ਭਾਸ਼ਾਈ ਰੁਕਾਵਟਾਂ ਹੋਣਗੀਆਂ ਖ਼ਤਮ: 'ਭਾਰਤਜੈੱਨ' AI ਰਾਹੀਂ 15 ਭਾਸ਼ਾਵਾਂ 'ਚ ਲਿਖਣ, ਬੋਲਣ ਤੇ ਤਸਵੀਰਾਂ ਪਛਾਣਨ ਦੀ ਮਿਲੇਗੀ ਸਹੂਲਤ
ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਮਹੀਨੇ ਤੱਕ ਸਾਰੀਆਂ 22 ਭਾਸ਼ਾਵਾਂ ’ਚ ਟੈਕਸਟ ਮਾਡਿਊਲ ਤਿਆਰ ਹੋ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ’ਚੋਂ 15 ਭਾਸ਼ਾਵਾਂ ’ਚ ਲਿਖਣ ਦੇ ਨਾਲ-ਨਾਲ ਬੋਲਣ ਤੇ ਤਸਵੀਰਾਂ ਨੂੰ ਪਛਾਣਨ ਦੀ ਸਹੂਲਤ ਵਿਕਸਿਤ ਕਰ ਲਈ ਗਈ ਹੈ।
Publish Date: Fri, 06 Feb 2026 08:17 AM (IST)
Updated Date: Fri, 06 Feb 2026 08:20 AM (IST)
ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਵਿਗਿਆਨ ਤੇ ਤਕਨੀਕੀ ਮੰਤਰੀ ਜਿਤੇਂਦਰ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਦੇਸ਼ ਦਾ ਸਵਦੇਸ਼ੀ ਬਹੁਭਾਸ਼ੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਿਸਟਮ ਭਾਰਤਜੈੱਨ ਇਸ ਮਹੀਨੇ ਦੇ ਅੰਤ ਤੱਕ ਭਾਰਤ ਦੀਆਂ ਸਾਰੀਆਂ 22 ਅਧਿਕਾਰਤ ਭਾਸ਼ਾਵਾਂ ’ਚ ਸੇਵਾ ਦੇਣ ਦੇ ਸਮਰੱਥ ਹੋ ਜਾਵੇਗਾ। ਉਨ੍ਹਾਂ ਪੂਰਕ ਪ੍ਰਸ਼ਨ ਦੇ ਉੱਤਰ ’ਚ ਕਿਹਾ ਕਿ ਭਾਰਤਜੈੱਨ ਏਆਈ ਦਾ ਵਿਕਾਸ ਗਤੀਸ਼ੀਲ ਪ੍ਰਕਿਰਿਆ ਹੈ ਤੇ ਇਸ ਵਿਚ ਅੱਗੇ ਹੋਰ ਜ਼ਿਆਦਾ ਭਾਸ਼ਾਵਾਂ ਤੇ ਬੋਲੀਆਂ ਵੀ ਜੋੜੀਆਂ ਜਾ ਸਕਦੀਆਂ ਹਨ।
ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਮਹੀਨੇ ਤੱਕ ਸਾਰੀਆਂ 22 ਭਾਸ਼ਾਵਾਂ ’ਚ ਟੈਕਸਟ ਮਾਡਿਊਲ ਤਿਆਰ ਹੋ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ’ਚੋਂ 15 ਭਾਸ਼ਾਵਾਂ ’ਚ ਲਿਖਣ ਦੇ ਨਾਲ-ਨਾਲ ਬੋਲਣ ਤੇ ਤਸਵੀਰਾਂ ਨੂੰ ਪਛਾਣਨ ਦੀ ਸਹੂਲਤ ਵਿਕਸਿਤ ਕਰ ਲਈ ਗਈ ਹੈ। ਇਨ੍ਹਾਂ ’ਚ ਹਿੰਦੀ, ਅਸਮੀਆ, ਬੰਗਲਾ, ਗੁਜਰਾਤੀ, ਕੰਨੜ, ਮੈਥਿਲੀ, ਮਲਿਆਲਮ, ਮਰਾਠੀ, ਨੇਪਾਲੀ, ਉੜੀਆ, ਪੰਜਾਬੀ, ਸੰਸਕ੍ਰਿਤ, ਸਿੰਧੀ, ਤਾਮਿਲ ਤੇ ਤੇਲੁਗੂ ਸ਼ਾਮਲ ਹਨ।
ਭਾਰਤਜੈੱਨ ਪਹਿਲ 25 ਤਕਨੀਕੀ ਨਵੇਂ ਵਿਚਾਰਾਂ ਦੀ ਹੱਬ ਦੇ ਨੈੱਟਵਰਕ ਰਾਹੀਂ ਲਾਗੂ ਕੀਤੀ ਜਾ ਰਹੀ ਹੈ, ਜਿਨ੍ਹਾਂ ’ਚੋਂ ਚਾਰ ਨੂੰ ਤਕਨੀਕੀ ਅਨੁਵਾਦ ਖੋਜ ਪਾਰਕ ’ਚ ਅਪਗ੍ਰੇਡ ਕੀਤਾ ਗਿਆ ਹੈ। ਅਕਤੂਬਰ 2024 ’ਚ ਸ਼ੁਰੂ ਹੋਇਆ ‘ਭਾਰਤਜੈੱਨ’ ਪ੍ਰੋਜੈਕਟ ਦਾ ਮੰਤਵ ਖ਼ੁਦਮੁਖ਼ਤਾਰ ਏਆਈ ਮਾਡਲ ਵਿਕਸਿਤ ਕਰਨਾ ਹੈ। ਇਸ ਤਹਿਤ ਭਾਰਤੀ ਭਾਸ਼ਾਵਾਂ ਲਈ ‘ਆਟੋਮੈਟਿਕ ਸਪੀਚ ਰਿਕੋਗਨਿਸ਼ਨ’ (ਏਐੱਸਆਰ) ਤੇ ‘ਟੈਕਸਟ ਟੂ ਸਪੀਚ’ (ਟੀਟੀਐੱਸ) ਵਰਗੀਆਂ ਸੇਵਾਵਾਂ ਦਿੱਤਆਂ ਜਾਣਗੀਆਂ। ਭਾਰਤਜੈੱਨ ਦੇ ਡਾਟਾ ਸਾਂਝਾ ਕਰਨ ਤੇ ਮੁੱਲ ਨਿਰਧਾਰਣ ਨੂੰ ਲੈ ਕੇ ਸਵਾਲ ਦੇ ਜਵਾਬ ’ਚ ਜਿਤੇਂਦਰ ਨੇ ਕਿਹਾ ਕਿ ਡਾਟਾ ਕੁਝ ਸ਼ਰਤਾਂ ਤੇ ਨਿਯਮਾਂ ਨਾਲ ਸਾਂਝਾ ਕੀਤਾ ਜਾਵੇਗਾ। ਭਾਰਤਜੈੱਨ ਸੇਵਾ ਦੇ ਮੁੱਲ ’ਚ ਛੋਟ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ।
ਮੰਤਰੀ ਨੇ ਕਿਹਾ ਕਿ ਏਆਈ ਦੇ ਵਿਕਾਸ ’ਚ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ (ਜੀਪੀਯੂ) ਦੀ ਭੂਮਿਕਾ ਅਹਿਮ ਹੈ। ਵੱਡੇ ਏਆਈ ਮਾਡਲ ਦੇ ਹਜ਼ਾਰਾਂ ਜੀਪੀਯੂ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਹਾਲੇ ਸ਼ੁਰੂ ਹੋਇਆ ਹੈ ਪਰ ਅਸੀਂ ਚੁਣੌਤੀਆਂ ਪ੍ਰਤੀ ਬਹੁਤ ਚੌਕਸ ਹਾਂ। ਜਿਥੋਂ ਤੱਕ ਫੰਡਿੰਗ ਦਾ ਸਵਾਲ ਹੈ, ਅਸੀਂ ਹੁਣ ਨਿੱਜੀ ਖੇਤਰ ਲਈ ਦਰਵਾਜ਼ੇ ਖੋਲ੍ਹੇ ਹਨ।