ਯੁਨੈਸਕੋ ਦੀ ਰਿਪੋਰਟ ਮੁਤਾਬਕ ਜੂਨ 2023 ਤੱਕ ਸਿਰਫ਼ 24 ਫ਼ੀਸਦ ਮੁਲਕਾਂ ਵਿਚ ਫੋਨ ਬੈਨ ਸਨ ਪਰ ਮਾਰਚ 2026 ਤੱਕ ਇਹ ਗਿਣਤੀ ਵੱਧ ਕੇ 58 ਫ਼ੀਸਦ ਹੋ ਗਈ ਹੈ। ਇਸ ਦਾ ਅਰਥ ਇਹ ਹੈ ਕਿ 114 ਵਿੱਦਿਅਕ ਸਿਸਟਮ ਹੁਣ ਆਪਣੇ ਸਕੂਲਾਂ ਵਿਚ ਮੋਬਾਈਲ ਫੋਨ ਨੂੰ ‘ਨੋ ਐਂਟਰੀ’ ਕਹਿ ਚੁੱਕੇ ਹਨ।

ਨਵੀਂ ਦਿੱਲੀ (ਪੀਟੀਆਈ) : ਅੱਜ ਦੇ ਡਿਜੀਟਲ ਯੁੱਗ ਵਿਚ ਜਿੱਥੇ ਤਕਨੀਕ ਨੂੰ ਪ੍ਰਗਤੀ ਦਾ ਸਮਅਰਥੀ ਮੰਨਿਆ ਜਾਂਦਾ ਹੈ, ਉਥੇ ਸਾਰੇ ਸੰਸਾਰ ਦੇ ਸਕੂਲਾਂ ਤੋਂ ਹੈਰਾਨ ਕਰਨ ਵਾਲੀਆਂ ਗੰਭੀਰ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਯੁਨੈਸਕੋ ਦੀ ਗਲੋਬਲ ਐਜੂਕੇਸ਼ਨ ਮਾਨੀਟਰਿੰਗ (ਜੀਈਐੱਮ) ਟੀਮ ਦੀ ਤਾਜ਼ਾ ਰਿਪੋਰਟ ਮੁਤਾਬਕ ਸੰਸਾਰ ਦੇ ਅੱਧੇ ਤੋਂ ਵੱਧ ਮੁਲਕ (ਕਰੀਬ 58 ਫ਼ੀਸਦ) ਨੇ ਸਕੂਲਾਂ ਵਿਚ ਮੋਬਾਈਲ ਦੇ ਇਸਤੇਮਾਲ ’ਤੇ ਮੁਕੰਮਲ ਜਾਂ ਅੰਸ਼ਕ ਪਾਬੰਦੀ ਲਗਾ ਦਿੱਤੀ ਹੈ। ਇਹ ਅੰਕੜਾ ਸਿਰਫ਼ ਨੀਤੀਗਤ ਬਦਲਾਅ ਨਹੀਂ ਸਗੋਂ ਬੱਚਿਆਂ ਦੀ ਮਾਨਸਿਕ ਸਿਹਤ ਤੇ ਡਿੱਗਦੇ ਵਿੱਦਿਅਕ ਪੱਧਰ ਨੂੰ ਲੈ ਕੇ ਸੰਸਾਰ ਪੱਧਰ ’ਤੇ ਮਚੀ ਬੇਚੈਨੀ ਦਾ ਸਬੂਤ ਹੈ।
ਤੇਜ਼ੀ ਨਾਲ ਵੱਧ ਰਿਹੈ ਪਾਬੰਦੀਆਂ ਦਾ ਦਾਇਰਾ : ਯੁਨੈਸਕੋ ਦੀ ਰਿਪੋਰਟ ਮੁਤਾਬਕ ਜੂਨ 2023 ਤੱਕ ਸਿਰਫ਼ 24 ਫ਼ੀਸਦ ਮੁਲਕਾਂ ਵਿਚ ਫੋਨ ਬੈਨ ਸਨ ਪਰ ਮਾਰਚ 2026 ਤੱਕ ਇਹ ਗਿਣਤੀ ਵੱਧ ਕੇ 58 ਫ਼ੀਸਦ ਹੋ ਗਈ ਹੈ। ਇਸ ਦਾ ਅਰਥ ਇਹ ਹੈ ਕਿ 114 ਵਿੱਦਿਅਕ ਸਿਸਟਮ ਹੁਣ ਆਪਣੇ ਸਕੂਲਾਂ ਵਿਚ ਮੋਬਾਈਲ ਫੋਨ ਨੂੰ ‘ਨੋ ਐਂਟਰੀ’ ਕਹਿ ਚੁੱਕੇ ਹਨ। ਹਾਲੀਆ ਮਹੀਨਿਆਂ ਦੌਰਾਨ ਬੋਲੀਵੀਆ, ਮਾਲਦੀਵ, ਕ੍ਰੋਏਸ਼ੀਆ ਤੇ ਜਾਰਜੀਆ ਜਿਹੇ ਮੁਲਕਾਂ ਨੇ ਇਸ ਸੂਚੀ ਵਿਚ ਨਾਂ ਜੋੜ ਲਿਆ ਹੈ। ਜੀਈਐੱਮ ਟੀਮ ਦੇ ਸੀਨੀਅਰ ਮੈਂਬਰ ਨੇ ਕਿਹਾ ਕਿ ਇਹ ਵਿਸਥਾਰ ਜਮਾਤਾਂ ਵਿਚ ਘੱਟ ਹੁੰਦੀ ਇਕਾਗਰਤਾ, ਸਾਈਬਰ ਬੁਲਿੰਗ ਤੇ ਬੱਚਿਆਂ ’ਤੇ ਡਿਜੀਟਲ ਮਾਹੌਲ ਦੇ ਵੱਧਦੇ ਨਾਂਹ-ਪੱਖੀ ਅਸਰ ਪ੍ਰਤੀ ਵੱਧਦੀ ਚਿੰਤਾ ਨੂੰ ਦਰਸਾਉਂਦਾ ਹੈ। ਫਰਾਂਸ ਜਿਹੇ ਮੁਲਕ ਜਿਨ੍ਹਾਂ ਨੇ ਮੁਢਲੇ ਪੱਧਰ ’ਤੇ ਪਹਿਲਾਂ ਹੀ ਫੋਨ ’ਤੇ ਪਾਬੰਦੀ ਲਗਾ ਦਿੱਤੀ ਸੀ, ਹੁਣ ਹੋਰ ਸਖ਼ਤ ਕਾਨੂੰਨਾਂ ਉੱਤੇ ਵਿਚਾਰ ਕਰ ਰਹੇ ਹਨ। ਉਥੇ ਅਮਰੀਕਾ ਵਿਚ ਭਾਵੇਂ ਕੌਮੀ ਕਾਨੂੰਨ ਨਾ ਹੋਵੇ ਪਰ 39 ਸੂਬਿਆਂ ਨੇ ਆਪਣੇ ਤੌਰ ’ਤੇ ਇਸ ਨੂੰ ਰੈਗੂਲੇਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਇੰਟਰਨੈੱਟ ਮੀਡੀਆ ਤੇ ਕੁੜੀਆਂ ਦੀ ਮਾਨਸਿਕ ਸਿਹਤ
ਰਿਪੋਰਟ ਦਾ ਭਿਆਨਕ ਪਹਿਲੂ ਇਹ ਹੈ ਇੰਟਰਨੈੱਟ ਮੀਡੀਆ ਜਾਂ ਅੱਲ੍ਹੜਾਂ ਖ਼ਾਸਕਰ ਕੁੜੀਆਂ ’ਤੇ ਪੈਣ ਵਾਲਾ ਅਸਰ ਹੈ। ਯੁਨੈਸਕੋ ਦਾ ਕਹਿਣਾ ਹੈ ਕਿ ਇੰਟਰਨੈੱਟ ਮੀਡੀਆ ਕਰ ਕੇ ਕੁੜੀਆਂ ਵਿਚ ਈਟਿੰਗ ਡਿਸਆਰਡਰ (ਖਾਣ ਨਾਲ ਸਬੰਧਤ ਵਿਕਾਰ) ਹੋਣ ਦੀ ਸੰਭਾਵਨਾ ਮੁੰਡਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਫੇਸਬੁੱਕ ਦੀ ਆਪਣੀ ਖੋਜ ਨੇ ਸਵੀਕਾਰ ਕੀਤਾ ਹੈ ਕਿ ਇੰਸਟਾਗ੍ਰਾਮ ਵਰਤਣ ਵਾਲੀਆਂ 32 ਫ਼ੀਸਦ ਅੱਲ੍ਹੜ ਬੱਚੀਆਂ ਆਪਣੇ ਸਰੀਰ (ਬਾਡੀ ਇਮੇਜ) ਨੂੰ ਲੈ ਕੇ ਹੀਣ ਭਾਵਨਾ ਮਹਿਸੂਸ ਕਰਦੀਆਂ ਹਨ। ਟਿਕਟਾਕ ਦਾ ਅਲਗੋਰਿਦਮ ਹੋਰ ਮਾਰੂ ਹੈ, ਜੋ ਹਰ 39 ਸਕਿੰਟਾਂ ਬਾਅਦ ਬਾਡੀ ਇਮੇਜ ਕੰਟੈਂਟ ਤੇ ਹੋਰ ਅੱਠ ਮਿੰਟਾਂ ਬਾਅਦ ਈਟਿੰਗ ਡਿਸਆਰਡਰ ਨਾਲ ਜੁੜਿਆਂ ਕੰਟੈਂਟ ਅੱਲ੍ਹੜਾਂ ਦੇ ਸਾਹਮਣੇ ਪੇਸ਼ ਕਰਦਾ ਹੈ।
ਸੰਤੁਲਨ ਦੀ ਭਾਲ : ਪਾਬੰਦੀ ਜਾਂ ਰੈਗੂਲੇਸ਼ਨ
ਜਿੱਥੇ ਕੋਲੰਬੀਆ, ਇੰਡੋਨੇਸ਼ੀਆ ਤੇ ਫਿਲੀਪੀਂਸ ਜਿਹੇ ਮੁਲਕ ਸਕੂਲਾਂ ਨੂੰ ਨੀਤੀ ਬਣਾਉਣ ਦੀ ਖ਼ੁਦਮੁਖ਼ਤਾਰੀ ਦੇ ਰਹੇ ਹਨ ਉਥੇ ਆਸਟ੍ਰੇਲੀਆ, ਸਪੇਨ ਤੇ ਪੁਰਤਗਾਲ ਬੱਚਿਆਂ ਲਈ ਇੰਟਰਨੈੱਟ ਮੀਡੀਆ ਦੀ ਵਰਤੋਂ ਨੂੰ ਸੀਮਤ ਕਰਨ ਹਿੱਤ ਕਾਨੂੰਨੀ ਕਦਮ ਚੁੱਕ ਰਹੇ ਹਨ। ਰਿਪੋਰਟ ਸਪੱਸ਼ਟ ਕਰਦੀ ਹੈ ਕਿ ਵਿੱਦਿਅਕ ਕਾਮਯਾਬੀ ਲਈ ਭਾਵਨਾਤਮਕ ਸਿਹਤ ਜ਼ਰੂਰੀ ਹੈ ਤੇ 10 ਸਾਲਾਂ ਦੀ ਉਮਰ ਤੋਂ ਇੰਟਰਨੈੱਟ ਮੀਡੀਆ ਦੀ ਵੱਧਦੀ ਖਿੱਚ, ਭਵਿੱਖ ਦੀਆਂ ਸਮਾਜਿਕ-ਭਾਵਨਾਤਮਕ ਸਮੱਸਿਆਵਾਂ ਦੀ ਜੜ੍ਹ ਬਣ ਰਹੀ ਹੈ।