ਕਿਉਂਕਿ ਉਹ ਵਿਆਹੁਤਾ ਹੈ, ਇਸ ਲਈ ਕਿਸੇ ਹੋਰ ਔਰਤ ਨਾਲ ਰਹਿਣ ’ਤੇ ਅਪਰਾਧ ਦਾ ਮੁਲਜ਼ਮ ਹੋ ਸਕਦਾ ਹੈ। ਕੋਰਟ ਨੇ ਦੋਵਾਂ ਪਟੀਸ਼ਨਰਾਂ ਦੇ ਸਾਂਝੇ ਸਹੁੰ ਪੱਤਰ ਨੂੰ ਰਿਕਾਰਡ ’ਤੇ ਲੈਣ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਨਿਰਦੇਸ਼ ਦਿੱਤਾ ਕਿ ਉਹ ਪਟੀਸ਼ਨਰਾਂ ਦੀ ਸੁਰੱਖਿਆ ਯਕੀਨੀ ਬਣਾਉਣ।

ਕਾਨੂੰਨੀ ਸੰਵਾਦਦਾਤਾ, ਜਾਗਰਣ, ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਇਕ ਮਹੱਤਵਪੂਰਨ ਟਿੱਪਣੀ ਵਿਚ ਕਿਹਾ ਹੈ ਕਿ ਪਹਿਲੀ ਨਜ਼ਰ ਵਿਚ ਕਿਸੇ ਵਿਆਹੁਤਾ ਪੁਰਸ਼ ਦਾ ਕਿਸੇ ਬਾਲਗ ਔਰਤ ਨਾਲ ਉਸ ਦੀ ਸਹਿਮਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਅਪਰਾਧ ਨਹੀਂ ਹੈ। ਇਸ ’ਤੇ ਉਸ ਨੂੰ ਕਿਸੇ ਅਪਰਾਧ ਲਈ ਮੁਲਜ਼ਮ ਨਹੀਂ ਬਣਾਇਆ ਜਾ ਸਕਦਾ। ਨੈਤਿਕਤਾ, ਸਮਾਜਿਕ ਧਾਰਨਾ ਤੇ ਕਾਨੂੰਨ ਨੂੰ ਅਲੱਗ ਰੱਖਣਾ ਹੋਵੇਗਾ।
ਜਸਟਿਸ ਜੇਜੇ ਮੁਨੀਰ ਅਤੇ ਜਸਟਿਸ ਤਰੁਣ ਸਕਸੇਨਾ ਦੇ ਬੈਂਚ ਨੇ ਇਹ ਟਿੱਪਣੀ ਸ਼ਾਹਜਹਾਂਪੁਰ ਵਾਸੀ ਅਨਾਮਿਕਾ ਤੇ ਨੇਤਰਪਾਲ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ ਹੈ। ਕੋਰਟ ਨੇ ਜੋੜੇ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਉਂਦੇ ਹੋਏ ਅਨਾਮਿਕਾ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਹੈ ਕਿ ਉਹ ਪਟੀਸ਼ਨਰਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਉਣ, ਨਾ ਹੀ ਉਨ੍ਹਾਂ ਦੇ ਘਰ ਵਿਚ ਦਾਖਲ ਹੋਣ। 18 ਸਾਲਾ ਪਟੀਸ਼ਨਰ ਅਨਾਮਿਕਾ ਦੀ ਮਾਂ ਨੇ ਐੱਫਆਈਆਰ ਦਰਜ ਕਰਵਾਈ ਹੈ ਕਿ ਵਿਆਹੁਤਾ ਨੇਤਰਪਾਲ ਉਸ ਦੀ ਧੀ ਨੂੰ ਝਾਂਸੇ ’ਚ ਲੈ ਕੇ ਆਪਣੇ ਨਾਲ ਲੈ ਗਿਆ ਹੈ। ਕਿਉਂਕਿ ਉਹ ਵਿਆਹੁਤਾ ਹੈ, ਇਸ ਲਈ ਕਿਸੇ ਹੋਰ ਔਰਤ ਨਾਲ ਰਹਿਣ ’ਤੇ ਅਪਰਾਧ ਦਾ ਮੁਲਜ਼ਮ ਹੋ ਸਕਦਾ ਹੈ। ਕੋਰਟ ਨੇ ਦੋਵਾਂ ਪਟੀਸ਼ਨਰਾਂ ਦੇ ਸਾਂਝੇ ਸਹੁੰ ਪੱਤਰ ਨੂੰ ਰਿਕਾਰਡ ’ਤੇ ਲੈਣ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਨਿਰਦੇਸ਼ ਦਿੱਤਾ ਕਿ ਉਹ ਪਟੀਸ਼ਨਰਾਂ ਦੀ ਸੁਰੱਖਿਆ ਯਕੀਨੀ ਬਣਾਉਣ। ਇਸ ਸੰਦਰਭ ਵਿਚ ਸ਼ਕਤੀਵਾਹਿਨੀ ਬਨਾਮ ਯੂਨੀਅਨ ਆਫ ਇੰਡੀਆ (2018) ਮਾਮਲੇ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ ਜਿਸ ਵਿਚ ਐੱਸਪੀ ਨੂੰ ਦੋ ਬਾਲਗਾਂ ਦੀ ਸੁਰੱਖਿਆ ਲਈ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਸੀ। ਸੂਬਾ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਜਵਾਬੀ ਸਹੁੰ ਪੱਤਰ ਦਾਖ਼ਲ ਕਰਨ ਲਈ ਦੋ ਹਫ਼ਤੇ ਦਾ ਸਮਾਂ ਦਿੱਤਾ ਗਿਆ ਅਤੇ ਕੋਰਟ ਨੇ ਅਗਲੀ ਸੁਣਵਾਈ ਦੀ ਤਰੀਕ 8 ਅਪ੍ਰੈਲ ਤੈਅ ਕੀਤੀ ਹੈ। ਨਾਲ ਹੀ ਅਨਾਮਿਕਾ ਦੇ ਪਰਿਵਾਰ ਵਾਲਿਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਪਟੀਸ਼ਨਰਾਂ ਦੇ ਘਰ ਵਿਚ ਦਾਖ਼ਲ ਹੋਣ ਜਾਂ ਉਨ੍ਹਾਂ ਨਾਲ ਸਿੱਧਾ ਜਾਂ ਕਿਸੇ ਵੀ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਸੰਪਰਕ ਨਾ ਕਰਨ। ਕੋਰਟ ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀ ਸੁਰੱਖਿਆ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ। ਪਟੀਸ਼ਨਰ ਨੇ ਐੱਸਪੀ ਨੂੰ ਆਪਣੇ ਪਰਿਵਾਰ ਤੋਂ ਜੀਵਨ ਨੂੰ ਖ਼ਤਰੇ ਦੀ ਸ਼ਿਕਾਇਤ ਕੀਤੀ ਸੀ। ਕਿਹਾ ਸੀ ਕਿ ਉਹ ਬਾਲਗ ਹੈ ਅਤੇ ਆਪਣੀ ਮਰਜ਼ੀ ਨਾਲ ਲਿਵ ਇਨ ਵਿਚ ਰਹਿ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਕੋਰਟ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਦੋ ਬਾਲਗ ਆਪਣੀ ਮਰਜ਼ੀ ਨਾਲ ਇਕੱਠੇ ਰਹਿ ਸਕਦੇ ਹਨ, ਇਹ ਕਾਨੂੰਨ ਵਿਚ ਅਪਰਾਧ ਨਹੀਂ ਹੈ। ਅਦਾਲਤ ਕਾਨੂੰਨ ਤਹਿਤ ਅਪਰਾਧ ’ਤੇ ਹੀ ਕਾਰਵਾਈ ਕਰ ਸਕਦੀ ਹੈ।