ਨਵੀਂ ਦਿੱਲੀ, ਜੇਐੱਨਐੱਨ:ਕਾਬੁਲ ਸਥਿਤ ਧਰਮਸ਼ਾਲਾ ਗੁਰਦੁਆਰਾ ਹਮਲੇ 'ਚ ਗੰਭੀਰ ਰੂਪ'ਚ ਜ਼ਖ਼ਮੀ ਸਿੱਖਾਂ ਦਾ ਇਲਾਜ ਭਾਰਤ 'ਚ ਕਰਵਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਵੈਸੇ ਹਾਲੇ ਕੁਝ ਜ਼ਖ਼ਮੀਆਂ ਦੀ ਸਥਿਤੀ ਨਾਜ਼ੁਕ ਹੈ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਤੇ ਲਿਜਾਣ ਤੋਂ ਮਨ੍ਹਾਂ ਕੀਤਾ ਹੈ ਪਰ ਸਥਿਤੀ ਸੁਧਰਨ 'ਤੇ ਜੇਕਰ ਜ਼ਰੂਰਤ ਹੋਈ ਤਾਂ ਇਲਾਜ ਲਈ ਜ਼ਖ਼ਮੀਆਂ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ। ਉਂਝ ਵੀ ਵਿਦੇਸ਼ ਮੰਤਰਾਲਾ ਇਸ ਹਮਲੇ 'ਚ ਮਾਰੇ ਗਏ ਭਾਰਤੀ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਨੂੰ ਨਵੀਂ ਦਿੱਲੀ ਲਿਆਉਣ ਦੀ ਤਿਆਰੀ 'ਚ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਸਵੇਰੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਜੈਸ਼ੰਕਰ ਨੇ ਲਿਖਿਆ ਕਿ ਹਾਲੇ ਡਾਕਟਰਾਂ ਦੀ ਸਲਾਹ ਇਹ ਹੈ ਕਿ ਜ਼ਖ਼ਮੀਆਂ ਨੂੰ ਕਿਤੇ ਲਿਜਾਇਆ ਨਾ ਜਾਏ। ਕਾਬੁਲ ਸਥਿਤ ਭਾਰਤੀ ਦੂਤਾਵਾਸ ਸ੍ਰੀ ਤੀਆਨ ਸਿੰਘ ਦਾ ਮ੍ਰਿਤਕ ਸਰੀਰ ਲਿਆਉਣ ਦੀ ਕੋਸ਼ਿਸ਼ 'ਚ ਜੁਟੀ ਹੈ।

ਕਾਬੁਲ 'ਚ ਗੁਰਦੁਆਰੇ 'ਤੇ ਬੁੱਧਵਾਰ ਨੂੰ ਹੋਏ ਹਮਲੇ 'ਚ 25 ਸਿੱਖਾਂ ਦੀ ਮੌਤ ਹੋਈ ਹੈ। ਇਸ 'ਚ ਇਕ ਭਾਰਤੀ ਨਾਗਰਿਕ ਹੈ ਜਦਕਿ ਬਾਕੀ ਅਫ਼ਗਾਨਿਸਤਾਨ ਦੇ ਨਾਗਰਿਕ ਹਨ। ਪਿਛਲੇ ਦੋ ਸਾਲਾਂ 'ਚ ਘੱਟ ਗਿਣਤੀ ਸਿੱਖਾਂ 'ਤੇ ਕੀਤਾ ਗਿਆ ਇਹ ਦੂਸਰਾ ਵੱਡਾ ਹਮਲਾ ਹੈ। ਜੁਲਾਈ 2018 'ਚ ਕਾਬੁਲ ਸਥਿਤ ਇਕ ਬਾਜ਼ਾਰ 'ਚ ਸਿੱਖਾਂ 'ਤੇ ਹਮਲਾ ਹੋਇਆ ਸੀ, ਜਿਸ 'ਚ 10 ਲੋਕ ਮਾਰੇ ਗਏ ਸਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਦੂਤਵਾਸ ਹਮਲੇ 'ਚ ਮ੍ਰਿਤਕ ਤੇ ਮਾਰੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ 'ਚ ਹੈ।

Posted By: Akash Deep