ਆਈਆਈਟੀ ਗੁਹਾਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋ. ਹ੍ਰਿਸ਼ੀਕੇਸ਼ ਸ਼ਰਮਾ ਮੁਤਾਬਕ ਖੋਜਕਰਤਾਵਾਂ ਨੇ ਪਾਇਆ ਹੈ ਕਿ ਇਸ ਉੱਨਤ ਮੋਰਟਾਰ ਦੀ ਵਰਤੋਂ ਕਰ ਕੇ ਬਣਾਏ ਕੰਕਰੀਟ ਰੇਡੀਏਸ਼ਨ ਰਿਸਾਅ ਦੇ ਖ਼ਤਰੇ ਨੂੰ ਘਟਾਉਣ ਵਿਚ ਸਮਰੱਥ ਹੈ। ਇਸ ਨਾਲ ਉਨ੍ਹਾਂ ਖੇਤਰਾਂ ਵਿਚ ਵਧੇਰੇ ਭਰੋਸੇਯੋਗ ਸੁਰੱਖਿਆ ਰਚਨਾਵਾਂ ਬਣਾਉਣ ਵਿਚ ਮਦਦ ਮਿਲ ਸਕਦੀ ਹੈ ਜਿੱਥੇ ਰੇਡੀਏਸ਼ਨ ਨੂੰ ਸਖ਼ਤੀ ਨਾਲ ਕੰਟਰੋਲ ਕਰਨ ਦੀ ਲੋੜ ਹੈ। ਇਸ ਨਾਲ ਪਰਮਾਣੂ ਬਿਜਲੀ ਘਰਾਂ ਦੀ ਲੰਮੇ ਚਿਰ ਦੀ ਸੁਰੱਖਿਆ ਵਿਚ ਵੀ ਮਦਦ ਮਿਲੇਗੀ।

ਨਵੀਂ ਦਿੱਲੀ, (ਪੀਟੀਆਈ) : ਸਵਦੇਸ਼ੀ ਸੀਮੈਂਟ ਮੋਰਟਾਰ ਪਰਮਾਣੂ ਬਿਜਲੀ ਘਰਾਂ ਤੋਂ ਹੋਣ ਵਾਲੇ ਰੇਡੀਏਸ਼ਨ ਤੋਂ ਬਚਾਏਗਾ। ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ)-ਗੁਹਾਟੀ ਦੇ ਖੋਜਕਰਤਾਵਾਂ ਨੇ ਪਰਮਾਣੂ ਪਲਾਂਟਾਂ ਨੂੰ ਰੇਡੀਏਸ਼ਨ ਤੋਂ ਸੁਰੱਖਿਅਤ ਬਣਾਉਣ ਦੇ ਟੀਚੇ ਨਾਲ ਸੀਮੈਂਟ ਮੋਰਟਾਰ ਨੂੰ ਹੋਰ ਮਜ਼ਬੂਤ, ਟਿਕਾਊ ਤੇ ਨੁਕਸਾਨਦੇਹ ਰੇਡੀਏਸ਼ਨ ਨੂੰ ਬਿਹਤਰ ਢੰਗ ਨਾਲ ਰੋਕਣ ਦਾ ਤਰੀਕਾ ਵਿਕਸਤ ਕੀਤਾ ਹੈ।
ਅਧਿਕਾਰੀਆਂ ਮੁਤਾਬਕ ਇਸ ਤਰੀਕੇ ਦਾ ਮੁੱਖ ਟੀਚਾ ਮੋਰਟਾਰ ਦੇ ਭੌਤਿਕ ਗੁਣਾਂ ਵਿਚ ਸੁਧਾਰ ਕਰਨਾ ਹੈ ਤਾਂ ਜੋ ਇਹ ਮਜ਼ਬੂਤੀ ਦੇਣ ਦੇ ਨਾਲ-ਨਾਲ ਰੇਡੀਏਸ਼ਨ ਨੂੰ ਵੀ ਰੋਕ ਸਕੇ। ਮੋਰਟਾਰ ਦੀ ਰਚਨਾ ਵਿਚ ਬਦਲਾਅ ਕਰ ਕੇ, ਉਨ੍ਹਾਂ ਨੇ ਇਸ ਦੇ ਘਣਤਾ ਅਤੇ ਸਦੀਵੀਪਣ ਵਧਾਉਣ 'ਤੇ ਜ਼ੋਰ ਦਿੱਤਾ, ਜਿਸ ਨਾਲ ਰੇਡੀਏਸ਼ਨ ਸੀਮਤ ਕਰਨ ਵਿਚ ਮਦਦ ਮਿਲ ਸਕੇ। ਇਸ ਖੋਜ ਦੇ ਨਤੀਜੇ ਸਾਇੰਸ ਰਸਾਲੇ "ਮੈਟੇਰੀਅਲਜ਼ ਐਂਡ ਸਟ੍ਰਕਚਰਜ਼" ਵਿਚ ਪ੍ਰਕਾਸ਼ਤ ਹੋਏ ਹਨ।
ਆਈਆਈਟੀ ਗੁਹਾਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋ. ਹ੍ਰਿਸ਼ੀਕੇਸ਼ ਸ਼ਰਮਾ ਮੁਤਾਬਕ ਖੋਜਕਰਤਾਵਾਂ ਨੇ ਪਾਇਆ ਹੈ ਕਿ ਇਸ ਉੱਨਤ ਮੋਰਟਾਰ ਦੀ ਵਰਤੋਂ ਕਰ ਕੇ ਬਣਾਏ ਕੰਕਰੀਟ ਰੇਡੀਏਸ਼ਨ ਰਿਸਾਅ ਦੇ ਖ਼ਤਰੇ ਨੂੰ ਘਟਾਉਣ ਵਿਚ ਸਮਰੱਥ ਹੈ। ਇਸ ਨਾਲ ਉਨ੍ਹਾਂ ਖੇਤਰਾਂ ਵਿਚ ਵਧੇਰੇ ਭਰੋਸੇਯੋਗ ਸੁਰੱਖਿਆ ਰਚਨਾਵਾਂ ਬਣਾਉਣ ਵਿਚ ਮਦਦ ਮਿਲ ਸਕਦੀ ਹੈ ਜਿੱਥੇ ਰੇਡੀਏਸ਼ਨ ਨੂੰ ਸਖ਼ਤੀ ਨਾਲ ਕੰਟਰੋਲ ਕਰਨ ਦੀ ਲੋੜ ਹੈ। ਇਸ ਨਾਲ ਪਰਮਾਣੂ ਬਿਜਲੀ ਘਰਾਂ ਦੀ ਲੰਮੇ ਚਿਰ ਦੀ ਸੁਰੱਖਿਆ ਵਿਚ ਵੀ ਮਦਦ ਮਿਲੇਗੀ।
ਉਨ੍ਹਾਂ ਕਿਹਾ, "ਇਸ ਖੋਜ ਦੇ ਜ਼ਰੀਏ ਅਸੀਂ ਇਹ ਦਰਸਾਇਆ ਹੈ ਕਿ ਸਾਵਧਾਨੀ ਨਾਲ ਬਣਾਇਆ ਗਿਆ ਸੁਖਮ ਕਣ ਸੋਧਿਆ ਸੀਮੈਂਟ ਮੋਰਟਾਰ ਦੀ ਮਜ਼ਬੂਤੀ ਤੇ ਰੇਡੀਏਸ਼ਨ ਰੋਕਣ ਦੀ ਸਮਰੱਥਾ ਦੋਵਾਂ ਨੂੰ ਵਧਾ ਸਕਦਾ ਹੈ।" 1986 ਵਿਚ ਚੇਰਨੋਬਿਲ ਦੀ ਆਫ਼ਤ ਤੇ 2011 ਵਿਚ ਫੁਕੁਸ਼ਿਮਾ ਪਰਮਾਣੂ ਦੁਖਾਂਤ ਵਰਗੀਆਂ ਪਰਮਾਣੂ ਆਫ਼ਤਾਂ ਦੇ ਮੱਦੇਨਜ਼ਰ, ਪਰਮਾਣੂ ਊਰਜਾ ਪ੍ਰਣਾਲੀਆਂ ਵਿਚ ਰੇਡੀਏਸ਼ਨ ਤੋਂ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਇਹ ਕਿਸੇ ਵੀ ਬਿਜਲੀ ਪਲਾਂਟ ਦੇ ਨਿਰਮਾਣ ਵਿਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਦੀ ਮਜ਼ਬੂਤੀ 'ਤੇ ਨਿਰਭਰ ਕਰਦਾ ਹੈ। ਪਰਮਾਣੂ ਰੋਕੂ ਰਚਨਾਵਾਂ ਸੁਰੱਖਿਆ ਅੜਿੱਕੇ ਦੇ ਤੌਰ 'ਤੇ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਭੂਚਾਲ, ਧਮਾਕਾ ਜਾਂ ਤਾਪਮਾਨ ਵਿਚ ਤੇਜ਼ ਬਦਲਾਅ ਵਰਗੀਆਂ ਘਟਨਾਵਾਂ ਦੌਰਾਨ ਰੇਡੀਏਸ਼ਨ ਰਿਸਾਅ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ, "ਜਿਸ ਤਰ੍ਹਾਂ ਦੁਨੀਆ ਬਿਜਲੀ ਦੀ ਵਧਦੀ ਮੰਗ ਤੇ ਜਲਵਾਯੂ ਸਬੰਧੀ ਅਹਿਦ ਨੂੰ ਪੂਰਾ ਕਰਨ ਲਈ ਪਰਮਾਣੂ ਊਰਜਾ ਦੇ ਵਿਸਥਾਰ ਵੱਲ ਵੱਧ ਰਹੀ ਏ, ਪਰਮਾਣੂ ਬੁਨਿਆਦੀ ਢਾਂਚੇ ਦੀ ਸੁਰੱਖਿਆ ਵੀ ਅਹਿਮ ਹੈ। ਅਸੀਂ ਵਿਕਸਤ ਕੀਤੇ ਗਏ ਸੀਮੈਂਟ ਮੋਰਟਾਰ ਦੀ ਸ਼ਕਤੀ, ਕਾਰਗੁਜ਼ਾਰੀ, ਸਥਾਈਪਣ ਅਤੇ ਰੇਡੀਏਸ਼ਨ ਰੋਕਣ ਦੀ ਸਮਰੱਥਾ ਦੇ ਦਰਮਿਆਨ ਤਵਾਜ਼ਨ ਪ੍ਰਾਪਤ ਕਰਨ ਲਈ ਸੂਖਣ ਕਣਾਂ ਦੀ ਮਾਤਰਾ ਨੂੰ ਅਨੁਕੂਲਿਤ ਕਰਨ 'ਤੇ ਕੰਮ ਕਰ ਰਹੇ ਹਾਂ। ਇਸ ਤਕਨੀਕ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਅਸੀਂ ਪਰਮਾਣੂ ਊਰਜਾ ਏਜੰਸੀਆਂ, ਨਿਰਮਾਣ ਸਮੱਗਰੀਆਂ ਦੇ ਨਿਰਮਾਤਾ ਅਤੇ ਪਰਮਾਣੂ ਕੇਂਦਰ ਬਣਾਉਣ ਵਿਚ ਸ਼ਾਮਲ ਕੰਪਨੀਆਂ ਨਾਲ ਸਹਿਯੋਗ ਕਰਨਾ ਚਾਹੁੰਦੇ ਹਾਂ।