ਦੋਵਾਂ ਦੋਸ਼ੀਆਂ ਨੂੰ ਆਖ਼ਰੀ ਸਾਹ ਤੱਕ ਫਾਂਸੀ ’ਤੇ ਲਟਕਾਉਣ ਦਾ ਹੁਕਮ ਦਿੱਤਾ ਗਿਆ ਹੈ। ਅਦਾਲਤ ਨੇ ਜੇਈ ’ਤੇ 6.45 ਲੱਖ ਅਤੇ ਉਸ ਦੀ ਪਤਨੀ ’ਤੇ 5.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਜਾਸ, ਬਾਂਦਾ : 50 ਨਾਬਾਲਿਗਾਂ ਦਾ ਜਿਨਸੀ ਸ਼ੋਸ਼ਣ ਕਰ ਕੇ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਤੇ ਪੌਰਨ ਵੀਡੀਓਜ਼ ਇੰਟਰਨੈੱਟ ਮੀਡੀਆ ਰਾਹੀਂ ਵੇਚ ਕੇ ਕਮਾਈ ਕਰਨ ਦੇ ਮਾਮਲੇ ’ਚ ਪੋਕਸੋ ਅਦਾਲਤ ਨੇ ਸ਼ੁੱਕਰਵਾਰ ਨੂੰ ਚਿੱਤਰਕੂਟ ਵਿਚ ਸਿੰਚਾਈ ਵਿਭਾਗ ਦੇ ਮੁਅੱਤਲ ਜੇਈ ਤੇ ਉਸ ਦੀ ਪਤਨੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਵਾਂ ਦੋਸ਼ੀਆਂ ਨੂੰ ਆਖ਼ਰੀ ਸਾਹ ਤੱਕ ਫਾਂਸੀ ’ਤੇ ਲਟਕਾਉਣ ਦਾ ਹੁਕਮ ਦਿੱਤਾ ਗਿਆ ਹੈ। ਅਦਾਲਤ ਨੇ ਜੇਈ ’ਤੇ 6.45 ਲੱਖ ਅਤੇ ਉਸ ਦੀ ਪਤਨੀ ’ਤੇ 5.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਵਿਸ਼ੇਸ਼ ਜੱਜ ਪੋਕਸੋ ਐਕਟ ਪ੍ਰਦੀਪ ਕੁਮਾਰ ਮਿਸ਼ਰਾ ਨੇ ਵੀਰਵਾਰ ਨੂੰ 163 ਪੰਨਿਆਂ ਦੇ ਫ਼ੈਸਲੇ ਵਿਚ ਜੇਈ ਰਾਮਭਵਨ ਤੇ ਉਸ ਦੀ ਪਤਨੀ ਦੁਰਗਾਵਤੀ ਨੂੰ ਦੋਸ਼ੀ ਠਹਿਰਾਇਆ ਸੀ। ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਜੁਰਮਾਨੇ ਅਤੇ ਸਰਕਾਰ ਤੋਂ ਮਿਲਣ ਵਾਲੀ ਸਹਾਇਤਾ ਰਾਸ਼ੀ ’ਚੋਂ ਗਵਾਹ ਬਣੇ ਪੀੜਤ ਬੱਚਿਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ, ਰਾਮਭਵਨ ਕੋਲੋਂ ਜ਼ਬਤ ਕੀਤੇ ਗਏ ਅੱਠ ਲੱਖ ਰੁਪਏ, ਉਸ ’ਤੇ ਮਿਲੇ ਵਿਆਜ ਸਣੇ ਪੂਰੀ ਰਾਸ਼ੀ ਪੀੜਤ ਬੱਚਿਆਂ ਵਿਚ ਬਰਾਬਰ ਵੰਡਣ ਦਾ ਹੁਕਮ ਦਿੱਤਾ ਹੈ।
ਜੇਈ ਰਾਮਭਵਨ ਦੀ ਕਾਲੀ ਕਰਤੂਤ ਦਾ ਲਿੰਕ ਸੋਨਭੱਦਰ ਦੇ ਅਨਪਰਾ ਤੋਂ ਮਿਲਿਆ ਸੀ। ਡੇਢ ਮਹੀਨੇ ਦੀ ਜਾਂਚ ਮਗਰੋਂ ਸੀਬੀਆਈ ਨੇ ਨਵੰਬਰ, 2020 ਵਿਚ ਕਰਵੀ ਦੀ ਐੱਸਡੀਐੱਮ ਕਾਲੋਨੀ ਵਿਚ ਸਥਿਤ ਕਿਰਾਏ ਦੇ ਘਰ ਤੋਂ ਜੇਈ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਮਭਵਨ ਤੇ ਉਸ ਦੀ ਪਤਨੀ ਨੂੰ ਸੀਬੀਆਈ ਨੇ 17 ਨਵੰਬਰ, 2020 ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਪਤਨੀ ਦੀ ਜ਼ਮਾਨਤ ਹਾਈ ਕੋਰਟ ਤੋਂ ਹੋ ਗਈ ਸੀ। ਉਸ ਨੂੰ ਦੁਬਾਰਾ 18 ਫਰਵਰੀ, 2026 ਨੂੰ ਇਸੇ ਮਾਮਲੇ ਵਿਚ ਦੋਸ਼ੀ ਹੋਣ ਕਾਰਨ ਜੇਲ੍ਹ ਭੇਜਿਆ ਗਿਆ ਸੀ।
ਸੀਬੀਆਈ ਨੇ 31 ਅਕਤੂਬਰ, 2020 ਨੂੰ ਨਵੀਂ ਦਿੱਲੀ ਵਿਚ ਮਾਮਲੇ ਸਬੰਧੀ ਐੱਫਆਈਆਰ ਦਰਜ ਕਰਵਾਈ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਮੂਲ ਤੌਰ ’ਤੇ ਬਾਂਦਾ ਦੇ ਨਰੈਣੀ ਦੇ ਨਿਵਾਸੀ ਚੁੰਨਾ ਪ੍ਰਸਾਦ ਕੁਸ਼ਵਾਹਾ ਦਾ ਪੁੱਤਰ ਸਿੰਚਾਈ ਵਿਭਾਗ ਦਾ ਜੇਈ ਰਾਮਭਵਨ ਕੌਮਾਂਤਰੀ ਨੈੱਟਵਰਕ ਨਾਲ ਜੁੜ ਕੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਗਿਰੋਹ ਚਲਾਉਂਦਾ ਹੈ। ਸਤੰਬਰ ਵਿਚ ਸੋਨਭੱਦਰ ਦੇ ਅਨਪਰਾ ਵਾਸੀ ਇੰਜੀਨੀਅਰ ਨੀਰਜ ਯਾਦਵ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਦੌਰਾਨ ਉਸ ਦੇ ਘਰੋਂ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਸੀ। ਦਿੱਲੀ ਵਿਚ ਰਹਿ ਕੇ ਨੌਕਰੀ ਕਰ ਰਿਹਾ ਨੀਰਜ ਆਨਲਾਈਨ ਇਤਰਾਜ਼ਯੋਗ ਲਿੰਕ ਸਾਂਝਾ ਕਰਦਾ ਸੀ। ਉਸ ਦੇ ਇਕ ਲਿੰਕ ਤੋਂ ਵਿਸ਼ੇਸ਼ ਆਨਲਾਈਨ ਚਾਈਲਡ ਸੈਕਸੁਅਲ ਐਬਿਊਜ਼ ਐਂਡ ਐਕਸਪਲਾਈਟੇਸ਼ਨ (ਓਸੀਐੱਸਏਈ) ਯੂਨਿਟ ਨੇ ਰਾਮਭਵਨ ਨੂੰ ਗ੍ਰਿਫ਼ਤਾਰ ਕੀਤਾ। ਸੀਬੀਆਈ ਟੀਮ ਨੂੰ ਉਸ ਕੋਲੋਂ ਪੈਨ ਡਰਾਈਵ ਵਿਚ 34 ਅਸ਼ਲੀਲ ਵੀਡੀਓਜ਼ ਤੇ 779 ਤਸਵੀਰਾਂ ਮਿਲੀਆਂ। ਉਹ ਡਾਰਕ ਵੈੱਬ ਅਤੇ ਹੋਰ ਇੰਟਰਨੈੱਟ ਮੀਡੀਆ ਸਾਈਟਾਂ ’ਤੇ ਬਾਲ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਤਸਵੀਰਾਂ ਤੇ ਵੀਡੀਓਜ਼ ਵੇਚਣ ਲਈ ਤਿੰਨ ਮੋਬਾਈਲ ਨੰਬਰ ਅਤੇ ਤਿੰਨ ਈਮੇਲ ਆਈਡੀਜ਼ ਦੀ ਵਰਤੋਂ ਕਰ ਰਿਹਾ ਸੀ। ਸੀਬੀਆਈ ਦੇ ਏਐੱਸਪੀ ਅਮਿਤ ਕੁਮਾਰ (ਹੁਣ ਸੇਵਾਮੁਕਤ) ਨੇ 22 ਮਈ, 2023 ਨੂੰ ਦੋਸ਼ ਪੱਤਰ ਅਦਾਲਤ ਵਿਚ ਦਰਜ ਕੀਤਾ ਸੀ। ਅਦਾਲਤ ਵਿਚ 5 ਜੂਨ, 2023 ਤੋਂ 74 ਗਵਾਹ ਪੇਸ਼ ਕੀਤੇ ਗਏ ਜਿਸ ਵਿਚ ਪੀੜਤ 25 ਬੱਚੇ ਤੇ ਹੋਰ ਸ਼ਾਮਲ ਹਨ।
ਛੇ ਮਹੀਨਿਆਂ ’ਚ ਪੰਜ ਨੂੰ ਮੌਤ ਦੀ ਸਜ਼ਾ
ਬਾਂਦਾ ਵਿਚ ਵਿਸ਼ੇਸ਼ ਜੱਜ ਪੋਕਸੋ ਐਕਟ ਨੇ ਪਿਛਲੇ ਛੇ ਮਹੀਨਿਆਂ ਵਿਚ ਤੀਜੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਸੁਣਾਈ ਹੈ। ਹੁਣ ਤੱਕ ਪੰਜ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।
ਹਾਈ ਕੋਰਟ ਤੋਂ ਵੀ ਰਾਹਤ ਦੀ ਉਮੀਦ ਨਹੀਂ : ਵਕੀਲ
ਬਾਂਦਾ ਦੇ ਸੀਨੀਅਰ ਵਕੀਲ ਵਿਸ਼ੰਬਰ ਸਿੰਘ ਨੇ ਦੱਸਿਆ ਕਿ ਜੇਈ ਤੇ ਉਸ ਦੀ ਪਤਨੀ ਹਾਈ ਕੋਰਟ ਵਿਚ ਅਪੀਲ ਕਰ ਸਕਦੇ ਹਨ। ਉੱਥੋਂ ਸਜ਼ਾ ਮਿਲਣ ’ਤੇ ਸੁਪਰੀਮ ਕੋਰਟ ਅਤੇ ਬਾਅਦ ਵਿਚ ਰਾਸ਼ਟਰਪਤੀ ਅੱਗੇ ਦਇਆ ਪਟੀਸ਼ਨ ਕਰ ਸਕਦੇ ਹਨ। ਹਾਲਾਂਕਿ ਅਜਿਹੇ ਘਿਨੌਣੇ ਕਾਰੇ ਲਈ ਉਨ੍ਹਾਂ ਨੂੰ ਕਿਤਿਓਂ ਵੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ।