁਰਾਣੀਆਂ ਪਾਈਪਾਂ ਨੂੰ ਜੰਗ-ਰੋਧਕ ਸਮੱਗਰੀ ਨਾਲ ਬਦਲਣਾ, 3D ਲੇਜ਼ਰ ਸਕੈਨਿੰਗ, ਟਰਬਾਈਨ-ਜਨਰੇਟਰ ਪ੍ਰਣਾਲੀ ਦਾ ਨਵੀਨੀਕਰਨ ਤੇ ਬਿਜਲੀ ਪ੍ਰਣਾਲੀਆਂ 'ਚ ਸੁਧਾਰ ਸ਼ਾਮਲ ਸਨ। ਅਜਿਹੇ ਗੁੰਝਲਦਾਰ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰਨਾ NPCIL ਦੀ ਇੰਜੀਨੀਅਰਿੰਗ ਉੱਤਮਤਾ ਨੂੰ ਦਰਸਾਉਂਦਾ ਹੈ।
ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਦੋਵਾਂ ਯੂਨਿਟਾਂ ਨੇ 1,00,000 ਮਿਲੀਅਨ ਯੂਨਿਟ ਤੋਂ ਵੱਧ ਸਵੱਛ ਬਿਜਲੀ ਪੈਦਾ ਕੀਤੀ ਹੈ ਜਿਸ ਨਾਲ ਵਾਤਾਵਰਨ 'ਚ 86 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਰੋਕਿਆ ਗਿਆ ਹੈ।
TAPS-1 ਅਤੇ 2 ਪਹਿਲੀ ਪੀੜ੍ਹੀ ਦੇ BWR (Boiling Water Reactors) ਹਨ। ਇਨ੍ਹਾਂ ਦੀ ਸਥਾਪਨਾ ਭਾਰਤੀ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ ਡਾ. ਹੋਮੀ ਜਹਾਂਗੀਰ ਭਾਬਾ ਦੀ ਕਲਪਨਾ ਅਨੁਸਾਰ ਕੀਤੀ ਗਈ ਸੀ। ਸ਼ੁਰੂ ਵਿਚ ਇਨ੍ਹਾਂ ਦੀ ਸਮਰੱਥਾ 210 ਮੈਗਾਵਾਟ ਸੀ ਜਿਸ ਨੂੰ ਬਾਅਦ ਵਿਚ ਤਕਨੀਕੀ ਕਾਰਨਾਂ ਕਰਕੇ ਘਟਾ ਕੇ 160 ਮੈਗਾਵਾਟ ਕਰ ਦਿੱਤਾ ਗਿਆ ਸੀ।