ਬੰਗਾਲ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੇ ਪਹਿਲੇ ਫੈਸਲੇ ਵਿੱਚ 'ਵੰਦੇ ਮਾਤਰਮ' ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ 'ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਕਾਨੂੰਨ' (Prevention of Insults to National Honour Act) ਵਿੱਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਸਰਕਾਰ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ 'ਤੇ ਇਹ ਬਦਲਾਅ ਕਰ ਰਹੀ ਹੈ। ਇਸ ਦੇ ਲਈ ਕਾਨੂੰਨ ਦੀ ਧਾਰਾ 3 ਵਿੱਚ ਸੋਧ ਕੀਤੀ ਜਾਵੇਗੀ। ਇਸ ਧਾਰਾ ਅਨੁਸਾਰ, ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਰਾਸ਼ਟਰੀ ਗਾਨ ਗਾਉਣ ਵਿੱਚ ਵਿਘਨ ਪਾਉਂਦਾ ਹੈ ਜਾਂ ਉਸਨੂੰ ਰੋਕਦਾ ਹੈ, ਤਾਂ ਉਸਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਦੁਬਾਰਾ ਅਪਰਾਧ ਕਰਨ 'ਤੇ ਘੱਟੋ-ਘੱਟ ਇੱਕ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਸੋਧ ਤੋਂ ਬਾਅਦ ਇਹੀ ਨਿਯਮ 'ਵੰਦੇ ਮਾਤਰਮ' 'ਤੇ ਵੀ ਲਾਗੂ ਹੋਣਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਾਂ ਵੀ 'ਵੰਦੇ ਮਾਤਰਮ' ਨੂੰ ਰਾਸ਼ਟਰੀ ਗਾਨ ਦੇ ਬਰਾਬਰ ਦਰਜਾ ਦੇਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਕਾਂਗਰਸ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਸਿਆਸਤ ਕਾਰਨ ਇਸ ਗੀਤ ਨੂੰ ਪਿੱਛੇ ਰੱਖਿਆ।
'ਵੰਦੇ ਮਾਤਰਮ' ਦਾ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਖ਼ਾਸ ਮਹੱਤਵ ਰਿਹਾ ਹੈ। ਇਸਨੂੰ ਬੰਕਿਮ ਚੰਦਰ ਚਟੋਪਾਧਿਆਏ ਨੇ 1882 ਵਿੱਚ ਆਪਣੇ ਨਾਵਲ 'ਆਨੰਦਮਠ' ਵਿੱਚ ਲਿਖਿਆ ਸੀ, ਜੋ ਉਸ ਸਮੇਂ ਅੰਗਰੇਜ਼ਾਂ ਵਿਰੁੱਧ ਅੰਦੋਲਨ ਦਾ ਪ੍ਰਤੀਕ ਬਣਿਆ।