ਸਕਾਈਮੈੱਟ ਅਨੁਸਾਰ ਪੰਜਾਬ, ਹਰਿਆਣਾ ਤੇ ਰਾਜਸਥਾਨ ਵਰਗੇ ਉੱਤਰ-ਪੱਛਮੀ ਸੂਬਿਆਂ 'ਚ ਸੋਕੇ ਦੀ 30 ਫੀਸਦੀ ਸ਼ੰਕਾ ਹੈ। ਮੱਧ ਅਤੇ ਪੱਛਮੀ ਭਾਰਤ ਦੇ ਸੂਬਿਆਂ 'ਚ ਵੀ ਘੱਟ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਜਿਵੇਂ ਕਿ ਬਿਹਾਰ, ਪੱਛਮੀ ਬੰਗਾਲ, ਅਸਾਮ ਅਤੇ ਮੇਘਾਲਿਆ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਭਾਰਤ 'ਚ ਇਸ ਸਾਲ (2026) ਮੌਨਸੂਨ ਦੀ ਰਫ਼ਤਾਰ ਸੁਸਤ ਪੈ ਸਕਦੀ ਹੈ। ਸਲਾਈਮੈੱਟ ਵੈਦਰ (Skymet Weather) ਨੇ ਸਾਲ 2026 ਲਈ ਭਾਰਤ ਦੇ ਦੱਖਣ-ਪੱਛਮੀ ਮੌਨਸੂਨ ਬਾਰੇ ਆਪਣੀ ਭਵਿੱਖਬਾਣੀ ਜਾਰੀ ਕੀਤੀ ਹੈ, ਜਿਸ ਤਹਿਤ ਇਸ ਵਾਰ ਜੂਨ ਤੋਂ ਸਤੰਬਰ ਦੌਰਾਨ ਆਮ ਨਾਲੋਂ 6 ਫੀਸਦੀ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸ਼ੁਰੂਆਤੀ ਅਨੁਮਾਨਾਂ ਮੁਤਾਬਕ, ਮੌਨਸੂਨ ਔਸਤ ਦਾ ਸਿਰਫ਼ 94% ਰਹਿ ਸਕਦਾ ਹੈ। ਘੱਟ ਬਾਰਿਸ਼ ਦਾ ਅਸਰ ਨਾ ਸਿਰਫ਼ ਖੇਤੀ 'ਤੇ, ਸਗੋਂ ਤੁਹਾਡੀ ਰਸੋਈ ਦੇ ਬਜਟ ਅਤੇ ਦੇਸ਼ ਦੀ ਆਰਥਿਕਤਾ 'ਤੇ ਵੀ ਪਵੇਗਾ। ਆਓ ਜਾਣਦੇ ਹਾਂ ਇਸ ਸਾਲ ਕਿਉਂ ਘੱਟ ਹੋਵੇਗੀ ਬਰਸਾਤ ਅਤੇ ਇਸ ਦਾ ਅਸਰ ਕਿਸ 'ਤੇ ਪਵੇਗਾ।
ਸਕਾਈਮੈੱਟ ਵੈਦਰ 2026 ਦੇ ਮੌਨਸੂਨ ਅਨੁਮਾਨ ਮੁਤਾਬਕ, ਜੂਨ ਤੋਂ ਸਤੰਬਰ ਦੇ ਇਨ੍ਹਾਂ 4 ਮਹੀਨਿਆਂ 'ਚ ਆਮ ਔਸਤ (LPA) 868.6 ਮਿਲੀਮੀਟਰ ਹੁੰਦੀ ਹੈ, ਜਦੋਂਕਿ ਇਸ ਵਾਰ ਲਗਪਗ 817 ਮਿਲੀਮੀਟਰ ਬਾਰਿਸ਼ ਹੋਣ ਦਾ ਅਨੁਮਾਨ ਹੈ।
ਬਾਰਿਸ਼ ਘੱਟ ਹੋਣ ਨਾਲ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ, ਇਸ ਨਾਲ ਫ਼ਸਲਾਂ ਦੀ ਪੈਦਾਵਾਰ ਘਟ ਸਕਦੀ ਹੈ ਤੇ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਸ ਤੋਂ ਇਲਾਵਾ, ਘੱਟ ਬਾਰਿਸ਼ ਕਾਰਨ ਕੁਝ ਇਲਾਕਿਆਂ 'ਚ ਪਾਣੀ ਦੀ ਕਿੱਲਤ ਅਤੇ ਬਿਜਲੀ ਦੀ ਮੰਗ ਵਧ ਸਕਦੀ ਹੈ। ਮੌਨਸੂਨ ਦੀ ਰਫ਼ਤਾਰ ਸੁਸਤ ਪੈਣ ਨਾਲ ਹੀਟਵੇਵ (ਲੂ) ਦਾ ਅਸਰ ਤੇਜ਼ ਹੋ ਸਕਦਾ ਹੈ।
ਜੂਨ: ਮੌਨਸੂਨ ਦੀ ਸ਼ੁਰੂਆਤ ਚੰਗੀ ਰਹਿਣ ਦੀ ਉਮੀਦ ਹੈ। ਜੂਨ 'ਚ LPA ਦੀ 101% ਬਾਰਿਸ਼ ਦਾ ਅਨੁਮਾਨ ਹੈ, ਜੋ ਕਿ ਆਮ ਹੈ।
ਜੁਲਾਈ: ਇਸ ਮਹੀਨੇ ਤੋਂ ਮੌਨਸੂਨ 'ਚ ਕੁਝ ਕਮੀ ਆ ਸਕਦੀ ਹੈ। ਜੁਲਾਈ 'ਚ 95% ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
ਅਗਸਤ: ਅਗਸਤ ਦੌਰਾਨ ਬਾਰਿਸ਼ ਹੋਰ ਘਟ ਕੇ 92% ਰਹਿ ਸਕਦੀ ਹੈ।
ਸਤੰਬਰ: ਸੀਜ਼ਨ ਦੇ ਆਖ਼ਰੀ ਮਹੀਨੇ ਵਿੱਚ ਮੌਨਸੂਨ ਸਭ ਤੋਂ ਕਮਜ਼ੋਰ ਰਹਿਣ ਦੀ ਸ਼ੰਕਾ ਹੈ, ਜਿੱਥੇ ਸਿਰਫ਼ 89% ਬਾਰਿਸ਼ ਦਾ ਅਨੁਮਾਨ ਹੈ।
ਸਕਾਈਮੈੱਟ ਅਨੁਸਾਰ ਪੰਜਾਬ, ਹਰਿਆਣਾ ਤੇ ਰਾਜਸਥਾਨ ਵਰਗੇ ਉੱਤਰ-ਪੱਛਮੀ ਸੂਬਿਆਂ 'ਚ ਸੋਕੇ ਦੀ 30 ਫੀਸਦੀ ਸ਼ੰਕਾ ਹੈ। ਮੱਧ ਅਤੇ ਪੱਛਮੀ ਭਾਰਤ ਦੇ ਸੂਬਿਆਂ 'ਚ ਵੀ ਘੱਟ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਜਿਵੇਂ ਕਿ ਬਿਹਾਰ, ਪੱਛਮੀ ਬੰਗਾਲ, ਅਸਾਮ ਅਤੇ ਮੇਘਾਲਿਆ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਨਸੂਨ ਦੀ ਰਫ਼ਤਾਰ ਸੁਸਤ ਪੈਣ ਪਿੱਛੇ ਮੁੱਖ ਵਜ੍ਹਾ ਅਲ ਨੀਨੋ (El Nino) ਨੂੰ ਮੰਨਿਆ ਜਾ ਰਿਹਾ ਹੈ। ਇਹ ਇਕ ਜਲਵਾਯੂ ਘਟਨਾ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦੇ ਪਾਣੀ ਨੂੰ ਗਰਮ ਕਰਦੀ ਹੈ ਤੇ ਦੁਨੀਆ ਭਰ ਦੇ ਮੌਸਮ ਦੇ ਪੈਟਰਨ ਨੂੰ ਵਿਗਾੜਦੀ ਹੈ। ਭਾਰਤ ਲਈ ਅਲ ਨੀਨੋ ਦਾ ਮਤਲਬ ਅਕਸਰ ਘੱਟ ਬਾਰਿਸ਼ ਹੁੰਦਾ ਹੈ। ਇਹ ਭਵਿੱਖਬਾਣੀ ਖੇਤੀਬਾੜੀ ਖੇਤਰ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਬਾਰਿਸ਼ 'ਚ ਕਮੀ ਫ਼ਸਲਾਂ ਦੇ ਝਾੜ ਨੂੰ ਪ੍ਰਭਾਵਿਤ ਕਰ ਸਕਦੀ ਹੈ।