ਇਹ ਬਿਆਨ ਸੂਬੇ ਦੇ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਏ ਹਨ ਕਿਉਂਕਿ ਮੁੱਖ ਮੰਤਰੀ ਸਿੱਧਰਮਈਆ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਮਿਆਦ ਪੂਰੀ ਕਰਨਗੇ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਅਗਵਾਈ ਕਰਨਗੇ।
ਬੇਲਗਾਵੀ (ਕਰਨਾਟਕ) (ਏਜੰਸੀ) : ਕਾਂਗਰਸ ਸ਼ਾਸਿਤ ਕਰਨਾਟਕ ਵਿਚ ਨਵੰਬਰ ਮਹੀਨਾ ਨੇੜੇ ਆਉਂਦੇ ਹੀ ਮੁੱਖ ਮੰਤਰੀ ਬਦਲਣ ’ਤੇ ਚਰਚਾ ਤੇਜ਼ ਹੋ ਗਈ ਹੈ। ਇਸੇ ਸੰਦਰਭ ਵਿਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਪੁੱਤਰ ਐੱਮਐੱਲਸੀ ਯਤੀਂਦਰ ਸਿੱਧਰਮਈਆ ਨੇ ਇਕ ਮਹੱਤਵਪੂਰਨ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੇ ਪਿਤਾ ਆਪਣੇ ਸਿਆਸੀ ਕਰੀਅਰ ਦੇ ਆਖ਼ਰੀ ਪੜਾਅ ਵਿਚ ਹਨ। ਇਹ ਬਿਆਨ ਕਰਨਾਟਕ ’ਚ ਲੀਡਰਸ਼ਿਪ ਤਬਦੀਲੀ ਦੀਆਂ ਅਫਵਾਹਾਂ ਅਤੇ ਸੱਤਾ-ਸਾਂਝੇਦਾਰੀ ਸਮਝੌਤੇ ’ਤੇ ਚਰਚਾ ਦਰਮਿਆਨ ਮਹੱਤਵਪੂਰਨ ਬਣ ਗਿਆ ਹੈ।
ਯਤੀਂਦਰ ਸਿੱਧਰਮਈਆ ਨੇ ਬੇਲਗਾਵੀ ਜ਼ਿਲ੍ਹੇ ਦੇ ਰਾਏਬਾਗ ਤਾਲੁਕ ਦੇ ਕਾਪਾਲਗੁਡੀ ਪਿੰਡ ਵਿਚ ਕਣਕਦਾਸ ਦੇ ਬੁੱਤ ਦੀ ਘੁੰਡ ਚੁਕਾਈ ਸਮਾਗਮ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਅੱਜ, ਮੇਰੇ ਪਿਤਾ ਆਪਣੇ ਸਿਆਸੀ ਕਰੀਅਰ ਦੇ ਅੰਤ ਵਿਚ ਹਨ। ਇਸ ਸਮੇਂ ਵਿਗਿਆਨਕ ਤੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਅਪਣਾਉਣ ਵਾਲਿਆਂ ਲਈ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਤੀਸ਼ ਜਾਰਕੀਹੋਲੀ ਜ਼ਿੰਮੇਵਾਰੀ ਲੈਣਗੇ ਅਤੇ ਅਗਵਾਈ ਪ੍ਰਦਾਨ ਕਰਨਗੇ। ਯਤੀਂਦਰ ਨੇ ਕਿਹਾ, ‘ਮੰਤਰੀ ਸਤੀਸ਼ ਜਾਰਕੀਹੋਲੀ ਉਨ੍ਹਾਂ ਸਾਰਿਆਂ ਨੂੰ ਮਾਰਗਦਰਸ਼ਨ ਦੇਣ ਵਿਚ ਮੋਹਰੀ ਹੋਣਗੇ ਜੋ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਦੇ ਹਨ। ਵਿਚਾਰਧਾਰਾ ਪ੍ਰਤੀ ਵਚਨਬੱਧ ਨੇਤਾਵਾਂ ਨੂੰ ਲੱਭਣਾ ਔਖਾ ਹੈ। ਮੰਤਰੀ ਸਤੀਸ਼ ਨੇ ਇਹ ਜ਼ਿੰਮੇਵਾਰੀ ਲਈ ਹੈ ਅਤੇ ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਦਿਸ਼ਾ ਵਿਚ ਆਪਣਾ ਕੰਮ ਜਾਰੀ ਰੱਖਣ।’
ਇਹ ਬਿਆਨ ਸੂਬੇ ਦੇ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਏ ਹਨ ਕਿਉਂਕਿ ਮੁੱਖ ਮੰਤਰੀ ਸਿੱਧਰਮਈਆ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਮਿਆਦ ਪੂਰੀ ਕਰਨਗੇ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਅਗਵਾਈ ਕਰਨਗੇ। ਹਾਲਾਂਕਿ ਉਪ ਮੁੱਖ ਮੰਤਰੀ ਅਤੇ ਸੂਬਾਈ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਦੇ ਸਮਰਥਕ ਵਿਧਾਇਕ ਜ਼ੋਰ ਦੇ ਕੇ ਕਹਿ ਰਹੇ ਹਨ ਕਿ ਸ਼ਿਵਕੁਮਾਰ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਹ ਦਾਅਵਾ ਕਰ ਰਹੇ ਹਨ ਕਿ ਸਿੱਧਰਮਈਆ ਅਤੇ ਸ਼ਿਵਕੁਮਾਰ ਵਿਚਾਲੇ ਮੁੱਖ ਮੰਤਰੀ ਅਹੁਦੇ ਦੇ ਕਾਰਜਕਾਲ ਨੂੰ ਸਮਾਨ ਰੂਪ ਵਿਚ ਵੰਡਣ ਦਾ ਇਕ ਸੱਤਾ-ਸਾਂਝੇਦਾਰੀ ਫਾਰਮੂਲਾ ਹੈ। ਜਿਉਂ-ਜਿਉਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨਵੰਬਰ ਵਿਚ ਆਪਣੀ ਮਿਆਦ ਦਾ ਅੱਧਾ ਸਮਾਂ ਪੂਰਾ ਕਰਦੀ ਹੈ, ‘ਨਵੰਬਰ ਕ੍ਰਾਂਤੀ’ ’ਤੇ ਚਰਚਾ ਕਰਨਾਟਕ ਵਿਚ ਤੇਜ਼ ਹੋ ਗਈ ਹੈ। ਉਪ ਮੁੱਖ ਮੰਤਰੀ ਸ਼ਿਵਕੁਮਾਰ ਇਹ ਕਹਿੰਦੇ ਹੋਏ ਮੰਦਰਾਂ ਦੇ ਦੌਰੇ ਕਰ ਰਹੇ ਹਨ ਕਿ ਹਾਈ ਕਮਾਨ ਆਖ਼ਰੀ ਫੈਸਲਾ ਲਵੇਗਾ। ਸਿੱਧਰਮਈਆ ਦਾ ਕੈਂਪ ਜ਼ੋਰ ਦੇ ਰਿਹਾ ਹੈ ਕਿ ਫੈਸਲਾ ਵਿਧਾਇਕਾਂ ਦੀ ਰਾਏ ’ਤੇ ਆਧਾਰਤ ਹੋਣਾ ਚਾਹੀਦਾ ਹੈ। ਇਸ ਦੌਰਾਨ ਕਰਨਾਟਕ ਬੀਜੇਪੀ ਦੇ ਆਗੂ ਸਿੱਧਰਮਈਆ ਨੂੰ ‘ਆਊਟਗੋਇੰਗ ਮੁੱਖ ਮੰਤਰੀ" ਵਜੋਂ ਸੰਦਰਭਿਤ ਕਰ ਰਹੇ ਹਨ।