ਹਾਲਾਂਕਿ, ਇਸ ਦੌਰਾਨ ਦੋਵਾਂ ਪੱਖਾਂ ਨੇ ਇਕ ਦੂਜੇ ਨੂੰ ਸ਼ੀਸ਼ਾ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਿਆ। ਸਦਨ ’ਚ ਮਰਿਆਦਾ ਦੀ ਪਾਲਣਾ ਕਰਨ ਦੀ ਸੱਤਾਧਾਰੀ ਧਿਰ ਦੀ ਸਲਾਹ ’ਤੇ ਵਿਰੋਧੀਆਂ ਨੇ ਜਵਾਬੀ ਤੀਰ ਛੱਡਦੇ ਹੋਏ ਕਿਹਾ ਕਿ ਇਹ ਇਕਪਾਸੜ ਨਹੀਂ ਹੋ ਸਕਦਾ ਤੇ ਸੱਤਾਧਾਰੀ ਧਿਰ ਨੂੰ ਵੀ ਲਕਸ਼ਮਣ ਰੇਖਾ ਦੀ ਪਾਲਣਾ ਕਰਨੀ ਚਾਹੀਦੀ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਲੋਕ ਸਭਾ ਨੇ ਪੂਰੇ ਬਜਟ ਸੈਸ਼ਨ ਲਈ ਮੁਅੱਤਲ ਕੀਤੇ ਗਏ ਅੱਠ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਮੰਗਲਵਾਰ ਨੂੰ ਖ਼ਤਮ ਕਰ ਦਿੱਤੀ। ਸੱਤਾ ਧਿਰ ਤੇ ਵਿਰੋਧੀਆਂ ਵਿਚਾਲੇ ਬਣੀ ਸਹਿਮਤੀ ਦੇ ਅਨੁਸਾਰ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਮੰਗ ਚੁੱਕੇ ਜਾਣ ’ਤੇ ਸਰਕਾਰ ਨੇ ਸਦਨ ’ਚ ਮਤਾ ਲਿਆ ਕੇ ਸੰਸਦ ਮੈਂਬਰਾਂ ਦੀ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀ। ਮੁਅੱਤਲੀ ਸਮਾਪਤੀ ਦਾ ਮਤਾ ਪਾਸ ਕੀਤੇ ਜਾਣ ਤੋਂ ਪਹਿਲਾਂ ਬੇਹੱਦ ਸੰਖੇਪ ਚਰਚਾ ’ਚ ਹੁਕਮਰਾਨ ਤੇ ਵਿਰੋਧੀ ਦੋਵਾਂ ਵੱਲੋਂ ਸੰਸਦੀ ਲਕਸ਼ਮਣ ਰੇਖਾ ਦੀ ਪਾਲਣਾ ਕਰਨ ’ਤੇ ਹਾਮੀ ਭਰੀ ਗਈ। ਹਾਲਾਂਕਿ, ਇਸ ਦੌਰਾਨ ਦੋਵਾਂ ਪੱਖਾਂ ਨੇ ਇਕ ਦੂਜੇ ਨੂੰ ਸ਼ੀਸ਼ਾ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਿਆ। ਸਦਨ ’ਚ ਮਰਿਆਦਾ ਦੀ ਪਾਲਣਾ ਕਰਨ ਦੀ ਸੱਤਾਧਾਰੀ ਧਿਰ ਦੀ ਸਲਾਹ ’ਤੇ ਵਿਰੋਧੀਆਂ ਨੇ ਜਵਾਬੀ ਤੀਰ ਛੱਡਦੇ ਹੋਏ ਕਿਹਾ ਕਿ ਇਹ ਇਕਪਾਸੜ ਨਹੀਂ ਹੋ ਸਕਦਾ ਤੇ ਸੱਤਾਧਾਰੀ ਧਿਰ ਨੂੰ ਵੀ ਲਕਸ਼ਮਣ ਰੇਖਾ ਦੀ ਪਾਲਣਾ ਕਰਨੀ ਚਾਹੀਦੀ ਹੈ। ਉਥੇ ਹੀ, ਸਪੀਕਰ ਓਮ ਬਿਰਲਾ ਨੇ ਦਖ਼ਲ ਦਿੰਦੇ ਹੋਏ ਮੈਂਬਰਾਂ ਨੂੰ ਸਦਨ ’ਚ ਪੋਸਟਰ ਬੈਨਰ ਨਾ ਲਹਿਰਾਉਣ ਜਾਂ ਏਆਈ ਰਾਹੀਂ ਬਣਾਈਆਂ ਤਸਵੀਰਾਂ ਨਾ ਪੇਸ਼ ਕਰਨ ਤੋਂ ਲੈ ਕੇ ਸਦਨ ’ਚ ਕਾਗ਼ਜ਼ ਪਾੜ ਕੇ ਉਛਾਲਣ ਤੋਂ ਪਰਹੇਜ਼ ਕਰਨ ਦੀ ਨਸੀਹਤ ਦਿੱਤੀ।
ਲੋਕ ਸਭਾ ’ਚ ਮੰਗਲਵਾਰ ਨੂੰ ਕਾਂਗਰਸ ਦੇ ਚੀਫ ਵ੍ਹਿਪ ਕੇ. ਸੁਰੇਸ਼ ਨੇ ਇਕ ਦਿਨ ਪਹਿਲਾਂ ਸਪੀਕਰ ਦੀ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗ ’ਚ ਬਣੀ ਸਹਿਮਤੀ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਤਮ ਕਰਨ ਦੀ ਮੰਗ ਚੁੱਕੀ। ਉਨ੍ਹਾਂ ਕਿਹਾ ਕਿ ਅ•ਸੀਂ ਸਹਿਯੋਗ ਕਰਨ ਲਈ ਤਿਆਰ ਹਾਂ। ਸੱਤਾਧਾਰੀ ਧਿਰ ਦੀ ਤਰ੍ਹਾਂ ਵਿਰੋਧੀ ਸੰਸਦ ਮੈਂਬਰਾਂ ਨੂੰ ਵੀ ਬਰਾਬਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਉਦੋਂ ਸਭ ਕੁਝ ਠੀਕ ਹੋ ਜਾਵੇਗਾ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮੇਂਦਰ ਯਾਦਵ ਨੇ ਮੁਅੱਤਲੀ ਖ਼ਤਮ ਕਰਨ ਦੇ ਮਤੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਧਿਰ ਨੂੰ ਵੀ ਸਦਨ ਦੀ ਮਰਿਆਦਾ ਬਣਾਈ ਰੱਖਣੀ ਚਾਹੀਦੀ ਹੈ। ਧਰਮੇਂਦਰ ਨੇ ਸੱਤਾਧਾਰੀ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੇ ਸਦਨ ’ਚ ਮਰਿਆਦਾ ਦੇ ਨਾਲ ਹੀ ਵਿਹਾਰ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਹਾਰ ’ਚ ਵੀ ਸੁਧਾਰ ਲਿਆਉਣਾ ਚਾਹੀਦਾ ਹੈ, ਨਹੀਂ ਤਾਂ ਸਦਨ ਨਹੀਂ ਚੱਲ ਪਾਵੇਗਾ। ਇਸ ’ਤੇ ਸਦਨ ’ਚ ਹੰਗਾਮਾ ਸ਼ੁਰੂ ਹੋ ਗਿਆ ਤੇ ਦੁਬੇ ਨੇ ਆਪਣੇ ਉੱਪਰ ਲਗਾਏ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ। ਬਿਰਲਾ ਨੇ ਦਖ਼ਲ ਦੇ ਕੇ ਦੋਵਾਂ ਪੱਖਾਂ ਨੂੰ ਸੰਜਮ ਵਰਤਣ ਦੀ ਸਲਾਹ ਦਿੱਤੀ। ਐੱਨਸੀਪੀ (ਐੱਸਪੀ) ਦੀ ਸੁਪ੍ਰੀਆ ਸੁਲੇ ਨੇ ਕਿਹਾ ਕਿ ਸੋਮਵਾਰ ਨੂੰ ਫ਼ੈਸਲਾ ਲਿਆ ਗਿਆ ਸੀ ਕਿ ਦੋਵੇਂ ਪਾਸਿਓਂ ਲਕਸ਼ਮਣ ਰੇਖਾ ਪਾਰ ਨਹੀਂ ਕੀਤੀ ਜਾਵੇਗੀ ਪਰ ਸੱਤਾ ਪੱਖ ਇਸਦੇ ਲਈ ਤਿਆਰ ਨਹੀਂ ਹੈ ਤੇ ਚਾਰ ਚਾਰ ਮੰਤਰੀ ਮੇਰੇ ਵਿਰੁੱਧ ਬੋਲ ਰਹੇ ਹਨ। ਜੇਡੀਯੂ ਨੇਤਾ ਤੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਨੇ ਸੁਲੇ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ।
ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਤਮ ਕਰਨ ਦੇ ਮਤੇ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਗੱਠਜੋੜ ਦੇ ਮੈਂਬਰ ਨਾ ਤਾਂ ਨਿਯਮਾਂ ਨੂੰ ਤੋੜਨਗੇ ਤੇ ਨਾ ਹੀ ਅਤੀਤ ’ਚ ਅਜਿਹਾ ਕੀਤਾ ਗਿਆ ਹੈ। ਜਨਤਾ ਨੇ ਸਾਨੂੰ ਸਦਨ ਦੀ ਕਾਰਵਾਈ ’ਚ ਰੁਕਾਵਟ ਪਾਉਣ ਜਾਂ ਵਿਰੋਧ ਪ੍ਰਦਰਸ਼ਨ ਕਰਨ ਲਈ ਨਹੀਂ ਚੁਣਿਆ। ਸਦਨ ਨੂੰ ਸਾਰਿਆਂ ਦੇ ਸਹਿਯੋਗ ਨਾਲ ਸੁਚਾਰੂ ਤੌਰ ’ਤੇ ਚੱਲਣਾ ਚਾਹੀਦਾ ਹੈ ਤੇ ਇਸਦੇ ਲਈ ਇਕ ਲਕਸ਼ਮਣ ਰੇਖਾ ਖਿੱਚੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਰਿਜੀਜੂ ਵੱਲੋਂ ਪੇਸ਼ ਮਤੇ ਨੂੰ ਸਦਨ ਨੇ ਧਵਨੀਮਤ ਨਾਲ ਪਾਸ ਕਰ ਕੇ ਅੱਠ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਤਮ ਕਰ ਦਿੱਤੀ। ਇਨ੍ਹਾਂ ’ਚ ਕਾਂਗਰਸ ਦੇ ਸੱਤ ਸੰਸਦ ਮੈਂਬਰ ਮਣਿਕਮ ਟੈਗੋਰ, ਗੁਰਜੀਤ ਸਿੰਘ ਔਜਲਾ, ਹਿਬੀ ਈਡੇਨ, ਸੀ ਕਿਰਨ ਕੁਮਾਰ ਰੈੱਡੀ, ਡੀਨ ਕੁਰੀਆਕੋਸ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਸ਼ਾਂਤ ਪਾਡੋਲੇ ਤੇ ਮਾਕਪਾ ਦੇ ਐਸ ਵੈਂਕਟੇਸ਼ਨ ਸ਼ਾਮਲ ਹਨ। ਤਿੰਨ ਫਰਵਰੀ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇ ਵਿਰੁੱਧ ਹਮਲਾਵਰ ਵਿਰੋਧ ਪ੍ਰਦਰਸ਼ਨ ਕਰਨ ਕਾਰਨ ਇਨ੍ਹਾਂ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ।