ਜਸਪਾਲ ਰਾਣਾ ਨੂੰ ਤਾਂ ਡਿਸਚਾਰਜ ਕਰਨ ਦੀ ਤਿਆਰੀ ਸੀ... ਫਿਰ ਅਚਾਨਕ ਕੀ ਹੋਇਆ? ਡਾਕਟਰ ਨੇ ਕੀਤਾ ਵੱਡਾ ਖੁਲਾਸਾ
ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਸਾਕੇਤ ਦੇ ਗਰੁੱਪ ਚੇਅਰਮੈਨ ਕਾਰਡੀਅਕ ਸਾਇੰਸਜ਼ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਜਸਪਾਲ ਰਾਣਾ ਨੂੰ ਮਿਊਨਿਖ 'ਚ ਹੀ ਤੀਬਰ ਹਾਰਟ ਅਟੈਕ ਆ ਚੁੱਕਾ ਸੀ।
Publish Date: Fri, 12 Jun 2026 02:50 PM (IST)
Updated Date: Fri, 12 Jun 2026 02:53 PM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਦਿੱਗਜ ਨਿਸ਼ਾਨੇਬਾਜ਼ ਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ ਹਾਰਟ ਅਟੈਕ ਤੋਂ ਬਾਅਦ ਗੰਭੀਰ ਜਟਿਲ 'ਕਾਰਡੀਅਕ ਰਪਚਰ' ਕਾਰਨ ਹੋਇਆ। ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਸਾਕੇਤ ਦੇ ਗਰੁੱਪ ਚੇਅਰਮੈਨ ਕਾਰਡੀਅਕ ਸਾਇੰਸਜ਼ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਜਸਪਾਲ ਰਾਣਾ ਨੂੰ ਮਿਊਨਿਖ 'ਚ ਹੀ ਤੀਬਰ ਹਾਰਟ ਅਟੈਕ ਆ ਚੁੱਕਾ ਸੀ। ਡਾ. ਸਿੰਘ ਨੇ ਦੱਸਿਆ ਕਿ ਇਸ ਸਥਿਤੀ 'ਚ ਵੀ ਜਸਪਾਲ ਰਾਣਾ ਕੰਮ ਕਰਦੇ ਰਹੇ ਤੇ ਫਿਰ ਭਾਰਤ ਵਾਪਸੀ ਦੀ ਯਾਤਰਾ ਵੀ ਕੀਤੀ, ਜਦੋਂਕਿ ਉਨ੍ਹਾਂ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਲਗਾਤਾਰ ਬਣੀ ਹੋਈ ਸੀ।
ਧਮਣੀ ਪੂਰੀ ਤਰ੍ਹਾਂ ਸੀ ਬੰਦ ਤੇ ਦਿਲ ਦੀ ਪੰਪਿੰਗ ਸਮਰੱਥਾ ਵੀ ਸੀ ਪ੍ਰਭਾਵਿਤ
ਜਾਂਚ ਵਿਚ ਹਾਰਟ ਅਟੈਕ ਲਈ ਜ਼ਿੰਮੇਵਾਰ ਧਮਣੀ ਪੂਰੀ ਤਰ੍ਹਾਂ ਬੰਦ ਮਿਲੀ ਤੇ ਦਿਲ ਦੀ ਪੰਪਿੰਗ ਸਮਰੱਥਾ ਗੰਭੀਰ ਰੂਪ 'ਚ ਪ੍ਰਭਾਵਿਤ ਸੀ, ਜਿਸ ਨਾਲ ਉਹ 'ਹਾਰਟ ਫੇਲ੍ਹ' ਦੀ ਸਥਿਤੀ 'ਚ ਸਨ। ਡਾ. ਬਲਬੀਰ ਸਿੰਘ ਅਨੁਸਾਰ ਦੇਰ ਨਾਲ ਇਲਾਜ ਮਿਲਣ ਵਾਲੇ ਮਰੀਜ਼ਾਂ 'ਚ ਕਾਰਡੀਅਕ ਰਪਚਰ ਵਰਗੀ ਜਾਨਲੇਵਾ ਜਟਿਲਤਾ ਦਾ ਖ਼ਤਰਾ ਵਧ ਜਾਂਦਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਸਪਾਲ ਰਾਣਾ ਦੀ ਹਾਲਤ 'ਚ ਕਾਫ਼ੀ ਸੁਧਾਰ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਦੀ ਵੀ ਤਿਆਰੀ ਸੀ, ਪਰ ਨੀਂਦ ਦੌਰਾਨ ਅਚਾਨਕ ਕਾਰਡੀਅਕ ਰਪਚਰ ਹੋਣ ਕਰਕੇ ਉਨ੍ਹਾਂ ਦਾ ਸ਼ੁੱਕਰਵਾਰ ਸਵੇਰੇ ਕਰੀਬ 6:30 ਵਜੇ ਦੇਹਾਂਤ ਹੋ ਗਿਆ।