ਕੇਂਦਰ ਸਿੱਖਾਂ ਦੇ ਸਨਮਾਨ ਤੇ ਨਿਆਂ ਲਈ ਪ੍ਰਤੀਬੱਧ, PM ਨੇ ਹਿੰਦ ਦੀ ਚਾਦਰ ਪ੍ਰੋਗਰਾਮ ’ਚ ਗੁਰੂ ਤੇਗ ਬਹਾਦਰ ਨੂੰ ਭੇਟ ਕੀਤੀ ਸ਼ਰਧਾਂਜਲੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ’ਚ ਧਰਮ ਤਬਦੀਲੀ ਹੋ ਰਹੀ ਹੈ ਤੇ ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਤੇ ਆਮ ਲੋਕਾਂ ਨੂੰ ‘ਲਾਲਚ’ ਤੋਂ ਪ੍ਰੇਰਤ ਇਸ ਰੁਝਾਨ ਨੂੰ ਰੋਕਣ ਦੀ ਅਪੀਲ ਕੀਤੀ।
Publish Date: Mon, 02 Mar 2026 10:47 AM (IST)
Updated Date: Mon, 02 Mar 2026 10:50 AM (IST)
ਨਵੀ ਮੁੰਬਈ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੇ ਸਨਮਾਨ ਤੇ ਨਿਆ ਲਈ ਪੂਰੀ ਤਰ੍ਹਾਂ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਮੋਦੀ ਨੇ ਨਵੀ ਮੁੰਬਈ ’ਚ ‘ਹਿੰਦ ਦੀ ਚਾਦਰ’ ਪ੍ਰੋਗਰਾਮ ’ਚ ਸ੍ਰੀ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਗੁਰੂ ਸਾਹਿਬਾਨ ਦੀ ਵਿਰਾਸਤ ਦਾ ਪਾਲਣ ਕਰਨ ਵਾਲੇ ਇਸ ਸਮਾਗਮ ਨੂੰ ‘ਯੱਗ’ ਦੱਸਿਆ।
ਮੋਦੀ ਨੇ ਐਤਵਾਰ ਨੂੰ ਨਵੀ ਮੁੰਬਈ ਦੇ ਖਾਰਘਰ ’ਚ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਮੌਕੇ ਵੀਡੀਓ ਸੰਦੇਸ਼ ’ਚ ਕਿਹਾ ਕਿ ਸਾਡੀ ਸਰਕਾਰ ਸਿੱਖ ਭਾਈਚਾਰੇ ਦੇ ਸਨਮਾਨ ਤੇ ਨਿਆਂ ਲਈ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਇਹ ਪ੍ਰਥੀਬੱਧਤਾ 1984 ’ਚ (ਐਂਟੀ ਸਿੱਖ) ਦੰਗਿਆਂ ਦੀ ਜਾਂਚ ਲਈ ਐੱਸਆਈਟੀ (ਵਿਸ਼ੇਸ਼ ਜਾਂਚ ਦਲ) ਦੀ ਸਥਾਪਨਾ ’ਚ ਦਿਖਾਈ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਜੰਮੂ ਤੇ ਕਸ਼ਮੀਰ’ਚ ਸਿੱਖ ਪਰਿਵਾਰਾਂ ਲਈ ਮੁੜਵਸੇਬਾ ਪੈਕੇਜ ਲਾਗੂ ਕੀਤੇ ਹਨ। ਮੋਦੀ ਨੇ ਕਿਹਾ ਕਿ ਹਰ ਵਰਗ ਤੇ ਸਮਾਜ ਦੇ ਲੋਕ ਸਾਡੇ ਗੁਰੂਆਂ ਤੋਂ ਪ੍ਰੇਰਣਾ ਲੈਂਦੇ ਸਨ। ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਅਫ਼ਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰੱਖਿਆ ਵਾਪਸ ਲਿਆਈ।
ਪੰਜਾਬ ’ਚ ਹੋ ਰਹੀ ਧਰਮ ਤਬਦੀਲੀ ਰੋਕੇ ਸੂਬਾ ਸਰਕਾਰ : ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ’ਚ ਧਰਮ ਤਬਦੀਲੀ ਹੋ ਰਹੀ ਹੈ ਤੇ ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਤੇ ਆਮ ਲੋਕਾਂ ਨੂੰ ‘ਲਾਲਚ’ ਤੋਂ ਪ੍ਰੇਰਤ ਇਸ ਰੁਝਾਨ ਨੂੰ ਰੋਕਣ ਦੀ ਅਪੀਲ ਕੀਤੀ।
ਸ਼ਾਹ ਨੇ ਖਾਰਘਰ ’ਚ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਹਾੜੇ ’ਤੇ ਹਿੰਦ ਦੀ ਚਾਦਰ ਪ੍ਰੋਗਰਾਮ ’ਚ ਕਿਹਾ ਕਿ ਪੰਜਾਬ ’ਚ ਧਾਰਮਿਕ ਪੱਧਰ ’ਤੇ ਤਬਦੀਲੀ ਹੋ ਰਹੀ ਹੈ। ਗੁਰੂ ਤੇਗ ਬਹਾਦਰ ਨੇ ਦੂਜਿਆਂ ਦੇ ਧਰਮ ਦੀ ਰਾਖੀ ਲਈ ਆਪਣੇ ਜੀਵਨ ਦਾ ਬਲਿਦਾਨ ਦੇ ਦਿੱਤਾ। ਉਨ੍ਹਾਂ ਨੇ ਅੱਤਿਆਚਾਰ ਦਾ ਸਾਹਮਣਾ ਕੀਤਾ, ਪਰ ਅੱਜ ਅਸੀਂ ਲਾਲਚ ਕਾਰਨ ਧਰਮ ਤਬਦੀਲੀ ਨੂੰ ਪਹਿਲ ਦਿੰਦੇ ਹਾਂ, ਤਾਂ ਅਸੀਂ ਆਪਣੇ ਮਹਾਨ ਰਹਿਬਰਾਂ ਦੇ ਪੈਰੋਕਾਰ ਨਹੀਂ ਅਖਵਾ ਸਕਦੇ। ਪੰਜਾਬ ਸਰਕਾਰ ਤੇ ਸਮਾਜ ਨੂੰ ਧਰਮ ਤਬਦੀਲੀ ਰੋਕਣੀ ਚਾਹੀਦੀ ਹੈ। ਸ਼ਾਹ ਨੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਜੀਵਨ ਦਾ ਬਲਿਦਾਨ ਨਾ ਦਿੰਤਾ ਹੁੰਦਾ ਤਾਂ ਦੁਨੀਆ ’ਚ ਇਕ ਵੀ ਹਿੰਦੂ ਨਾ ਬਚਦਾ। ਉਨ੍ਹਾਂ ਦੀ ਸ਼ਹਾਦਦ ਹਿੰਦੂਆਂ ਨੂੰ ਆਪਣਾ ਸੰਘਰਸ਼ ਜਾਰੀ ਰੱਖਣ ਦੀ ਹਿੰਮਤ ਦਿੰਦੀ ਹੈ।