ਹੁਣ ਬੰਦਰਗਾਹਾਂ 'ਤੇ ਨਹੀਂ ਫਸੇਗਾ ਇੰਪੋਰਟਡ ਸਾਮਾਨ, FSSAI ਨੇ ਪ੍ਰਕਿਰਿਆ ਕੀਤੀ ਆਸਾਨ; ਜਾਣੋ ਕਿਵੇਂ ਹੋਵੇਗਾ ਫਾਇਦਾ?
ਜੇਕਰ ਕਿਸੇ ਕਾਰਨ ਭੁਗਤਾਨ (Payment) ਵਿੱਚ ਦੇਰੀ ਹੁੰਦੀ ਸੀ, ਤਾਂ ਸਾਰਾ ਪ੍ਰਕਿਰਿਆ ਰੁਕ ਜਾਂਦੀ ਸੀ ਅਤੇ ਸਾਮਾਨ ਬੰਦਰਗਾਹਾਂ 'ਤੇ ਹੀ ਪਿਆ ਰਹਿੰਦਾ ਸੀ।
Publish Date: Tue, 14 Apr 2026 11:13 AM (IST)
Updated Date: Tue, 14 Apr 2026 11:14 AM (IST)
ਨਵੀਂ ਦਿੱਲੀ: ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (FSSAI) ਨੇ ਵਿਦੇਸ਼ਾਂ ਤੋਂ ਆਉਣ ਵਾਲੇ ਖਾਣ-ਪੀਣ ਵਾਲੇ ਸਾਮਾਨ (Imported Food Items) ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿੱਚ ਹੋਣ ਵਾਲੀ ਦੇਰੀ ਨੂੰ ਖ਼ਤਮ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਨਵੇਂ ਬਦਲਾਅ ਤਹਿਤ ਹੁਣ ਇੰਪੋਰਟਡ ਸਾਮਾਨ ਦੀ ਜਾਂਚ (Inspection) ਅਤੇ ਟੈਸਟਿੰਗ (Testing) ਦੋਵੇਂ ਕੰਮ ਇੱਕੋ ਸਮੇਂ ਕੀਤੇ ਜਾ ਸਕਣਗੇ।
ਪਹਿਲਾਂ ਇਹ ਪ੍ਰਕਿਰਿਆ ਕਾਫ਼ੀ ਲੰਬੀ ਸੀ। ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਇੰਪੋਰਟਰ ਨੂੰ ਫੀਸ ਭਰਨੀ ਪੈਂਦੀ ਸੀ, ਫਿਰ ਟੈਸਟ ਹੁੰਦਾ ਸੀ ਅਤੇ ਸੈਂਪਲ ਲੈਬ ਵਿੱਚ ਭੇਜਣ ਤੋਂ ਪਹਿਲਾਂ ਦੁਬਾਰਾ ਫੀਸ ਦੇਣੀ ਪੈਂਦੀ ਸੀ। ਜੇਕਰ ਕਿਸੇ ਕਾਰਨ ਭੁਗਤਾਨ (Payment) ਵਿੱਚ ਦੇਰੀ ਹੁੰਦੀ ਸੀ, ਤਾਂ ਸਾਰਾ ਪ੍ਰਕਿਰਿਆ ਰੁਕ ਜਾਂਦੀ ਸੀ ਅਤੇ ਸਾਮਾਨ ਬੰਦਰਗਾਹਾਂ 'ਤੇ ਹੀ ਪਿਆ ਰਹਿੰਦਾ ਸੀ।
ਹੁਣ ਕੀ ਬਦਲਿਆ?
ਹੁਣ ਦਸਤਾਵੇਜ਼ਾਂ ਦੀ ਜਾਂਚ ਪੂਰੀ ਹੁੰਦਿਆਂ ਹੀ, ਬਿਨਾਂ ਪੇਮੈਂਟ ਦਾ ਇੰਤਜ਼ਾਰ ਕੀਤੇ ਤੁਰੰਤ ਸੈਂਪਲ ਲਏ ਜਾ ਸਕਣਗੇ।
ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਕੀਤੇ ਬਿਨਾਂ ਜਾਂਚ ਅਤੇ ਟੈਸਟਿੰਗ ਇਕੱਠੇ ਚੱਲਣਗੇ।
ਅੰਤਿਮ ਮਨਜ਼ੂਰੀ (NOC) ਸਾਰੇ ਸ਼ੁਲਕ ਚੁਕਾਉਣ ਤੋਂ ਬਾਅਦ ਹੀ ਜਾਰੀ ਕੀਤੀ ਜਾਵੇਗੀ।
ਆਮ ਲੋਕਾਂ ਅਤੇ ਵਪਾਰੀਆਂ ਨੂੰ ਹੋਣ ਵਾਲੇ ਫਾਇਦੇ:
ਤਾਜ਼ਾ ਸਾਮਾਨ: ਫਲ, ਡੇਅਰੀ ਉਤਪਾਦ ਅਤੇ ਪ੍ਰੋਸੈਸਡ ਫੂਡ ਵਰਗੀਆਂ ਜਲਦੀ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਹੁਣ ਬੰਦਰਗਾਹਾਂ 'ਤੇ ਘੱਟ ਸਮਾਂ ਰਹਿਣਗੀਆਂ, ਜਿਸ ਨਾਲ ਉਹਨਾਂ ਦੀ ਗੁਣਵੱਤਾ ਬਣੀ ਰਹੇਗੀ।
ਕੀਮਤਾਂ ਵਿੱਚ ਸਥਿਰਤਾ: ਲੌਜਿਸਟਿਕਸ ਵਿੱਚ ਦੇਰੀ ਘਟਣ ਨਾਲ ਬਾਜ਼ਾਰ ਵਿੱਚ ਚੀਜ਼ਾਂ ਦੀ ਸਪਲਾਈ ਤੇਜ਼ ਹੋਵੇਗੀ, ਜੋ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰੇਗੀ।
ਸਮੇਂ ਦੀ ਬਚਤ: ਹਰ ਪੜਾਅ 'ਤੇ ਭੁਗਤਾਨ ਦੇ ਇੰਤਜ਼ਾਰ ਵਿੱਚ ਹੁਣ ਸਮਾਂ ਬਰਬਾਦ ਨਹੀਂ ਹੋਵੇਗਾ।