ਅਧਿਕਾਰੀਆਂ ਮੁਤਾਬਕ, ਹੋਰਮੁਜ਼ ਜਲਮਾਰਗ ’ਤੇ ਪਿਛਲੇ ਕਈ ਦਿਨਾਂ ਤੋਂ 28 ਭਾਰਤੀ ਜਹਾਜ਼ ਫਸੇ ਹੋਏ ਹਨ। ਇਨ੍ਹਾਂ ’ਚ 24 ਜਹਾਜ਼ ਪੱਛਮੀ ਹਿੱਸੇ ’ਚ ਅਤੇ ਚਾਰ ਪੂਰਬੀ ਹਿੱਸੇ ’ਚ ਹਨ। ਪੂਰਬੀ ਹਿੱਸੇ ’ਚ ਮੌਜੂਦ ਜਹਾਜ਼ਾਂ ’ਚੋਂ ਇਕ ਹੁਣ ਅੱਗੇ ਵਧਿਆ ਹੈ, ਹਾਲਾਂਕਿ ਉਸ ਵਿਚ ਗੈਸੋਲੀਨ ਕਿਸੇ ਅਫਰੀਕੀ ਦੇਸ਼ ਲਈ ਲੱਦੀ ਹੈ।

ਜੈਪ੍ਰਕਾਸ਼ ਰੰਜਨ, ਜਾਗਰਣ, ਨਵੀਂ ਦਿੱਲੀ : ਪੱਛਮੀ ਏਸ਼ੀਆ ਸੰਕਟ ਦੌਰਾਨ ਭਾਰਤ ਲਈ ਰਾਹਤ ਭਰੇ ਸੰਕੇਤ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਆਨ ਵਿਚਾਲੇ ਇਕ ਦਿਨ ਪਹਿਲਾਂ ਹੋਈ ਗੱਲਬਾਤ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵਿਚਾਲੇ ਲਗਾਤਾਰ ਚਾਰ ਦੌਰ ਦੀ ਟੈਲੀਫੋਨ ਗੱਲਬਾਤ ਮਗਰੋਂ ਈਰਾਨ ਨੇ ਸੰਕੇਤ ਦਿੱਤਾ ਹੈ ਕਿ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂਮੱਧ ’ਚੋਂ ਲੰਘਣ ਦੀ ਇਜਾਜ਼ਤ ਮਿਲ ਸਕਦੀ ਹੈ। ਨਵੀਂ ਦਿੱਲੀ ’ਚ ਈਰਾਨੀ ਰਾਜਦੂਤ ਮੁਹੰਮਦ ਫਤਾਲੀ ਨੇ ਇਕ ਪ੍ਰੋਗਰਾਮ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਈਰਾਨ ਦਾ ਦੋਸਤ ਹੈ ਤੇ ਦੋਵੇਂ ਦੇਸ਼ ਬਰਾਬਰ ਹਿੱਤਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਅਗਲੇ ਕੁਝ ਘੰਟਿਆਂ ’ਚ ਇਸ ਦਿਸ਼ਾ ’ਚ ਹਾਂ-ਪੱਖੀ ਘਟਨਾਕ੍ਰਮ ਦੇਖਣ ਨੂੰ ਮਿਲ ਸਕਦਾ ਹੈ।
ਅਧਿਕਾਰੀਆਂ ਮੁਤਾਬਕ, ਹੋਰਮੁਜ਼ ਜਲਮਾਰਗ ’ਤੇ ਪਿਛਲੇ ਕਈ ਦਿਨਾਂ ਤੋਂ 28 ਭਾਰਤੀ ਜਹਾਜ਼ ਫਸੇ ਹੋਏ ਹਨ। ਇਨ੍ਹਾਂ ’ਚ 24 ਜਹਾਜ਼ ਪੱਛਮੀ ਹਿੱਸੇ ’ਚ ਅਤੇ ਚਾਰ ਪੂਰਬੀ ਹਿੱਸੇ ’ਚ ਹਨ। ਪੂਰਬੀ ਹਿੱਸੇ ’ਚ ਮੌਜੂਦ ਜਹਾਜ਼ਾਂ ’ਚੋਂ ਇਕ ਹੁਣ ਅੱਗੇ ਵਧਿਆ ਹੈ, ਹਾਲਾਂਕਿ ਉਸ ਵਿਚ ਗੈਸੋਲੀਨ ਕਿਸੇ ਅਫਰੀਕੀ ਦੇਸ਼ ਲਈ ਲੱਦੀ ਹੈ।
ਕੌਮਾਂਤਰੀ ਕੁਦਸ ਦਿਵਸ ਸੰਮੇਲਨ ’ਚ ਸ਼ਾਮਲ ਹੋਣ ਆਏ ਰਾਜਦੂਤ ਨੇ ਕਿਹਾ ਕਿ ਭਾਰਤ ਤੇ ਈਰਾਨ ਦੇ ਸਬੰਧ ਮਜ਼ਬੂਤ ਹਨ ਤੇ ਹਾਲੀਆ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਦਾ ਅਸਰ ਛੇਤੀ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਜਹਾਜ਼ਾਂ ਬਾਰੇ ਚੰਗੀ ਖ਼ਬਰ ਛੇਤੀ ਮਿਲ ਸਕਦੀ ਹੈ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਨੇ ਈਰਾਨੀ ਰਾਸ਼ਟਰਪਤੀ ਪੇਜੇਸ਼ਕੀਆਨ ਨਾਲ ਗੱਲਬਾਤ ’ਚ ਭਾਰਤ ਦੀ ਊਰਜਾ ਸੁਰੱਖਿਆ, ਤੇਲ ਸਪਲਾਈ ਤੇ ਈਰਾਨ ’ਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ। ਇਸੇ ਲੜੀ ’ਚ ਵਿਦੇਸ਼ ਮੰਤਰੀ ਜੈਸ਼ੰਕਰ ਵੀ ਲਗਾਤਾਰ ਤਹਿਰਾਨ ਦੇ ਸੰਪਰਕ ’ਚ ਹਨ। ਇਸ ਦੌਰਾਨ ਈਰਾਨ ਤੋਂ 117 ਭਾਰਤੀ ਨਾਗਰਿਕ ਸੜਕ ਮਾਰਗ ਤੋਂ ਆਰਮੇਨੀਆ ਪਹੁੰਚ ਚੁੱਕੇ ਹਨ ਜਿੱਥੋਂ ਉਨ੍ਹਾਂ ਨੂੰ ਭਾਰਤ ਲਿਆਂਦਾ ਜਾਵੇਗਾ।
ਪੈਟਰੋਲੀਅਮ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਭਾਰਤੀ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਮਿਲ ਜਾਂਦਾ ਹੈ ਤਾਂ ਦੇਸ਼ ’ਚ ਪੈਟਰੋਲੀਅਮ ਦੀ ਸਪਲਾਈ ਬਾਰੇ ਬਣੀ ਅਨਿਸ਼ਚਿਤਤਾ ਕਾਫ਼ੀ ਘੱਟ ਹੋ ਸਕਦੀ ਹੈ। ਭਾਰਤ ਦਾ ਵੱਡਾ ਹਿੱਸਾ ਹੁਣ ਬਦਲਵੇਂ ਵਸੀਲਿਆਂ ਤੋਂ ਤੇਲ ਖ਼ਰੀਦ ਰਿਹਾ ਹੈ, ਫਿਰ ਵੀ ਹੋਰਮੁਜ਼ ਮਾਰਗ ਖੁੱਲ੍ਹਣਾ ਰਣਨੀਤਕ ਤੌਰ ’ਤੇ ਬੇਹੱਦ ਅਹਿਮ ਹੈ।
ਜਲ ਸੈਨਾ ਨੂੰ ਦੱਸ ਕੇ ਹੀ ਲੰਘਣਗੇ ਤੇਲ ਟੈਂਕਰ
ਈਰਾਨ ਨੇ ਸਪੱਸ਼ਟ ਕੀਤਾ ਕਿ ਰਣਨੀਤਕ ਤੌਰ ’ਤੇ ਬੇਹੱਦ ਅਹਿਮ ਹੋਰਮੁਜ਼ ਜਲਮਾਰਗ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ, ਹਾਲਾਂਕਿ ਇੱਥੋਂ ਲੰਘਣ ਵਾਲੇ ਸਾਰੇ ਤੇਲ ਤੇ ਗੈਸ ਟੈਂਕਰਾਂ ਨੂੰ ਈਰਾਨੀ ਜਲ ਸੈਨਾ ਨਾਲ ਤਾਲਮੇਲ ਬਣਾ ਕੇ ਅੱਗੇ ਵਧਣਾ ਪਵੇਗਾ। ਇਕ ਦਿਨ ਪਹਿਲਾਂ ਈਰਾਨ ਦੇ ਨਵੇਂ ਸਰਬਉੱਚ ਆਗੂ ਮੋਜਤਬਾ ਖਾਮਨੇਈ ਨੇ ਕਿਹਾ ਸੀ ਕਿ ਹੋਰਮੁਜ਼ ਜਲਮਾਰਗ ’ਤੇ ਦਬਾਅ ਬਣਾਈ ਰੱਖਣਾ ਈਰਾਨ ਦੀ ਰਣਨੀਤਕ ਜ਼ਰੂਰਤ ਹੈ ਅਤੇ ਇਸ ਨੂੰ ਅਮਰੀਕਾ ਤੇ ਇਜ਼ਰਾਈਲ ਖ਼ਿਲਾਫ਼ ਦਬਾਅ ਦੇ ਸਾਧਨ ਵਜੋਂ ਇਸਤੇਮਾਲ ਕੀਤਾ ਜਾਵੇਗਾ। ਰਾਇਟਰ ਮੁਤਾਬਕ, ਸੰਯੁਕਤ ਰਾਸ਼ਟਰ ’ਚ ਈਰਾਨ ਦੇ ਰਾਜਦੂਤ ਅਮੀਰ ਸਈਦ ਇਰਾਵਨੀ ਨੇ ਕਿਹਾ ਕਿ ਈਰਾਨ ਜਲਮਾਰਗ ਨੂੰ ਬੰਦ ਨਹੀਂ ਕਰਨ ਜਾ ਰਿਹਾ ਪਰ ਇਸ ਸਮੁੰਦਰੀ ਮਾਰਗ ਦੀ ਸੁਰੱਖਿਆ ਬਣਾਈ ਰੱਖਣਾ ਉਸ ਦਾ ਵਿਧਾਨਕ ਅਧਿਕਾਰ ਹੈ।
ਅਮਰੀਕਾ ਨੇ ਦਿੱਤੀ ਛੋਟ, ਅਗਲੇ 30 ਦਿਨਾਂ ਤੱਕ ਰੂਸ ਤੋਂ ਤੇਲ ਖ਼ਰੀਦ ਸਕਣਗੇ ਸਾਰੇ ਦੇਸ਼
ਆਲਮੀ ਊਰਜਾ ਸੰਕਟ ’ਤੇ ਕਾਬੂ ਪਾਉਣ ਲਈ ਅਮਰੀਕਾ ਨੇ ਵੱਡਾ ਕਦਮ ਚੁੱਕਿਆ ਹੈ। ਟਰੰਪ ਪ੍ਰਸ਼ਾਸਨ ਨੇ ਸਮੁੰਦਰ ’ਚ ਫਸੇ ਰੂਸੀ ਤੇਲ ਤੇ ਪੈਟਰੋਲੀਅਮ ਉਤਪਾਦਾਂ ਦੀ ਖ਼ਰੀਦ ਲਈ ਸਾਰੇ ਦੇਸ਼ਾਂ ਨੂੰ 30 ਦਿਨਾਂ ਦੀ ਆਰਜ਼ੀ ਛੋਟ ਦੇ ਦਿੱਤੀ ਹੈ। ਇਸ ਤੋਂ ਬਾਅਦ ਸਾਰੇ ਦੇਸ਼ 11 ਅਪ੍ਰੈਲ ਤੱਕ ਰੂਸ ਤੋਂ ਖ਼ਰੀਦਦਾਰੀ ਕਰ ਸਕਣਗੇ। ਇਸ ਤੋਂ ਪਹਿਲਾਂ ਅਮਰੀਕਾ ਨੇ ਇਹ ਛੋਟ ਸਿਰਫ਼ ਭਾਰਤ ਨੂੰ ਦਿੱਤੀ ਸੀ। ਇਸ ਫ਼ੈਸਲੇ ਤੋਂ ਬਾਅਦ ਬ੍ਰੈਂਟ ਕਰੂਡ 99.99 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ ਹੈ, ਜਦਕਿ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂਟੀਆਈ) 95.09 ਡਾਲਰ ਪ੍ਰਤੀ ਬੈਰਲ ’ਤੇ ਦਰਜ ਕੀਤਾ ਗਿਆ।
ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਮੌਜੂਦਾ ਸਪਲਾਈ ਸੰਕਟ ਨੂੰ ਦੇਖਦੇ ਹੋਏ ਅਜਿਹੀਆਂ ਖੇਪਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਿਹੜੀਆਂ ਪਹਿਲਾਂ ਤੋਂ ਜਹਾਜ਼ਾਂ ’ਤੇ ਲੱਦੀਆਂ ਹੋਈਆਂ ਹਨ। ਇਹ ਇਜਾਜ਼ਤ ਸਿਰਫ਼ ਉਨ੍ਹਾਂ ਰੂਸੀ ਤੇਲ ਖੇਪਾਂ ’ਤੇ ਲਾਗੂ ਹੋਵੇਗੀ ਜਿਹੜੀਆਂ 12 ਮਾਰਚ ਤੱਕ ਜਹਾਜ਼ਾਂ ’ਤੇ ਲੱਦੀਆਂ ਜਾ ਚੁੱਕੀਆਂ ਸਨ ਤੇ ਇਸ ਦੀ ਜਾਇਜ਼ਤਾ 11 ਅਪ੍ਰੈਲ ਤੱਕ ਰਹੇਗੀ।
ਅਮਰੀਕਾ ਇਸ ਤੋਂ ਪਹਿਲਾਂ ਪੰਜ ਮਾਰਚ ਨੂੰ ਭਾਰਤ ਨੂੰ 30 ਦਿਨਾਂ ਦੀ ਵਿਸ਼ੇਸ਼ ਛੋਟ ਦੇ ਚੁੱਕਾ ਸੀ ਜਿਸ ਤਹਿਤ ਭਾਰਤੀ ਰਿਫਾਇਨਰੀਆਂ ਰੂਸੀ ਤੇਲ ਖ਼ਰੀਦ ਸਕਦੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਹੋਰ ਦੇਸ਼ਾਂ ਨੂੰ ਰਾਹਤ ਦੇਣ ਨਾਲ ਵਿਸ਼ਵ ਬਾਜ਼ਾਰ ’ਚ 10 ਕਰੋੜ ਬੈਰਲ ਰੂਸੀ ਕੱਚੇ ਤੇਲ ਦੀ ਉਪਲਬਧਤਾ ਵਧੇਗੀ। ਰੂਸੀ ਰਾਸ਼ਟਰਪਤੀ ਦੇ ਊਰਜਾ ਦੂਤ ਕਿਰਿਲ ਦਮਿਤਰੀਏਵ ਨੇ ਅਮਰੀਕੀ ਫ਼ੈਸਲੇ ਦਾ ਸਵਾਗਤ ਕੀਤਾ ਹੈ। ਬਾਜ਼ਾਰ ਸੂਤਰਾਂ ਮੁਤਾਬਕ, ਫਿਲਹਾਲ ਲਗਪਗ 25 ਜਹਾਜ਼ ਰੂਸੀ ਕੱਚਾ ਤੇਲ ਤੇ ਪੰਜ ਜਹਾਜ਼ ਪੈਟਰੋਲੀਅਮ ਉਤਪਾਦ ਲੈ ਕੇ ਸਮੁੰਦਰ ’ਚ ਖੜ੍ਹੇ ਹਨ। ਇਨ੍ਹਾਂ ’ਚ ਕਰੀਬ ਦੋ ਕਰੋੜ ਬੈਰਲ ਤੇਲ ਤੁਰੰਤ ਖ਼ਰੀਦਦਾਰ ਦੇਸ਼ਾਂ ਵੱਲ ਮੋੜਿਆ ਜਾ ਸਕਦਾ ਹੈ। ਅਮਰੀਕਾ ਨੇ ਆਪਣੇ ਰਣਨੀਤਕ ਪੈਟਰੋਲ ਭੰਡਾਰ ਤੋਂ 17.2 ਕਰੋੜ ਬੈਰਲ ਤੇਲ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਯੂਰਪ ਨੇ ਅਮਰੀਕੀ ਕਦਮ ਦਾ ਕੀਤਾ ਵਿਰੋਧ
ਰੂਸ ’ਤੇ ਪਾਬੰਦੀਆਂ ’ਚ ਇਸ ਆਰਜ਼ੀ ਢਿੱਲ ਦਾ ਯੂਰਪ ਨੇ ਵਿਰੋਧ ਕੀਤਾ ਹੈ। ਯੂਰਪੀ ਕਮਿਸ਼ਨ ਦੀ ਚੇਅਰਪਰਸਨ ਉਰਸੁਲਾ ਵੋਨ ਡੇਰ ਲੇਯੇਨ ਨੇ ਕਿਹਾ ਕਿ ਯੂਕਰੇਨ ਜੰਗ ਵਿਚਾਲੇ ਰੂਸ ’ਤੇ ਪਾਬੰਦੀ ਘੱਟ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ। ਬਰਤਾਨੀਆ ਦੇ ਊਰਜਾ ਮੰਤਰੀ ਮਾਈਕਲ ਸ਼ੈਂਕਸ ਨੇ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਰੂਸ ’ਤੇ ਆਪਣੀਆਂ ਪਾਬੰਦੀਆਂ ’ਚ ਕੋਈ ਨਰਮੀ ਨਹੀਂ ਕਰੇਗਾ।
ਟਰੰਪ ਬੋਲੇ, ਜ਼ਰੂਰਤ ਪਈ ਤਾਂ ਹੋਰਮੁਜ਼ ’ਚ ਜਹਾਜ਼ਾਂ ਨੂੰ ਸੁਰੱਖਿਆ ਦੇਵੇਗਾ ਅਮਰੀਕਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਅਮਰੀਕਾ ਹੋਰਮੁਜ਼ ਜਲਡਮਰੂਮੱਧ ਤੋਂ ਲੰਘਣ ਵਾਲੇ ਜਹਾਜ਼ਾਂ ਨੂੰ ਸੁਰੱਖਿਆ ਦੇਵੇਗਾ। ਇਕ ਇੰਟਰਵਿਊ ’ਚ ਟਰੰਪ ਨੇ ਕਿਹਾ ਕਿ ਜ਼ਰੂਰਤ ਪੈਣ ’ਤੇ ਅਮਰੀਕੀ ਜਲ ਸੈਨਾ ਤੇਲ ਟੈਂਕਰਾਂ ਨੂੰ ਐਸਕਾਰਟ ਕਰੇਗੀ, ਹਾਲਾਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਾਲਾਤ ਕਾਬੂ ’ਚ ਰਹਿਣਗੇ।
ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਗਲੇ ਹਫ਼ਤੇ ਈਰਾਨ ’ਤੇ ਬਹੁਤ ਭਿਆਨਕ ਹਮਲੇ ਕਰੇਗਾ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੱਛਮੀ ਏਸ਼ੀਆ ’ਚ ਜਾਰੀ ਜੰਗ ਕਾਰਨ ਆਲਮੀ ਊਰਜਾ ਬਾ਼ਜ਼ਾਰ ’ਤੇ ਦਬਾਅ ਬਣਿਆ ਹੋਇਆ ਹੈ ਤੇ ਹੋਰਮੁਜ਼ ਜਲਡਮਰੂਮੱਧ ਤੋਂ ਤੇਲ ਦੀ ਸਪਲਾਈ ਨੂੰ ਲੈ ਕੇ ਕੌਮਾਂਤਰੀ ਚਿੰਤਾ ਵਧੀ ਹੋਈ ਹੈ। ਈਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੋਰਮੁਜ਼ ਜਲਮਾਰਗ ਤੋਂ ਨਿਕਲਣ ਦੀ ਕੋਸ਼ਿਸ਼ ਕਰਨ ਵਾਲੇ ਅਮਰੀਕਾ ਤੇ ਇਜ਼ਰਾਈਲ ਦੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਵੀਰਵਾਰ ਨੂੰ ਈਰਾਨੀ ਰੈਵੋਲਿਊਸ਼ਨਰੀ ਗਾਰਡਸ ਨੇ ਇਰਾਕ ’ਚ ਦੋ ਅਮਰੀਕੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਸੀ।