NEET UG 2026 ਪਰੀਖਿਆ ਰੱਦ, ਹੁਣ 22 ਲੱਖ ਵਿਦਿਆਰਥੀਆਂ ਦਾ ਕੀ ਹੋਵੇਗਾ? ਪੇਪਰ ਲੀਕ ਮਾਮਲੇ 'ਚ CBI ਜਾਂਚ ਸ਼ੁਰੂ
ਐਡੀਸ਼ਨਲ ਡੀਜੀਪੀ (SOG) ਵਿਸ਼ਾਲ ਬੰਸਲ ਨੇ ਦੱਸਿਆ ਕਿ ਜਾਂਚਕਰਤਾਵਾਂ ਨੂੰ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ 400 ਤੋਂ ਵੱਧ ਸਵਾਲਾਂ ਦਾ ਇੱਕ ਸੈੱਟ ਮਿਲਿਆ ਸੀ। ਇਨ੍ਹਾਂ ਵਿੱਚੋਂ 100 ਤੋਂ ਵੱਧ ਜੀਵ ਵਿਗਿਆਨ (Biology) ਅਤੇ ਰਸਾਇਣ ਵਿਗਿਆਨ (Chemistry) ਦੇ ਸਵਾਲ ਅਸਲ NEET ਪ੍ਰੀਖਿਆ ਦੇ ਸਵਾਲਾਂ ਨਾਲ ਮਿਲਦੇ-ਜੁਲਦੇ ਸਨ।
Publish Date: Tue, 12 May 2026 01:05 PM (IST)
Updated Date: Tue, 12 May 2026 02:01 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ 3 ਮਈ 2026 ਨੂੰ ਕਰਵਾਈ ਗਈ NEET (UG) 2026 ਦੀ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰੀਖਿਆ ਨੂੰ ਦੁਬਾਰਾ ਕਰਵਾਉਣ ਦਾ ਨਿਰਣਾ ਲਿਆ ਗਿਆ ਹੈ, ਜਿਸ ਦੀ ਤਾਰੀਖ਼ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ, ਭਾਰਤ ਸਰਕਾਰ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (CBI) ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। NTA ਨੇ ਭਰੋਸਾ ਦਿੱਤਾ ਹੈ ਕਿ ਉਹ ਜਾਂਚ ਵਿੱਚ CBI ਨੂੰ ਪੂਰਾ ਸਹਿਯੋਗ ਦੇਵੇਗੀ ਅਤੇ ਲੋੜੀਂਦੇ ਸਾਰੇ ਰਿਕਾਰਡ ਤੇ ਸਮੱਗਰੀ ਮੁਹੱਈਆ ਕਰਵਾਏਗੀ।
ਵਿਦਿਆਰਥੀਆਂ ਨੂੰ ਵਾਪਸ ਮਿਲੇਗੀ ਪ੍ਰੀਖਿਆ ਫੀਸ
ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਦੁਬਾਰਾ ਹੋਣ ਵਾਲੀ ਪ੍ਰੀਖਿਆ ਲਈ ਕਿਸੇ ਨਵੇਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਵਾਧੂ ਫੀਸ ਲਈ ਜਾਵੇਗੀ। ਇਸ ਤੋਂ ਇਲਾਵਾ ਜੋ ਫੀਸ ਪਹਿਲਾਂ ਜਮ੍ਹਾ ਕੀਤੀ ਜਾ ਚੁੱਕੀ ਹੈ, ਉਹ ਵਿਦਿਆਰਥੀਆਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਇਸ ਵਾਰ NTA ਆਪਣੇ ਅੰਦਰੂਨੀ ਸਾਧਨਾਂ ਦੀ ਵਰਤੋਂ ਕਰਕੇ ਪ੍ਰੀਖਿਆ ਦਾ ਪ੍ਰਬੰਧ ਕਰੇਗੀ।
ਰਾਜਸਥਾਨ ਤੇ ਉਤਰਾਖੰਡ ਤੋਂ ਮਿਲੀ ਸੀ ਪੇਪਰ ਲੀਕ ਦੀ ਸੂਚਨਾ
ਜ਼ਿਕਰਯੋਗ ਹੈ ਕਿ 3 ਮਈ ਨੂੰ ਦੇਸ਼ ਭਰ ਵਿੱਚ NEET ਦੀ ਪ੍ਰੀਖਿਆ ਹੋਈ ਸੀ। ਇਸ ਤੋਂ ਬਾਅਦ ਰਾਜਸਥਾਨ ਅਤੇ ਉਤਰਾਖੰਡ ਤੋਂ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਰਾਜਸਥਾਨ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।
SOG ਨੂੰ ਮਿਲੇ 400 ਤੋਂ ਵੱਧ ਸਵਾਲ
ਐਡੀਸ਼ਨਲ ਡੀਜੀਪੀ (SOG) ਵਿਸ਼ਾਲ ਬੰਸਲ ਨੇ ਦੱਸਿਆ ਕਿ ਜਾਂਚਕਰਤਾਵਾਂ ਨੂੰ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ 400 ਤੋਂ ਵੱਧ ਸਵਾਲਾਂ ਦਾ ਇੱਕ ਸੈੱਟ ਮਿਲਿਆ ਸੀ। ਇਨ੍ਹਾਂ ਵਿੱਚੋਂ 100 ਤੋਂ ਵੱਧ ਜੀਵ ਵਿਗਿਆਨ (Biology) ਅਤੇ ਰਸਾਇਣ ਵਿਗਿਆਨ (Chemistry) ਦੇ ਸਵਾਲ ਅਸਲ NEET ਪ੍ਰੀਖਿਆ ਦੇ ਸਵਾਲਾਂ ਨਾਲ ਮਿਲਦੇ-ਜੁਲਦੇ ਸਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਲਾਤੂਰ ਵਿੱਚ ਇੱਕ ਕੋਚਿੰਗ ਅਕੈਡਮੀ ਤੋਂ ਵੀ ਸ਼ੱਕੀ ਵੀਡੀਓ ਅਤੇ ਪ੍ਰਸ਼ਨ ਪੱਤਰਾਂ ਦੀਆਂ ਫੋਟੋਕਾਪੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
NTA ਦਾ ਪੱਖ
ਪਹਿਲਾਂ NTA ਨੇ ਕਿਹਾ ਸੀ ਕਿ ਪ੍ਰੀਖਿਆ ਪੂਰੀ ਸੁਰੱਖਿਆ ਨਾਲ ਕਰਵਾਈ ਗਈ ਹੈ, ਪਰ 7 ਮਈ ਦੀ ਰਾਤ ਨੂੰ ਮਿਲੀ ਸ਼ੱਕੀ ਸੂਚਨਾ ਤੋਂ ਬਾਅਦ ਮਾਮਲਾ ਕੇਂਦਰੀ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਸੀ। ਹੁਣ ਸਰਕਾਰ ਨੇ ਪਾਰਦਰਸ਼ਤਾ ਬਣਾਈ ਰੱਖਣ ਲਈ ਪੂਰੀ ਪ੍ਰੀਖਿਆ ਰੱਦ ਕਰਕੇ CBI ਜਾਂਚ ਦੇ ਹੁਕਮ ਦਿੱਤੇ ਹਨ।