ਮੋਗਾ ਸਰਪੰਚ ਕਤਲ ਮਾਮਲਾ: ਲੇਹ-ਲਦਾਖ ਤੋਂ ਗ੍ਰਿਫ਼ਤਾਰ ਮੁਲਜ਼ਮਾਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ
ਜਦੋਂ ਉਹ ਥਾਰ ਤੋਂ ਉਤਰ ਕੇ ਜਿਮ ਦੇ ਅੰਦਰ ਜਾਣ ਲੱਗੇ, ਤਾਂ ਇਸੇ ਦੌਰਾਨ ਫਾਰਚੂਨਰ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿੱਚ ਹਰਵਿੰਦਰ ਸਿੰਘ ਹੈਪੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Sun, 15 Mar 2026 02:59 PM (IST)
Updated Date: Sun, 15 Mar 2026 03:16 PM (IST)
ਸੰਵਾਦ ਸਹਿਯੋਗੀ, ਜਾਗਰਣ, ਮੋਗਾ: ਕਸਬਾ ਬਾਘਾ ਪੁਰਾਣਾ ਵਿੱਚ 6 ਮਾਰਚ ਨੂੰ ਪਿੰਡ ਪੱਤੋ ਹੀਰਾ ਸਿੰਘ ਵਾਲਾ ਦੇ ਸਰਪੰਚ ਹਰਵਿੰਦਰ ਸਿੰਘ ਹੈਪੀ ਦਾ ਕਤਲ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਬੀਤੇ ਦਿਨੀਂ ਲੇਹ-ਲਦਾਖ ਤੋਂ ਕਾਬੂ ਕੀਤਾ ਗਿਆ ਸੀ। ਐਤਵਾਰ ਨੂੰ ਬਾਘਾ ਪੁਰਾਣਾ ਪੁਲਿਸ ਨੇ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਦੁਪਹਿਰ ਵੇਲੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਪੁਲਿਸ ਨੂੰ ਪੁੱਛਗਿੱਛ ਲਈ 5 ਦਿਨਾਂ ਦਾ ਰਿਮਾਂਡ ਮਿਲਿਆ ਹੈ। ਜ਼ਿਕਰਯੋਗ ਹੈ ਕਿ 7 ਮਾਰਚ ਨੂੰ ਬਾਘਾ ਪੁਰਾਣਾ ਪੁਲਿਸ ਨੇ ਚਾਰ ਜਾਣੂ ਸਮੇਤ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਦੱਸਿਆ ਜਾ ਰਿਹਾ ਹੈ ਕਿ 6 ਮਾਰਚ ਨੂੰ ਦੁਪਹਿਰ ਕਰੀਬ 11:30 ਵਜੇ ਪਿੰਡ ਪੱਤੋ ਹੀਰਾ ਸਿੰਘ ਵਾਲਾ ਦੇ ਸਰਪੰਚ ਹਰਵਿੰਦਰ ਸਿੰਘ ਹੈਪੀ ਆਪਣੀ ਥਾਰ ਗੱਡੀ 'ਤੇ ਸਵਾਰ ਹੋ ਕੇ ਕੋਟਕਪੂਰਾ ਰੋਡ 'ਤੇ ਸਥਿਤ ਸੁਜਾਨ ਜਿਮ ਵਿੱਚ ਆਏ ਸਨ। ਜਦੋਂ ਉਹ ਥਾਰ ਤੋਂ ਉਤਰ ਕੇ ਜਿਮ ਦੇ ਅੰਦਰ ਜਾਣ ਲੱਗੇ, ਤਾਂ ਇਸੇ ਦੌਰਾਨ ਫਾਰਚੂਨਰ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿੱਚ ਹਰਵਿੰਦਰ ਸਿੰਘ ਹੈਪੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੋਗਾ ਦੇ ਐਸ.ਐਸ.ਪੀ. ਅਜੈ ਗਾਂਧੀ ਸਮੇਤ ਹੋਰ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਵੱਲੋਂ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਇਸੇ ਕਾਰਵਾਈ ਤਹਿਤ ਪੁਲਿਸ ਨੇ ਲੇਹ-ਲਦਾਖ ਤੋਂ ਹਮਲਾਵਰਾਂ—ਮਨਪ੍ਰੀਤ ਸਿੰਘ ਉਰਫ਼ ਬਬਲੂ, ਹਰਵਿੰਦਰ ਸਿੰਘ ਉਰਫ਼ ਹਿੰਦਾ, ਜਸ਼ਨਪ੍ਰੀਤ ਸਿੰਘ ਜੱਸਾ ਅਤੇ ਯੋਗਸ਼ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮਾਂ ਨੂੰ ਲੇਹ-ਲਦਾਖ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਾਹਦਾਰੀ ਰਿਮਾਂਡ (Transit Remand) ਲੈ ਕੇ ਸ਼ਨੀਵਾਰ ਦੁਪਹਿਰ ਬਾਅਦ ਮੋਗਾ ਲਿਆਂਦਾ ਗਿਆ ਸੀ। ਥਾਣਾ ਬਾਘਾ ਪੁਰਾਣਾ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਉਪਰੰਤ ਉਨ੍ਹਾਂ ਨੂੰ ਜੇ.ਐਮ.ਆਈ.ਸੀ. ਵਿਜੇ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਪੁਲਿਸ ਨੂੰ 5 ਦਿਨਾਂ ਦਾ ਰਿਮਾਂਡ ਦਿੱਤਾ ਹੈ।