ਮੋਨਾਲਿਸਾ ਨਾਬਾਲਿਗ ਨਿਕਲੀ, ਵਿਆਹ ਕਰਨ ਵਾਲੇ ਫਰਮਾਨ ਖ਼ਿਲਾਫ਼ ਕੇਸ ਦਰਜ; ਮਹੇਸ਼ਵਰ ਪੁਲਿਸ ਨੇ ਕੀਤੀ ਕਾਰਵਾਈ
ਗਾਜ਼ੀਆਬਾਦ ਦੇ ਵਕੀਲ ਪ੍ਰਥਮ ਦੁਬੇ ਨੇ 17 ਮਾਰਚ ਨੂੰ ਕਮਿਸ਼ਨ ਤੋਂ ਪਾਰਧੀ ਜਨਜਾਤੀ ਨਾਲ ਜੁੜੀ ਮੋਨਾਲਿਸਾ ਦੇ ਨਾਬਾਲਿਗ ਹੋਣ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਕਮਿਸ਼ਨ ਵੱਲੋਂ ਗਠਿਤ ਜਾਂਚ ਟੀਮ ਨੇ ਕੇਰਲ ਤੋਂ ਲੈ ਕੇ ਮਹੇਸ਼ਵਰ ਤੱਕ ਦਸਤਾਵੇਜ਼ਾਂ ਤੇ ਤੱਥਾਂ ਦੀ ਪੜਤਾਲ ਕੀਤੀ।
Publish Date: Fri, 10 Apr 2026 10:37 AM (IST)
Updated Date: Fri, 10 Apr 2026 10:39 AM (IST)
ਨਈ ਦੁਨੀਆ ਪ੍ਰਤੀਨਿਧੀ, ਖਰਗੋਨ : ਪ੍ਰਯਾਗਰਾਜ ਮਹਾਕੁੰਭ ਵਿਚ ਰੁਦਰਾਕਸ਼ ਦੀਆਂ ਮਾਲਾਵਾਂ ਵੇਚਣ ਤੋਂ ਬਾਅਦ ਸੁਰਖੀਆਂ ਵਿਚ ਆਈ ਮੋਨਾਲਿਸਾ ਦੇ ਕੇਰਲ ’ਚ ਵਿਆਹ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਫਰਮਾਨ ਖ਼ਾਨ ’ਤੇ ਲੱਗ ਰਹੇ ਲਵ ਜਿਹਾਦ ਦੇ ਦੋਸ਼ਾਂ ਦੌਰਾਨ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ (ਐੱਨਸੀਐੱਸਟੀ) ਨੇ ਆਪਣੀ ਜਾਂਚ ਵਿਚ ਜਨਮ ਸਰਟੀਫਿਕੇਟ ਦੇ ਆਧਾਰ ’ਤੇ ਮੋਨਾਲਿਸਾ ਨੂੰ ਨਾਬਾਲਿਗ ਪਾਇਆ ਹੈ। ਕਮਿਸ਼ਨ ਨੂੰ ਮਹੇਸ਼ਵਰ ਜ਼ਿਲ੍ਹੇ ਦੇ ਕਮਿਊਨਿਟੀ ਸਿਹਤ ਕੇਂਦਰ ਦੇ ਰਿਕਾਰਡ ਵਿਚ ਉਸ ਦੀ ਜਨਮ ਤਰੀਕ 30 ਦਸੰਬਰ 2009 ਦਰਜ ਮਿਲੀ ਹੈ। ਇਸ ਆਧਾਰ ’ਤੇ 11 ਮਾਰਚ 2026 ਨੂੰ ਹੋਏ ਵਿਆਹ ਸਮੇਂ ਮੋਨਾਲਿਸਾ ਦੀ ਉਮਰ ਲਗਪਗ 16 ਸਾਲ ਸੀ। ਇਸ ਤੋਂ ਬਾਅਦ ਕਮਿਸ਼ਨ ਦੀ ਸ਼ਿਕਾਇਤ ’ਤੇ ਮਹੇਸ਼ਵਰ ਥਾਣਾ ਪੁਲਿਸ ਨੇ ਫਰਮਾਨ ਖ਼ਾਨ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ।
ਗਾਜ਼ੀਆਬਾਦ ਦੇ ਵਕੀਲ ਪ੍ਰਥਮ ਦੁਬੇ ਨੇ 17 ਮਾਰਚ ਨੂੰ ਕਮਿਸ਼ਨ ਤੋਂ ਪਾਰਧੀ ਜਨਜਾਤੀ ਨਾਲ ਜੁੜੀ ਮੋਨਾਲਿਸਾ ਦੇ ਨਾਬਾਲਿਗ ਹੋਣ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਕਮਿਸ਼ਨ ਵੱਲੋਂ ਗਠਿਤ ਜਾਂਚ ਟੀਮ ਨੇ ਕੇਰਲ ਤੋਂ ਲੈ ਕੇ ਮਹੇਸ਼ਵਰ ਤੱਕ ਦਸਤਾਵੇਜ਼ਾਂ ਤੇ ਤੱਥਾਂ ਦੀ ਪੜਤਾਲ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਕਮਿਊਨਿਟੀ ਸਿਹਤ ਕੇਂਦਰ ਦੇ ਰਿਕਾਰਡ ਤੇ ਕੇਰਲ ਵਿਚ ਵਿਆਹ ਰਜਿਸਟ੍ਰੇਸ਼ਨ ਲਈ ਪੇਸ਼ ਕੀਤੇ ਗਏ ਜਨਮ ਸਰਟੀਫਿਕੇਟ ਵਿਚ ਵੱਖ-ਵੱਖ ਜਨਮ ਤਾਰੀਖਾਂ ਦਰਜ ਹਨ। ਜਾਂਚ ਟੀਮ ਨੇ ਇਸ ਨੂੰ ਸ਼ੱਕੀ ਦੱਸਦੇ ਹੋਏ ਸੰਬੰਧਿਤ ਦਸਤਾਵੇਜ਼ਾਂ ਦੇ ਆਧਾਰ ’ਤੇ ਕੀਤੇ ਗਏ ਵਿਆਹ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਆਈਜੀ ਅਨੁਰਾਗ ਨੇ ਦੱਸਿਆ ਕਿ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਮਹੇਸ਼ਵਰ ਥਾਣੇ ਵਿਚ ਫਰਮਾਨ ਖ਼ਾਨ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 173 ਤਹਿਤ ਅਗਵਾ ਦੇ ਦੋਸ਼ਾਂ ’ਚ ਮਾਮਲਾ ਦਰਜ ਕੀਤਾ ਗਿਆ ਹੈ।