ਈਰਾਨ-ਇਜ਼ਰਾਈਲ ਜੰਗ ਘਟਾਉਣ 'ਚ ਭਾਰਤ ਨਿਭਾ ਸਕਦਾ ਹੈ ਵੱਡੀ ਭੂਮਿਕਾ: ਸੰਯੁਕਤ ਰਾਸ਼ਟਰ
ਸ਼ਾਮਦਾਸਾਨੀ ਨੇ ਕਿਹਾ ਕਿ ਇਜ਼ਰਾਈਲ, ਈਰਾਨ ਤੇ ਅਮਰੀਕਾ ਵਲੋਂ ਕੀਤੇ ਗਏ ਹਮਲਿਆਂ ਦੇ ਬਾਅਦ ਇਹ ਤਣਾਅ ਵਧਿਆ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਹੋਈ ਤੇ ਗੁਆਂਢੀ ਦੇਸ਼ਾਂ ਨੂੰ ਵੀ ਪ੍ਰਭਾਵਿਤ ਕਰਦੇ ਹੋਏ ਵਿਆਪਕ ਦੁਸ਼ਮਣੀ ਫੈਲ ਗਈ। ਉਨ੍ਹਾਂ ਕਿਹਾ ਕਿ ਇਹ ਇਕ ਭਿਆਨਕ ਆਫ਼ਤ ਹੈ ਜਿਹੜੀ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰੀ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਟਾਲ਼ਿਆ ਜਾ ਸਕਦਾ ਸੀ।
Publish Date: Sun, 15 Mar 2026 11:18 AM (IST)
Updated Date: Sun, 15 Mar 2026 11:20 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੇ ਚਿਤਾਵਨੀ ਦਿੱਤੀ ਹੈ ਕਿ ਵਧਦੀ ਈਰਾਨ-ਇਜ਼ਰਾਈਲ ਜੰਗ ਦੇ ਗੰਭੀਰ ਮਨੁੱਖੀ, ਆਰਥਿਕ ਤੇ ਵਿਸ਼ਵ ਪੱਧਰੀ ਨਤੀਜੇ ਹੋ ਸਕਦੇ ਹਨ ਤੇ ਸਾਰੀਆਂ ਧਿਰਾਂ ਨੂੰ ਤਤਕਾਲ ਜੰਗਬੰਦੀ ਦੀ ਦਿਸ਼ਾ ’ਚ ਅੱਗੇ ਵਧਣ ਤੇ ਤਣਾਅ ਘੱਟ ਕਰਨ ’ਚ ਮਦਦ ਦੀ ਅਪੀਲ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਭਾਰਤ ਸਮੇਤ ਪ੍ਰਭਾਵਸ਼ਾਲੀ ਦੇਸ਼ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਬੁਲਾਰਾ ਰਵੀਨਾ ਸ਼ਾਮਦਾਸਾਨੀ ਨੇ ਕਿਹਾ ਕਿ ਸੰਗਠਨ ਨੇ ਮਹੀਨਿਆਂ ਪਹਿਲਾਂ ਹੀ ਜੰਗ ਦੇ ਖ਼ਦਸ਼ੇ ਬਾਰੇ ਚਿਤਾਵਨੀ ਦਿੱਤੀ ਸੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਮੁਤਾਬਕ, ਸੰਘਰਸ਼ ਸ਼ੁਰੂਆਤੀ ਹਮਲਿਆਂ ਤੋਂ ਅੱਗੇ ਵਧ ਕੇ ਹੁਣ ਪੂਰੇ ਖੇਤਰ ’ਚ ਕਈ ਧਿਰਾਂ ਨੂੰ ਸ਼ਾਮਲ ਕਰ ਚੁੱਕਾ ਹੈ। ਸ਼ਾਮਦਾਸਾਨੀ ਨੇ ਕਿਹਾ ਕਿ ਇਜ਼ਰਾਈਲ, ਈਰਾਨ ਤੇ ਅਮਰੀਕਾ ਵਲੋਂ ਕੀਤੇ ਗਏ ਹਮਲਿਆਂ ਦੇ ਬਾਅਦ ਇਹ ਤਣਾਅ ਵਧਿਆ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਹੋਈ ਤੇ ਗੁਆਂਢੀ ਦੇਸ਼ਾਂ ਨੂੰ ਵੀ ਪ੍ਰਭਾਵਿਤ ਕਰਦੇ ਹੋਏ ਵਿਆਪਕ ਦੁਸ਼ਮਣੀ ਫੈਲ ਗਈ। ਉਨ੍ਹਾਂ ਕਿਹਾ ਕਿ ਇਹ ਇਕ ਭਿਆਨਕ ਆਫ਼ਤ ਹੈ ਜਿਹੜੀ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰੀ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਟਾਲ਼ਿਆ ਜਾ ਸਕਦਾ ਸੀ।
ਸੰਯੁਕਤ ਰਾਸ਼ਟਰ ਈਰਾਨ, ਲਿਬਨਾਨ ਤੇ ਇਜ਼ਰਾਈਲ ਸਮੇਤ ਕਈ ਦੇਸ਼ਾਂ ’ਚ ਹੋ ਰਹੇ ਘਟਨਾਕ੍ਰਮਾਂ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਨਾਲ ਹੀ ਈਂਧਨ ਦੀਆਂ ਵਧਦੀਆਂ ਕੀਮਤਾਂ, ਮਨੁੱਖੀ ਸਹਾਇਤਾ ’ਚ ਰੁਕਾਵਟ ਤੇ ਖਾੜੀ ਦੇਸ਼ਾਂ ’ਚ ਪਰਵਾਸੀ ਕਾਮਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਆਰਥਿਕ ਮੁਸ਼ਕਲਾਂ ਵਰਗੇ ਵਿਸ਼ਵ ਪੱਧਰੀ ਨਤੀਜਿਆਂ ’ਤੇ ਵੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੋਰਨਾਂ ਪ੍ਰਭਾਵਸ਼ਾਲੀ ਦੇਸ਼ਾਂ ਦੇ ਨਾਲ ਮਿਲ ਕੇ, ਸੰਯੁਕਤ ਰਾਸ਼ਟਰ ਚਾਰਟਰ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾ ਸਕਦਾ ਹੈ ਤੇ ਇਸ ਜੰਗ ਨੂੰ ਖ਼ਤਮ ਕਰਨ ’ਤੇ ਜ਼ੋਰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਕਟ ਨੂੰ ਵਿਆਪਕ ਖੇਤਰੀ ਜੰਗ ’ਚ ਤਬਦੀਲ ਹੋਣ ਤੋਂ ਰੋਕਣ ਲਈ ਵਿਸ਼ਵ ਦੇ ਨੇਤਾਵਾਂ ਨੂੰ ਸੰਵਾਦ, ਗੱਲਬਾਤ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਨਮਾਨ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।