ਰਫ਼ਤਾਰ ਨਾਲ ਪਰਤਿਆ ਮੌਨਸੂਨ, ਅਲਨੀਨੋ ਦਾ ਸਾਇਆ ਬਰਕਰਾਰ, ਆਉਣ ਵਾਲੇ ਦਿਨਾਂ ’ਚ ਵਧ ਸਕਦੀ ਹੈ ਚੁਣੌਤੀ
ਮੌਸਮ ਵਿਗਿਆਨੀਆਂ ਮੁਤਾਬਕ ਪ੍ਰਸ਼ਾਂਤ ਮਹਾਸਾਗਰ ’ਚ ਤਾਪਮਾਨ ਆਮ ਨਾਲੋਂ 0.8 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਨਾਲ ਹੀ ਅਲਨੀਨੋ ਦੇ ਵਿਕਸਤ ਹੋਣ ਦੀ ਸਥਿਤੀ ਵੀ ਮਜ਼ਬੂਤ ਬਣੀ ਹੋਈ ਹੈ।
Publish Date: Fri, 12 Jun 2026 11:08 AM (IST)
Updated Date: Fri, 12 Jun 2026 11:14 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਸ਼ੁਰੂ ’ਚ ਸੁਸਤੀ ਤੋਂ ਬਾਅਦ ਮੌਨਸੂਨ ਨੇ ਫਿਰ ਰਫ਼ਤਾਰ ਫੜ ਲਈ ਹੈ। ਰਫ਼ਤਾਰ ’ਚ ਬੇਸ਼ੱਕ ਤੇਜ਼ੀ ਆਈ ਹੈ, ਪਰ ਮੀਂਹ ਦੀ ਸਥਿਤੀ ਚੰਗੀ ਨਹੀਂ। ਜੂਨ ’ਚ ਹੁਣ ਤੱਕ ਦੇਸ਼ ’ਚ ਔਸਤਨ 24 ਫ਼ੀਸਦ ਘੱਟ ਬਾਰਿਸ਼ ਹੋਈ ਹੈ। ਇਸ ਸਥਿਤੀ ਨੂੰ ਅਲਨੀਨੋ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜੋ ਪ੍ਰਸ਼ਾਂਤ ਮਹਾਸਾਗਰ ’ਚ ਤੇਜ਼ੀ ਨਾਲ ਉੱਭਰ ਰਿਹਾ ਹੈ। ਅਲਨੀਨੋ ਦੇ ਸੰਕੇਤ ਦੱਸ ਰਹੇ ਹਨ ਕਿ ਆਉਣ ਵਾਲੇ ਦਿਨਾਂ ’ਚ ਚੁਣੌਤੀ ਵਧ ਸਕਦੀ ਹੈ। ਖੇਤੀ ਉਤਪਾਦਨ, ਜਲਗਾਹਾਂ ਦਾ ਪੱਧਰ ਤੇ ਖ਼ੁਰਾਕੀ ਕੀਮਤਾਂ ਦੀ ਦਿਸ਼ਾ ਕਾਫ਼ੀ ਹੱਦ ਤੱਕ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਮੌਨਸੂਨ ਦੌਰਾਨ ਅਲਨੀਨੋ ਕਿੰਨਾ ਅਸਰਦਾਰ ਹੋ ਸਕਦਾ ਹੈ ਤੇ ਬਾਰਿਸ਼ ਦੀ ਨਿਰੰਤਰਤਾ ਕਿੰਨੀ ਬਣੀ ਰਹਿ ਸਕਦੀ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਪ੍ਰਸ਼ਾਂਤ ਮਹਾਸਾਗਰ ’ਚ ਤਾਪਮਾਨ ਆਮ ਨਾਲੋਂ 0.8 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਨਾਲ ਹੀ ਅਲਨੀਨੋ ਦੇ ਵਿਕਸਤ ਹੋਣ ਦੀ ਸਥਿਤੀ ਵੀ ਮਜ਼ਬੂਤ ਬਣੀ ਹੋਈ ਹੈ।
ਭਾਰਤ ’ਚ ਕਰੀਬ ਦੋ ਤਿਹਾਈ ਬਾਰਿਸ਼ ਮੌਨਸੂਨ ਤੋਂ ਹਾਸਲ ਹੁੰਦੀ ਹੈ। ਖੇਤੀ ਖੇਤਰ ਦਾ ਵੱਡਾ ਹਿੱਸਾ ਹੁਣ ਵੀ ਬਾਰਿਸ਼ ’ਤੇ ਨਿਰਭਰ ਹੈ। ਜੇਕਰ ਮੌਨਸੂਨ ਦੌਰਾਨ ਲੰਬੀ ਬ੍ਰੇਕ ਲੱਗਦੀ ਹੈ ਤਾਂ ਜੁਲਾਈ-ਅਗਸਤ ’ਚ ਮੀਂਹ ਆਮ ਨਾਲੋਂ ਘੱਟ ਹੁੰਦਾ ਹੈ ਤਾਂ ਸਾਊਣੀ ਦੀਆਂ ਫ਼ਸਲਾਂ ਦੀ ਬਿਜਾਈ ਤੇ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।
ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਸੰਭਾਵਤ ਖ਼ਤਰਿਆਂ ’ਤੇ ਪਹਿਲਾਂ ਹੀ ਤਿਆਰੀ ਕਰ ਰਹੀ ਹੈ। ਖੇਤੀ ਮੰਤਰਾਲੇ ਨੇ ਅਜਿਹੇ 197 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜੋ ਅਲਨੀਨੋ ਦੀ ਸਥਿਤੀ ’ਚੇ ਬਾਰਿਸ਼ ਦੀ ਕਮੀ ਨਾਲ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਜ਼ਿਲ੍ਹਿਆਂ ਲਈ ਸੂਬਾ ਵਾਰ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ।
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਕੇਰਲਮ ’ਚ ਚਾਰ ਦਿਨ ਦੀ ਦੇਰੀ ਨਾਲ ਪੁੱਜਣ ਤੋਂ ਬਾਅਦ ਕੁਝ ਸਮੇਂ ਤੱਕ ਮੌਨਸੂਨ ਦੀ ਰਫ਼ਤਾਰ ਸੁਸਤ ਰਹੀ ਸੀ, ਪਰ ਹੁਣ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਦੋਵਾਂ ਵੱਲੋਂ ਅਨੁਕੂਲ ਹਾਲਾਤ ਬਣਨ ਲੱਗੇ ਹਨ। ਸਕਾਈਮੇਟ ਮੁਤਾਬਕ ਮੌਨਸੂਨ ਨੇ ਰਫ਼ਤਾਰ ਫੜ ਲਈ ਹੈ ਤੇ ਉੱਤਰ-ਪੂਬਰੀ ਬਿਹਾਰ ਤੱਕ ਪੁੱਜ ਗਿਆ ਹੈ। ਪੱਛਮੀ ਤੱਟ ’ਤੇ ਕੇਰਲਮ, ਕਰਨਾਟਕ ਤੇ ਗੋਆ ’ਚ ਭਾਰੀ ਬਾਰਿਸ਼ ਦਰਜ ਕੀਤੀ ਜਾ ਰਹੀ ਹੈ। ਉੱਤਰ ਭਾਰਤ ’ਚ ਪੱਛਮੀ ਗੜਬੜੀ ਦੇ ਅਸਰ ਨਾਲ ਬਾਰਿਸ਼ ਤੇ ਹਨੇਰੀ ਤੂਫਾਨ ਦੀ ਸਰਗਰਮੀ ਵਧ ਰਹੀ ਹੈ।