ਦੇਸ਼ ਵਿਚ ਨਿਪਾਹ ਵਾਇਰਸ ਦੇ ਦੋ ਮਾਮਲੇ ਆਏ ਸਾਹਮਣੇ; WHO ਨੇ ਕਿਹਾ- 'ਯਾਤਰਾ ਜਾਂ ਵਪਾਰ 'ਤੇ ਰੋਕ ਲਗਾਉਣ ਦੀ ਲੋੜ ਨਹੀਂ'
Nipah Virus ਨਾਲ ਜੁੜੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ WHO ਨੇ ਇਹ ਵੀ ਕਿਹਾ ਕਿ ਵਾਇਰਸ ਇਨਫੈਕਸ਼ਨ ਦੇ ਇਨ੍ਹਾਂ ਦੋ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਯਾਤਰਾ ਜਾਂ ਵਪਾਰ 'ਤੇ ਰੋਕ ਲਗਾਉਣ ਦੀ ਕੋਈ ਲੋੜ ਨਹੀਂ ਹੈ।
Publish Date: Fri, 30 Jan 2026 01:56 PM (IST)
Updated Date: Fri, 30 Jan 2026 02:42 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ 'ਚ ਨਿਪਾਹ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ, 30 ਜਨਵਰੀ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਭਾਰਤ ਵਿੱਚ ਨਿਪਾਹ ਵਾਇਰਸ ਫੈਲਣ ਦਾ ਖ਼ਤਰਾ ਘੱਟ ਹੈ।
WHO ਨੇ ਇਹ ਵੀ ਕਿਹਾ ਕਿ ਵਾਇਰਸ ਇਨਫੈਕਸ਼ਨ ਦੇ ਇਨ੍ਹਾਂ ਦੋ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਯਾਤਰਾ ਜਾਂ ਵਪਾਰ 'ਤੇ ਰੋਕ ਲਗਾਉਣ ਦੀ ਕੋਈ ਲੋੜ ਨਹੀਂ ਹੈ।
ਭਾਰਤ 'ਚ ਨਿਪਾਹ ਵਾਇਰਸ ਦੇ ਫੈਲਣ ਦਾ ਖ਼ਤਰਾ ਘੱਟ
ਗਲੋਬਲ ਹੈਲਥ ਏਜੰਸੀ (WHO) ਨੇ ਆਪਣੀ ਵੈੱਬਸਾਈਟ 'ਤੇ ਸਾਂਝੇ ਕੀਤੇ ਇਕ ਅਪਡੇਟ 'ਚ ਕਿਹਾ ਹੈ ਕਿ ਭਾਰਤ 'ਚ ਇਨਸਾਨਾਂ ਦੇ ਵਿਚਕਾਰ ਇਨਫੈਕਸ਼ਨ ਵਧਣ ਦਾ ਕੋਈ ਸਬੂਤ ਨਹੀਂ ਹੈ ਜਿਸ ਕਾਰਨ ਰਾਸ਼ਟਰੀ, ਖੇਤਰੀ ਅਤੇ ਵਿਸ਼ਵ ਪੱਧਰੀ ਜੋਖ਼ਮ ਘੱਟ ਬਣਿਆ ਹੋਇਆ ਹੈ।
ਪੱਛਮੀ ਬੰਗਾਲ ਦੇ ਇਹ ਦੋਵੇਂ ਮਾਮਲੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਸਾਹਮਣੇ ਆਏ ਸਨ। WHO ਨੇ ਕਿਹਾ ਕਿ ਇਹ ਮਾਮਲੇ ਇਸੇ ਜ਼ਿਲ੍ਹੇ ਤਕ ਸੀਮਤ ਹਨ ਅਤੇ ਜਦੋਂ ਮਰੀਜ਼ਾਂ 'ਚ ਲੱਛਣ ਦਿਖਾਈ ਦੇ ਰਹੇ ਸਨ, ਉਦੋਂ ਉਨ੍ਹਾਂ ਦੇ ਯਾਤਰਾ ਕਰਨ ਦੀ ਕੋਈ ਰਿਪੋਰਟ ਨਹੀਂ ਹੈ।
ਯਾਤਰਾ ਜਾਂ ਵਪਾਰ ਰੋਕਣ ਦੀ ਲੋੜ ਨਹੀਂ
WHO ਨੇ ਅੱਗੇ ਕਿਹਾ, 'ਭਾਰਤ ਦੇ ਦੂਜੇ ਸੂਬਿਆਂ 'ਚ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਵਾਇਰਸ ਦੇ ਫੈਲਣ ਦੀ ਸੰਭਾਵਨਾ ਘੱਟ ਹੈ।' ਇਸ ਆਧਾਰ 'ਤੇ ਏਜੰਸੀ ਵੱਲੋਂ ਕਿਹਾ ਗਿਆ ਕਿ ਇਸ ਵਾਇਰਸ ਕਾਰਨ ਯਾਤਰਾ ਜਾਂ ਵਪਾਰ ਨੂੰ ਰੋਕਣ ਦੀ ਕੋਈ ਲੋੜ ਨਹੀਂ ਹੈ।
ਕੀ ਹੈ ਨਿਪਾਹ ਵਾਇਰਸ?
ਨਿਪਾਹ ਵਾਇਰਸ ਇਕ ਐਸੀ ਬਿਮਾਰੀ ਹੈ ਜੋ ਮੁੱਖ ਤੌਰ 'ਤੇ ਚਮਗਿੱਦੜਾਂ ਤੋਂ ਇਨਸਾਨਾਂ 'ਚ ਫੈਲਦੀ ਹੈ। WHO ਦਾ ਕਹਿਣਾ ਹੈ ਕਿ ਇਹ ਦੂਸ਼ਿਤ ਭੋਜਨ ਜਾਂ ਨਜ਼ਦੀਕੀ ਸੰਪਰਕ ਰਾਹੀਂ ਹੋ ਸਕਦੀ ਹੈ। ਇਹ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਫੈਲ ਸਕਦਾ ਹੈ ਪਰ ਇਹ ਆਸਾਨੀ ਨਾਲ ਨਹੀਂ ਫੈਲਦਾ। ਇਹ ਵਾਇਰਸ ਉਦੋਂ ਹੀ ਫੈਲਦਾ ਹੈ ਜਦੋਂ ਦੋ ਲੋਕ ਲੰਬੇ ਸਮੇਂ ਤੋਂ ਇਕ-ਦੂਜੇ ਦੇ ਸੰਪਰਕ ਵਿਚ ਹੋਣ।