ਕੇਜਰੀਵਾਲ ਦੀ ਕਾਂਗਰਸ, ਭਾਜਪਾ, ਇਨੈਲੋ ਤੇ ਜਜਪਾ ਦੇ ਉਨ੍ਹਾਂ ਵੱਡੇ ਨੇਤਾਵਾਂ ’ਤੇ ਖ਼ਾਸ ਨਜ਼ਰ ਹੈੇ, ਜੋ ਆਪੋ-ਆਪਣੀਆਂ ਪਾਰਟੀਆਂ ’ਚ ਨਾ ਸਿਰਫ਼ ਅਣਦੇਖੀ ਦੇ ਸ਼ਿਕਾਰ ਹਨ ਸਗੋਂ ਉਨ੍ਹਾਂ ਦਾ ਕੱਦ ਕਾਫ਼ੀ ਵੱਡਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਉਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਸਨਮਾਨ ਨਹੀਂ ਮਿਲ ਰਿਹਾ।
ਅਨੁਰਾਗ ਅਗਰਵਾਲ, ਚੰਡੀਗੜ੍ਹ : ਪੰਜਾਬ ’ਚ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਪ੍ਰਤੀ ਵਧਦੇ ਰੁੁਝਾਨ ਨੂੰ ਦੇਖਦਿਆਂ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਸਾਹਮਣੇ ਲਛਮਣ ਰੇਖਾ ਖਿੱਚ ਦਿੱਤੀ ਹੈ। ਪਾਰਟੀ ’ਚ ਹੁਣ ਕਿਸੇ ਵੀ ਆਮ ਅਤੇ ਖ਼ਾਸ ਨੇਤਾ ਦੀ ਐਂਟਰੀ ਅਰਵਿੰਦ ਕੇਜਰੀਵਾਲ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੋਵੇਗੀ। ਉਨ੍ਹਾਂ ਦੀ ਟੀਮ ਪਹਿਲਾਂ ਉਨ੍ਹਾਂ ਤਮਾਮ ਨੇਤਾਵਾਂ ਦਾ ਐਕਸਰੇ ਕਰੇਗੀ, ਜੋ ਆਪੋ-ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਸ ਤੋਂ ਬਾਅਦ ਕੇਜਰੀਵਾਲ ਆਪਣੀ ਪਾਰਟੀ ’ਚ ਆਉਣ ਦੇ ਇੱਛੁਕ ਆਗੂ ਦੇ ਕੱਦ ਤੋਂ ਤੈਅ ਕਰਨਗੇ ਕਿ ਉਸ ਦੀ ਐਂਟਰੀ ਕਿੰਨੇ ਦਮਦਾਰ ਜਾਂ ਹਲਕੇ ਢੰਗ ਨਾਲ ਕਰਵਾਈ ਜਾਵੇ।
ਕੇਜਰੀਵਾਲ ਨੇ ਰਾਜ ਸਭਾ ਮੈਂਬਰ ਡਾ. ਸੁਸ਼ੀਲ ਗੁਪਤਾ ਨੂੰ ਭਾਵੇਂ ਹੀ ਹਰਿਆਣਾ ਦਾ ਇੰਚਾਰਜ ਬਣਾ ਦਿੱਤਾ ਹੋਵੇ ਪਰ ਪਿਛਲੇ 15 ਦਿਨਾਂ ਦੌਰਾਨ ਜਿਸ ਤਰ੍ਹਾਂ ਡਾ. ਗੁਪਤਾ ਨੇ ਬਗ਼ੈਰ ਕਿਸੇ ਸਿਆਸੀ ਕੱਦ ਤੋਂ ਕਈ ਲੋਕਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਵਾਇਆ, ਉਸ ਨਾਲ ਸਿਆਸੀ ਗਲਿਆਰਿਆਂ ’ਚ ਇਹ ਸੰਦੇਸ਼ ਗਿਆ ਕਿ ਆਮ ਆਦਮੀ ਪਾਰਟੀ ’ਚ ਜਾਣ ਤੋਂ ਬਾਅਦ ਉਨ੍ਹਾਂ ਦਾ ਖ਼ਾਸ ਭਲਾ ਨਹੀਂ ਹੋਣ ਵਾਲਾ। ਇਸ ਤੋਂ ਇਲਾਵਾ ਪਾਰਟੀ ’ਚ ਆਉਣ ਦੇ ਇੱਛੁਕ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੇ ਸਿਰਫ਼ ਇਹ ਸਮਝ ਲਿਆ ਸੀ ਕਿ ਡਾ. ਗੁਪਤਾ ਨੂੰ ਮਹਿਜ਼ ਭਰੋਸੇ ’ਚ ਲੈਣ ਨਾਲ ਹੀ ਉਨ੍ਹਾਂ ਦੀ ਭਲਾਈ ਸੰਭਵ ਹੈ। ਸੁਸ਼ੀਲ ਗੁਪਤਾ ਤੇ ਦੂਜੀਆਂ ਪਾਰਟੀਆਂ ’ਚੋਂ ਆਉਣ ਵਾਲੇ ਨੇਤਾਵਾਂ ਦੀ ਗ਼ਲਤਫਹਿਮੀ ਨੂੰ ਦੂਰ ਕਰਨ ਲਈ ਹੀ ਕੇਜਰੀਵਾਲ ਨੇ ਇਕ ਲਛਮਣ ਰੇਖਾ ਖਿੱਚ ਦਿੱਤੀ ਹੈ ਤਾਂ ਕਿ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਪ੍ਰਮੁੱਖ ਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਉਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਫਲ ਮਿਲੇ।
ਕੇਜਰੀਵਾਲ ਦੀ ਕਾਂਗਰਸ, ਭਾਜਪਾ, ਇਨੈਲੋ ਤੇ ਜਜਪਾ ਦੇ ਉਨ੍ਹਾਂ ਵੱਡੇ ਨੇਤਾਵਾਂ ’ਤੇ ਖ਼ਾਸ ਨਜ਼ਰ ਹੈੇ, ਜੋ ਆਪੋ-ਆਪਣੀਆਂ ਪਾਰਟੀਆਂ ’ਚ ਨਾ ਸਿਰਫ਼ ਅਣਦੇਖੀ ਦੇ ਸ਼ਿਕਾਰ ਹਨ ਸਗੋਂ ਉਨ੍ਹਾਂ ਦਾ ਕੱਦ ਕਾਫ਼ੀ ਵੱਡਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਉਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਸਨਮਾਨ ਨਹੀਂ ਮਿਲ ਰਿਹਾ।
2019 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਮਨੋਹਰ ਲਾਲ, ਗ੍ਰਹਿ ਮੰਤਰੀ ਅਨਿਲ ਵਿੱਜ ਤੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੂੰ ਛੱਡ ਕੇ ਭਾਜਪਾ ਸਰਕਾਰ ਦੇ ਸਾਰੇ ਤਤਕਾਲੀ ਮੰਤਰੀ ਚੋਣਾਂ ਹਾਰ ਗਏ ਸਨ। ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਤੇ ਸਨਅਤ ਮੰਤਰੀ ਵਿਪੁਲ ਗੋਇਲ ਦੀ ਤਾਂ ਟਿਕਟ ਹੀ ਕੱਟ ਦਿੱਤੀ ਗਈ ਸੀ। ਸਾਬਕਾ ਸਿੱਖਿਆ ਮੰਤਰੀ ਪ੍ਰੋ. ਰਾਮਬਿਲਾਸ ਸ਼ਰਮਾ, ਫੂਡ ਸਪਲਾਈ ਮੰਤਰੀ ਰਹੇ ਕਰਨਦੇਵ ਕੰਬੋਜ, ਸਾਬਕਾ ਸ਼ਹਿਰੀ ਵਿਕਾਸ ਮੰਤਰੀ ਕਵਿਤਾ ਜੈਨ ਤੇ ਸਾਬਕਾ ਆਵਾਜਾਈ ਮੰਤਰੀ ਕ੍ਰਿਸ਼ਨਲਾਲ ਪੰਵਾਰ ਸਿਆਸੀ ਅਣਦੇਖੀ ਦੇ ਸ਼ਿਕਾਰ ਹਨ।