ਸਿਗਰਟ ਛੱਡਣ 'ਤੇ 60% ਤੱਕ ਘੱਟ ਹੋ ਜਾਂਦਾ ਹੈ ਮੂੰਹ ਦੇ ਕੈਂਸਰ ਦਾ ਖ਼ਤਰਾ, ਤੰਬਾਕੂ ਦਾ ਸੇਵਨ ਬੰਦ ਕਰਨ ਦੇ ਵੀ ਹਨ ਫਾਇਦੇ ਹੀ ਫਾਇਦੇ
ਪਹਿਲੀ ਵਾਰੀ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਸਿਗਰਟ ਪੀਣ ਵਾਲਿਆਂ ’ਚ ਮੂੰਹ ਦੇ ਕੈਂਸਰ ਦਾ ਖ਼ਤਰਾ 61 ਫ਼ੀਸਦੀ ਤੇ ਤੰਬਾਕੂ ਚਬਾਉਣ ਵਾਲਿਆਂ ’ਚ ਇਹ ਖ਼ਤਰਾ 42 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ ਜਦੋਂ ਉਹ 10 ਸਾਲ ਤੱਕ ਇਸ ਆਦਤ ਨੂੰ ਛੱਡ ਦਿੰਦੇ ਹਨ।
Publish Date: Sun, 22 Feb 2026 08:25 AM (IST)
Updated Date: Sun, 22 Feb 2026 08:28 AM (IST)
ਮੁੰਬਈ (ਪੀਟੀਆਈ) : ਸਿਗਰਟ ਛੱਡਣ ਨਾਲ ਮੂੰਹ ਦੇ ਕੈਂਸਰ ਦਾ ਖ਼ਤਰਾ 60 ਫ਼ੀਸਦੀ ਤੋਂ ਜ਼ਿਆਦਾ ਘੱਟ ਹੋ ਜਾਂਦਾ ਹੈ। ਇਹ ਅਧਿਐਨ ਟਾਟਾ ਮੈਮੋਰੀਅਲ ਸੈਂਟਰ (ਟੀਐੱਮਸੀ) ਦੇ ਕੈਂਸਰ ਮਹਾਮਾਰੀ ਵਿਗਿਆਨ ਕੇਂਦਰ ਵੱਲੋਂ ਕੀਤਾ ਗਿਆ। ਮੁੰਬਈ, ਨਵੀ ਮੁੰਬਈ, ਬਾਰਸ਼ੀ, ਵਾਰਾਣਸੀ ਤੇ ਗੁਹਾਟੀ ’ਚ ਸਥਿਤ ਟੀਐੱਮਸੀ ਦੇ ਪੰਜ ਕੈਂਸਰ ਕੇਂਦਰਾਂ ’ਚ 2010-2022 ਦੌਰਾਨ ਆਏ ਮਰੀਜ਼ਾਂ ’ਤੇ ਅਧਿਐਨ ਕੀਤਾ ਗਿਆ। ਇਹ ਅਧਿਐਨ 19-75 ਸਾਲ ਦੀ ਉਮਰ ਦੇ ਮਰਦਾਂ ਤੇ ਔਰਤਾਂ ’ਤੇ ਕੇਂਦਰਿਤ ਸੀ।
ਪਹਿਲੀ ਵਾਰੀ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਸਿਗਰਟ ਪੀਣ ਵਾਲਿਆਂ ’ਚ ਮੂੰਹ ਦੇ ਕੈਂਸਰ ਦਾ ਖ਼ਤਰਾ 61 ਫ਼ੀਸਦੀ ਤੇ ਤੰਬਾਕੂ ਚਬਾਉਣ ਵਾਲਿਆਂ ’ਚ ਇਹ ਖ਼ਤਰਾ 42 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ ਜਦੋਂ ਉਹ 10 ਸਾਲ ਤੱਕ ਇਸ ਆਦਤ ਨੂੰ ਛੱਡ ਦਿੰਦੇ ਹਨ। ਹਾਲਾਂਕਿ ਇਹ ਖ਼ਤਰਾ ਉਨ੍ਹਾਂ ਲੋਕਾਂ ਦੇ ਪੱਧਰ ਤੱਕ ਨਹੀਂ ਪਹੁੰਚ ਪਾਉਂਦਾ ਜਿਨ੍ਹਾਂ ਨੇ ਕਦੇ ਤੰਬਾਕੂ ਦੀ ਵਰਤੋਂ ਨਹੀਂ ਕੀਤੀ।
ਇਸ ਤੋਂ ਪਤਾ ਲੱਗਦਾ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਮੌਜੂਦਾ ਲੋਕਾਂ ਨੂੰ ਵੀ ਇਸ ਨੂੰ ਛੱਡਣ ਨਾਲ ਫਾਇਦਾ ਹੁੰਦਾ ਹੈ, ਕਿਉਂਕਿ ਖ਼ਤਰਾ ਲਗਪਗ 50 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਤੰਬਾਕੂ ਛੱਡਣਾ ਕਾਰਗਰ ਹੈ, ਪਰ ਤੰਬਾਕੂ ਦੀ ਆਦਤ ਨਾ ਪਾਉਣਾ ਕਿਤੇ ਜ਼ਿਆਦਾ ਮਹੱਤਵਪੂਰਨ ਹੈ। ਟੀਐੱਮਸੀ ਦੀ ਖੋਜ ਬ੍ਰਾਂਚ, ਐਡਵਾਂਸਡ ਸੈਂਟਰ ਫਾਰ ਟ੍ਰੀਟਮੈਂਟ ਰਿਸਰਚ ਐਂਡ ਐਜੂਕੇਸ਼ਨ ਇਨ ਕੈਂਸਰ (ਏਸੀਟੀਆਰਈਸੀ) ਦੇ ਡਾਇਰੈਕਟਰ ਡਾ. ਪੰਕਜ ਚਤੁਰਵੇਦੀ ਨੇ ਕਿਹਾ ਕਿ ਸਾਡੇ ਦੇਸ਼ ’ਚ ਹੋਣ ਵਾਲੇ ਲਗਪਗ 20-25 ਫ਼ੀਸਦੀ ਕੈਂਸਰ ਮੂੰਹ ਦੇ ਕੈਂਸਰ ਹਨ, ਜਿਨ੍ਹਾਂ ਦਾ ਸਬੰਧ ਤੰਬਾਕੂ ਨਾਲ ਹੈ। ਯੂਰੀਨਰੀ ਬਲੈਡਰ ਤੇ ਕਿਡਨੀ ਦੇ ਕੈਂਸਰ ਸਮੇਤ ਲਗਪਗ 40 ਫੀਸਦੀ ਕੈਂਸਰ ਵੀ ਤੰਬਾਕੂ ਨਾਲ ਜੁੜੇ ਹਨ। ਇਸ ਲਈ ਤੰਬਾਕੂ ਛੱਡਣ ਨਾਲ ਸਾਡੇ ਦੇਸ਼ ’ਚ ਕੈਂਸਰ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਸੁਪਾਰੀ ਨਾਲ ਤੰਬਾਕੂ ਚਬਾਉਣ ਨਾਲ ਕੈਂਸਰ ਦਾ ਖ਼ਤਰਾ ਲਗਪਗ ਦੁੱਗਣਾ ਹੋ ਜਾਂਦਾ ਹੈ ਪਰ ਤੰਬਾਕੂ ਛੱਡਣ ਨਾਲ ਇਹ ਖ਼ਤਰਾ ਲਗਪਗ ਓਨਾ ਹੀ ਘੱਟ ਹੋ ਜਾਂਦਾ ਹੈ।