ਆਵਾਰਾ ਕੁੱਤਿਆਂ ਦੀ ਪਛਾਣ ਲਈ ਮਾਈਕ੍ਰੋਚਿਪਿੰਗ ਦਾ ਸਹਾਰਾ; ਟੀਕਾਕਰਨ ਅਤੇ ਨਸਬੰਦੀ 'ਤੇ ਰੱਖੀ ਜਾਵੇਗੀ ਤਿੱਖੀ ਨਜ਼ਰ
ਚਿਪ ਲਾ ਕੇ ਹਜ਼ਾਰਾਂ ਕੁੱਤਿਆਂ ਦੀ ਡਿਜੀਟਲ ਪ੍ਰੋਫਾਈਲ ਬਣਾਈ ਜਾਵੇਗੀ। ਇਸ ’ਚ ਨਸਬੰਦੀ, ਟੀਕਾਕਰਨ ਅਤੇ ਵਿਵਹਾਰ ਨਾਲ ਜੁੜੀ ਜਾਣਕਾਰੀ ਦਰਜ ਹੋਵੇਗੀ। ਤਜਰਬਾ ਸਫ਼ਲ ਰਿਹਾ ਤਾਂ ਕੇਂਦਰ ਸਰਕਾਰ ਇਸ ਨੂੰ ਰਾਸ਼ਟਰੀ ਢਾਂਚੇ ’ਚ ਬਦਲਣ ’ਤੇ ਵਿਚਾਰ ਕਰ ਸਕਦੀ ਹੈ।
Publish Date: Sun, 29 Mar 2026 11:37 AM (IST)
Updated Date: Sun, 29 Mar 2026 11:40 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਆਵਾਰਾ ਕੁੱਤਿਆਂ ਦੇ ਵਧਦੇ ਹਮਲਿਆਂ ਤੇ ਉਨ੍ਹਾਂ ਦੀ ਮੈਨੇਜਮੈਂਟ ਦੀਆਂ ਮੁਸ਼ਕਲਾਂ ਵਿਚਾਲੇ ਹੁਣ ਤਕਨੀਕ ਆਧਾਰਤ ਹੱਲ ਦੀ ਦਿਸ਼ਾ ’ਚ ਕਦਮ ਵਧਾਇਆ ਜਾ ਰਿਹਾ ਹੈ। ਮਾਈਕ੍ਰੋਚਿਪਿੰਗ ਨੂੰ ਇਕ ਅਜਿਹੇ ਬਦਲ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਜਿਸ ਨਾਲ ਕੁੱਤਿਆਂ ਦੀ ਪਛਾਣ, ਟੀਕਾਕਰਨ ਤੇ ਵਿਵਹਾਰ ’ਤੇ ਬਿਹਤਰ ਨਿਗਰਾਨੀ ਰੱਖੀ ਜਾ ਸਕੇ। ਪਿਛਲੇ ਸਮੇਂ ਦੌਰਾਨ ਸੁਪਰੀਮ ਕੋਰਟ ਨੇ ਵੀ ਆਵਾਰਾ ਕੁੱਤਿਆਂ ਨੂੰ ਲੈ ਕੇ ਸੂਬਿਆਂ ਦੀ ਜ਼ਿੰਮੇਵਾਰੀ ਤੈਅ ਕਰਨ ’ਤੇ ਜ਼ੋਰ ਦਿੱਤਾ ਹੈ।
ਫ਼ਿਲਹਾਲ ਇਹ ਪਹਿਲ ਪਾਇਲਟ ਪ੍ਰਾਜੈਕਟ ਦੇ ਰੂਪ ’ਚ ਸ਼ੁਰੂ ਕੀਤੀ ਜਾ ਰਹੀ ਹੈ। ਲਖਨਊ ’ਚ ਵੱਡੇ ਪੱਧਰ ’ਤੇ ਮਾਈਕ੍ਰੋਚਿਪਿੰਗ ਦੀ ਤਿਆਰੀ ਹੈ। ਚਿਪ ਲਾ ਕੇ ਹਜ਼ਾਰਾਂ ਕੁੱਤਿਆਂ ਦੀ ਡਿਜੀਟਲ ਪ੍ਰੋਫਾਈਲ ਬਣਾਈ ਜਾਵੇਗੀ। ਇਸ ’ਚ ਨਸਬੰਦੀ, ਟੀਕਾਕਰਨ ਅਤੇ ਵਿਵਹਾਰ ਨਾਲ ਜੁੜੀ ਜਾਣਕਾਰੀ ਦਰਜ ਹੋਵੇਗੀ। ਤਜਰਬਾ ਸਫ਼ਲ ਰਿਹਾ ਤਾਂ ਕੇਂਦਰ ਸਰਕਾਰ ਇਸ ਨੂੰ ਰਾਸ਼ਟਰੀ ਢਾਂਚੇ ’ਚ ਬਦਲਣ ’ਤੇ ਵਿਚਾਰ ਕਰ ਸਕਦੀ ਹੈ।
ਇਸ ਤਕਨੀਕ ਦੇ ਤਹਿਤ ਕੁੱਤੇ ਦੇ ਸਰੀਰ ’ਚ ਇਕ ਛੋਟਾ ਇਲੈਕਟ੍ਰਾਨਿਕ ਚਿਪ ਲਾਇਆ ਜਾਵੇਗਾ। ਇਸ ’ਚ ਉਸ ਕੁੱਤੇ ਨਾਲ ਜੁੜੀ ਪੂਰੀ ਜਾਣਕਾਰੀ ਦਰਜ ਹੋਵੇਗੀ। ਜਿਵੇਂ ਕਿ ਉਸ ਨੂੰ ਕਿੱਥੋਂ ਫੜਿਆ ਗਿਆ, ਉਸ ਦੀ ਨਸਬੰਦੀ ਹੋਈ ਜਾਂ ਨਹੀਂ, ਰੇਬੀਜ਼ ਦਾ ਟੀਕਾ ਲੱਗਾ ਜਾਂ ਨਹੀਂ ਤੇ ਉਸ ਦਾ ਵਿਵਹਾਰ ਕਿਹੋ ਜਿਹਾ ਹੈ? ਸਥਾਨਕ ਨਿਗਮ ਜਾਂ ਏਜੰਸੀਆਂ ਸਕੈਨਰ ਨਾਲ ਚਿਪ ਨੂੰ ਪੜ੍ਹ ਕੇ ਤੁਰੰਤ ਜਾਣਕਾਰੀ ਹਾਸਲ ਕਰ ਸਕਣਗੀਆਂ। ਦਿੱਲੀ ’ਚ ਵੀ ਇਸ ਤਰ੍ਹਾਂ ਦਾ ਪ੍ਰਸਤਾਵ ਵਿਚਾਰ ਅਧੀਨ ਹੈ। ਬੈਂਗਲੁਰੂ ’ਚ ਪਹਿਲਾਂ ਸੀਮਤ ਪੱਧਰ ’ਤੇ ਇਹ ਤਜਰਬਾ ਕੀਤਾ ਗਿਆ ਸੀ, ਪਰ ਸਮਾਜਿਕ ਇਤਰਾਜ਼ਾਂ ਕਾਰਨ ਇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ।