NEET-UG 2026 ਪੇਪਰ ਲੀਕ ਮਾਮਲਾ : ਦਿੱਲੀ ਤੋਂ ਸੀਨੀਅਰ ਮਹਿਲਾ ਅਧਿਆਪਕ ਗ੍ਰਿਫ਼ਤਾਰ, ਪੇਪਰ ਤਿਆਰ ਕਰਨ ਵਾਲੀ ਟੀਮ 'ਚ ਸੀ ਸ਼ਾਮਲ
ਸੀਬੀਆਈ ਨੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਵਾਈ ਦੌਰਾਨ ਕਈ ਅਹਿਮ ਦਸਤਾਵੇਜ਼, ਲੈਪਟਾਪ, ਬੈਂਕ ਸਟੇਟਮੈਂਟਾਂ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Publish Date: Sat, 16 May 2026 03:58 PM (IST)
Updated Date: Sat, 16 May 2026 04:02 PM (IST)

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (CBI) ਨੇ NEET-UG 2026 ਪ੍ਰੀਖਿਆ ਦੇ ਬਾਇਓਲੋਜੀ (Biology) ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਨੇ ਮੂਲ ਰੂਪ ਵਿੱਚ ਪੁਣੇ (ਮਹਾਰਾਸ਼ਟਰ) ਦੀ ਰਹਿਣ ਵਾਲੀ ਇੱਕ ਸੀਨੀਅਰ ਬੌਟਨੀ (Botany) ਅਧਿਆਪਕ ਮਨੀਸ਼ਾ ਗੁਰੂਨਾਥ ਮੰਡਹਰੇ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ।
NTA ਦੀ ਮਾਹਰ ਟੀਮ 'ਚ ਸ਼ਾਮਲ ਸੀ ਮੁਲਜ਼ਮ ਅਧਿਆਪਕ
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਮਨੀਸ਼ਾ ਮੰਡਹਰੇ ਨੂੰ NEET-UG 2026 ਪ੍ਰੀਖਿਆ ਪ੍ਰਕਿਰਿਆ ਵਿੱਚ ਇੱਕ ਮਾਹਰ (Expert) ਵਜੋਂ ਨਿਯੁਕਤ ਕੀਤਾ ਸੀ। ਇਸ ਕਾਰਨ ਉਸ ਕੋਲ ਬੌਟਨੀ ਅਤੇ ਜ਼ੂਲੋਜੀ ਦੇ ਪ੍ਰਸ਼ਨ ਪੱਤਰਾਂ ਤੱਕ ਪੂਰੀ ਪਹੁੰਚ ਸੀ। ਸੀਬੀਆਈ ਮੁਤਾਬਕ, ਅਪ੍ਰੈਲ 2026 ਵਿੱਚ ਮਨੀਸ਼ਾ ਮੰਡਹਰੇ ਨੇ ਪੁਣੇ ਦੀ ਹੀ ਇੱਕ ਹੋਰ ਮਹਿਲਾ ਮਨੀਸ਼ਾ ਵਾਘਮਾਰੇ (ਜਿਸ ਨੂੰ 14 ਮਈ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ) ਦੇ ਜ਼ਰੀਏ ਨੀਟ (NEET) ਦੇ ਵਿਦਿਆਰਥੀਆਂ ਨੂੰ ਇਕੱਠਾ ਕੀਤਾ ਅਤੇ ਆਪਣੇ ਪੁਣੇ ਸਥਿਤ ਘਰ 'ਤੇ ਵਿਸ਼ੇਸ਼ ਕੋਚਿੰਗ ਕਲਾਸਾਂ ਚਲਾਈਆਂ।
ਲੱਖਾਂ ਰੁਪਏ ਲੈ ਕੇ ਲਿਖਵਾਏ ਸਨ ਅਸਲੀ ਸਵਾਲ
ਇਨ੍ਹਾਂ ਖ਼ਾਸ ਕਲਾਸਾਂ ਵਿੱਚ ਮੁਲਜ਼ਮ ਅਧਿਆਪਕ ਨੇ ਵਿਦਿਆਰਥੀਆਂ ਨੂੰ ਬੌਟਨੀ ਅਤੇ ਜ਼ੂਲੋਜੀ ਦੇ ਕਈ ਅਜਿਹੇ ਸਵਾਲ ਦੱਸੇ, ਨੋਟਸ ਲਿਖਵਾਏ ਅਤੇ ਕਿਤਾਬਾਂ ਵਿੱਚ ਨਿਸ਼ਾਨ ਲਗਵਾਏ, ਜੋ 3 ਮਈ 2026 ਨੂੰ ਹੋਈ NEET-UG ਪ੍ਰੀਖਿਆ ਦੇ ਅਸਲੀ ਪ੍ਰਸ਼ਨ ਪੱਤਰ ਨਾਲ ਹੂ-ਬਹੂ ਮੇਲ ਖਾਂਦੇ ਸਨ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਨ੍ਹਾਂ ਵਿਸ਼ੇਸ਼ ਕਲਾਸਾਂ ਵਿੱਚ ਆਉਣ ਲਈ ਵਿਦਿਆਰਥੀਆਂ ਕੋਲੋਂ ਲੱਖਾਂ ਰੁਪਏ ਲਏ ਗਏ ਸਨ।
ਦੇਸ਼ ਭਰ ਵਿੱਚ ਛਾਪੇਮਾਰੀ, ਕਈ ਅਹਿਮ ਦਸਤਾਵੇਜ਼ ਜ਼ਬਤ
ਸੀਬੀਆਈ ਨੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਵਾਈ ਦੌਰਾਨ ਕਈ ਅਹਿਮ ਦਸਤਾਵੇਜ਼, ਲੈਪਟਾਪ, ਬੈਂਕ ਸਟੇਟਮੈਂਟਾਂ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸੀਬੀਆਈ ਨੇ ਇਹ ਕੇਸ 12 ਮਈ 2026 ਨੂੰ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਸ਼ਿਕਾਇਤ 'ਤੇ ਦਰਜ ਕੀਤਾ ਸੀ।
ਹੁਣ ਤੱਕ 9 ਮੁਲਜ਼ਮ ਗ੍ਰਿਫ਼ਤਾਰ
ਪੇਪਰ ਲੀਕ ਦੇ ਇਸ ਮਾਮਲੇ ਵਿੱਚ ਸੀਬੀਆਈ ਹੁਣ ਤੱਕ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆਨਗਰ ਤੋਂ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ 5 ਮੁਲਜ਼ਮਾਂ ਨੂੰ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਸੀਬੀਆਈ ਦਾ ਕਹਿਣਾ ਹੈ ਕਿ ਜਾਂਚ ਵਿੱਚ ਕੈਮਿਸਟਰੀ ਅਤੇ ਬਾਇਓਲੋਜੀ ਪੇਪਰ ਲੀਕ ਦੇ ਅਸਲੀ ਸਰੋਤ (Source) ਅਤੇ ਵਿਦਿਆਰਥੀਆਂ ਨੂੰ ਜੋੜਨ ਵਾਲੇ ਵਿਚੋਲਿਆਂ ਦਾ ਪਤਾ ਲੱਗ ਚੁੱਕਾ ਹੈ ਅਤੇ ਮਾਮਲੇ ਦੀ ਨਿਰਪੱਖ ਤੇ ਪੇਸ਼ੇਵਰ ਤਰੀਕੇ ਨਾਲ ਜਾਂਚ ਜਾਰੀ ਹੈ।