ਇਹ ਗਿਰੋਹ ਆਈਐੱਸਆਈ ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜੇ ਮਾਡਿਊਲ ਨਾਲ ਜੁੜਿਆ ਹੈ। ਇਨ੍ਹਾਂ ਨੂੰ ਫੌਜ ਤੇ ਨੀਮ ਫ਼ੌਜੀ ਦਸਤਿਆਂ ਦੇ ਟਿਕਾਣਿਆਂ ਦੀ ਜਾਣਕਾਰੀ ਇਕੱਠੀਕਰਨ, ਫੋਟੋ ਵੀਡੀਓ ਬਣਾਉਣ ਤੇ ਉੱਥੇ ਸੋਲਰ ਸੀਸੀਟੀਵੀ ਕੈਮਰੇ ਲਗਾਉਣ ਦਾ ਟਾਸਕ ਦਿੱਤਾ ਗਿਆ ਸੀ।

ਜਾਗਰਣ ਟੀਮ, ਨਵੀਂ ਦਿੱਲੀ: ਸੰਵੇਦਨਸ਼ੀਲ ਥਾਵਾਂ ’ਤੇ ਸੋਲਰ ਸੀਸੀਟੀਵੀ ਕੈਮਰੇ ਲਗਾ ਕੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਨੂੰ ਲਾਈਵ ਫੁੱਟੇਜ ਭੇਜਣ ਦੇ ਦੋਸ਼ ’ਚ ਗਾਜ਼ੀਆਬਾਦ ਪੁਲਿਸ ਵੱਲੋਂ 21 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਸੇ ਤਰ੍ਹਾਂ ਦੇ ਇਕ ਮਾਡਿਊਲ ਦਾ ਪਰਦਾਫਾਸ਼ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਹੈ। ਸਪੈਸ਼ਲ ਸੈੱਲ ਨੇ ਦਿੱਲੀ ਤੇ ਪੰਜਾਬ ਤੋਂ 11 ਜਾਸੂਸਾਂ ਤੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਆਈਐੱਸਆਈ ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜੇ ਮਾਡਿਊਲ ਨਾਲ ਜੁੜਿਆ ਹੈ। ਇਨ੍ਹਾਂ ਨੂੰ ਫੌਜ ਤੇ ਨੀਮ ਫ਼ੌਜੀ ਦਸਤਿਆਂ ਦੇ ਟਿਕਾਣਿਆਂ ਦੀ ਜਾਣਕਾਰੀ ਇਕੱਠੀਕਰਨ, ਫੋਟੋ ਵੀਡੀਓ ਬਣਾਉਣ ਤੇ ਉੱਥੇ ਸੋਲਰ ਸੀਸੀਟੀਵੀ ਕੈਮਰੇ ਲਗਾਉਣ ਦਾ ਟਾਸਕ ਦਿੱਤਾ ਗਿਆ ਸੀ।
ਐੱਨਸੀਆਰ ’ਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਜਾਸੂਸੀ ਕਰਾਏ ਜਾਣ ਦਾ ਮਾਮਲਾ ਪਹਿਲੀ ਵਾਰੀ 14 ਮਾਰਚ ਨੂੰ ਸਾਹਮਣੇ ਆਇਆ ਸੀ। ਉਦੋਂ ਗਾਜ਼ੀਆਬਾਦ ਦੇ ਕੌਸ਼ਾਂਬੀ ਤੋਂ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤੋਂ ਪੁੱਛਗਿੱਛ ’ਚ ਹਰਿਆਣਾ ਦੇ ਸੋਨੀਪਤ ’ਚ ਰੇਲਵੇ ਟ੍ਰੈਕ ਤੇ ਦਿੱਲੀ ਕੈਂਟ ’ਚ ਕੈਮਰਾ ਲਗਾ ਕੇ ਫ਼ੌਜ ਦੀ ਮੂਵਮੈਂਟ ਸਮੇਤ ਹੋਰ ਸਰਗਰਮੀਆਂ ਦੀ ਜਾਸੂਸੀ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਜਾਸੂਸੀ ਕਾਂਡ ’ਚ 15 ਲੋਕਾਂ ਨੂੰ ਫੜਿਆ ਗਿਆ। ਇਨ੍ਹਾਂ ਤੋਂ ਪੁੱਛਗਿੱਛ ਮਗਰੋਂ ਹੁਣ ਇਸ ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਡਿਊਲ ਦੇ ਤਿੰਨ ਪ੍ਰਮੁੱਖ ਪਹਿਲੂ ਸਾਹਮਣੇ ਆਏ ਹਨ। ਪਹਿਲਾ, ਸੰਵੇਦਨਸ਼ੀਲ ਇਲਾਕਿਆਂ ’ਚ ਸੋਲਰ ਪਾਵਰ ਨਾਲ ਚੱਲਣ ਵਾਲੇ ਸੀਸੀਟੀਵੀ ਕੈਮਰਿਆਂ ਜ਼ਰੀਏ ਜਾਸੂਸੀ। ਦੂਜਾ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ। ਤੀਜਾ ਕਈ ਥਾਵਾਂ ’ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਰਚਣਾ। ਤੀਜਾ, ਕਈ ਥਾਵਾਂ ’ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਰਚਣਾ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਲਗਾਏ ਨੌ ਸੋਲਰ ਪਾਵਰ ਸੀਸੀਟੀਵੀ ਕੈਮਰੇ ਬਰਾਮਦ ਕੀਤੇ ਗਏ ਹਨ। ਇਨ੍ਹਾਂ ਮੁਲਜ਼ਮਾਂ ਨੇ ਉੱਤਰ ਭਾਰਤ ਦੇ ਪ੍ਰਮੁੱਖ ਸ਼ਹਿਰਾਂ ’ਚ ਸੰਵੇਦਨਸ਼ੀਲ ਫ਼ੌਜੀ ਤੇ ਸੁਰੱਖਿਆ ਟਿਕਾਣਿਆਂ ਦੇ ਨਜ਼ਦੀਕ ਲਗਾਇਆ ਸੀ। ਇਨ੍ਹਾਂ ’ਚ ਇਕ ਕੈਮਰਾ ਪੰਜਾਬ ਦੇ ਪਠਾਨਕੋਟ-ਜਲੰਧਰ ਮਾਰਗ ’ਤੇ ਮੀਰਥਲ ਦੇ ਨਜ਼ਦੀਕ ਵੀ ਲੱਗਾ ਸੀ। ਇਸਦੀ ਪੁਸ਼ਟੀ ਪਠਾਨਕੋਟ ਦੇ ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਕੀਤੀ ਹੈ।
ਐਪ ਜ਼ਰੀਏ ਲਾਈਵ ਫੀਡ ਭੇਜੀ ਜਾ ਰਹੀ ਸੀ ਪਾਕਿਸਤਾਨ
ਇਨ੍ਹਾਂ ਕੈਮਰਿਆਂ ’ਚ ਲੱਗੇ ਸਿਮ ਕਾਰਡ ਨਾਲ ਲਾਈਵ ਫੀਡ ਇਕ ਮੋਬਾਈਲ ਐਪ ਨਾਲ ਪਾਕਿਸਤਾਨ ’ਚ ਬੈਠੇ ਹੈਂਡਲਰ ਤੱਕ ਪਹੁੰਚਾਈ ਜਾ ਰਹੀ ਸੀ। ਮੁਲਜ਼ਮਾਂ ਦੇ ਕਬਜ਼ੇ ’ਚੋਂ ਚਾਰ ਪਿਸਤੌਲਾਂ, 24 ਕਾਰਤੂਸ, 24 ਮੋਬਾਈਲ ਫੋਨ ਤੇ ਹਥਿਆਰਾਂ ਦੀ ਤਸਕਰੀ ’ਚ ਇਸਤੇਮਾਲ ਕੀਤੀ ਜਾਣ ਵਾਲੀਆਂ ਦੋ ਕਾਰਾਂ ਤੇ ਦੋ ਮੋਟਰਸਾਈਕਲ ਬਰਾਮਦ ਹੋਏ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵਧੀਕ ਪੁਲਿਸ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਮੁਤਾਬਕ, ਜਾਸੂਸ ਪਾਕਿਸਤਾਨ ’ਚ ਬੈਠੇ ਹੈਂਡਲਰ ਤੇ ਆਈਐੱਸਆਈ ਆਪ੍ਰੇਟਿਵ ਦੇ ਸਿੱਧੇ ਸੰਪਰਕ ’ਚ ਸਨ। ਇਹ ਸੰਪਰਕ ਇਨਕ੍ਰਿਪਟਿਡ ਮੋਬਾਈਲ ਐਪ ਜ਼ਰੀਏ ਹੁੰਦਾ ਸੀ। ਪਹਿਲਾ ਆਪ੍ਰੇਸ਼ਨ ਸਪੈਸ਼ਲ ਸੈੱਲ ਦੇ ਨਾਰਦਰਨ ਰੇਂਜ ਟੀਮ ਨੇ ਅੰਜਾਮ ਦਿੱਤਾ। 29 ਮਾਰਚ ਨੂੰ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਚਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਪੰਜਾਬ ਦੇ ਤਰਨਤਾਰਨ ਦੇ ਮਨਪ੍ਰੀਤ ਸਿੰਘ, ਫਿਰੋਜ਼ਪੁਰ ਦੇ ਅਨਮੋਲ ਤੇ ਸਾਹਿਲ ਤੇ ਦਿੱਲੀ ਦੇ ਅਤੁਲ ਰਾਠੀ, ਰੋਹਿਤ ਤੇ ਅਜੇ ਵਜੋਂ ਹੋਈ। ਮਨਪ੍ਰੀਤ ਨੇ ਕਿਹਾ ਕਿ ਉਹ ਬੀਕੇਆਈ-ਆਈਐੱਸਆਈ ਨੈੱਟਵਰਕ ਦੇ ਪਾਕਿਸਤਾਨ ਦੇ ਹੈਂਡਲਰ ਦੇ ਸੰਪਰਕ ’ਚ ਸਨ। ਹੈਂਡਲਰ ਦੇ ਕਹਿਣ ’ਤੇ ਉਸਨੇ ਸੱਤ ਵਿਦੇਸ਼ੀ ਪਿਸਤੌਲਾਂ, 24 ਕਾਰਤੂਸ ਤੇ ਨਕਲੀ ਪਛਾਣ ’ਤੇ ਸਿਮ ਕਾਰਡ ਇਕੱਠੇ ਕਰ ਕੇ ਪੰਜਾਬ ਦੇ ਦੂਜੇ ਸੰਪਰਕਾਂ ਨੂੰ ਪਹੁੰਚਾਏ ਸਨ।
ਬੀਐੱਸਐੱਫ ਤੇ ਫ਼ੌਜ ਦੇ ਕੈਂਪ ਦੀ ਕਰ ਰਹੇ ਸਨ ਰੇਕੀ
ਦੂਜਾ ਆਪ੍ਰੇਸ਼ਨ ਸੈੱਲ ਦੀ ਸਾਊਥ ਰੇਂਜ ਦੀ ਟੀਮ ਨੇ ਮਿਲਟਰੀ ਇੰਟੈਲੀਜੈਂਸ ਦੀ ਸੂਚਨਾ ’ਤੇ ਅੰਜਾਮ ਦਿੱਤਾ। ਇਸ ਆਪ੍ਰੇਸ਼ਨ ’ਚ ਪੰਜਾਬ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੀ ਪਛਾਣ ਕਪੂਰਥਲਾ ਦੇ ਗੁਰਜੀਤ ਸਿੰਘ, ਫਾਜ਼ਿਲਕਾ ਦੇ ਰਿੰਪਲਦੀਪ ਸਿੰਘ, ਸਲਵਿੰਦਰ ਸਿੰਘ ਉਰਫ ਕਾਲੂ, ਮੋਗਾ ਦੇ ਹਰਪ੍ਰੀਤ ਸਿੰਘ ਉਰਫ ਹੈੱਪੀ ਤੇ ਬੂਟਾ ਸਿੰਘ ਵਜੋਂ ਹੋਈ। ਇਹ ਸਾਰੇ ਫ਼ੌਜ ਤੇ ਬੀਐੱਸਐੱਫ ਕੈਂਪ ਸਮੇਤ ਹੋਰ ਸੰਵੇਦਨਸ਼ੀਲ ਟਿਕਾਣਿਆਂ ਦੀ ਰੇਕੀ ’ਚ ਲੱਗੇ ਸਨ।
ਇਨ੍ਹਾਂ ਨੌ ਸ਼ਹਿਰਾਂ ’ਚ ਲਗਾਏ ਸਨ ਕੈਮਰੇ
ਕਪੂਰਥਲਾ, ਜਲੰਧਰ, ਪਠਾਨਕੋਟ, ਪਟਿਆਲਾ, ਮੋਗਾ, ਅੰਬਾਲਾ, ਕਠੂਆ, ਬੀਕਾਨੇਰ ਤੇ ਅਲਵਰ।
ਅੱਤਵਾਦੀ ਹਮਲਿਆਂ ਦੀ ਸੀ ਤਿਆਰੀ
ਮੁਲਜ਼ਮਾਂ ਦੇ ਮੋਬਾਈਲਫੋਨ ਤੇ ਹੋਰ ਡਿਜੀਟਲ ਡਿਵਾਈਸ ਨਾਲ ਵੱਡੀ ਮਾਤਰਾ ’ਚ ਸੰਵੇਦਨਸ਼ੀਲ ਡਾਟਾ, ਫੋਟੋ, ਵੀਡੀਓ ਤੇ ਲੋਕੇਸ਼ਨ ਨਾਲ ਜੁੜੀ ਜਾਣਕਾਰੀ ਬਰਾਮਦ ਕੀਤੀ ਗਈ ਹੈ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨ ਸਥਿਤ ਹੈਂਡਲਰ, ਆਈਐੱਸਆਈ ਤੇ ਗੈਂਗਸਟਰ ਦੇ ਨਾਲ ਮਿਲ ਕੇ ਭਾਰਤ ’ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚ ਰਹੇ ਸਨ।