ਰਿਪੋਰਟ ਮੁਤਾਬਕ TEE-01B ਨਾਂ ਦਾ ਇਹ ਸੈਟੇਲਾਈਟ 2024 ਦੇ ਅੰਤ 'ਚ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਏਅਰੋਸਪੇਸ ਫੋਰਸ ਨੇ ਹਾਸਲ ਕੀਤਾ ਸੀ। ਇਸ ਨੂੰ ਚੀਨ ਦੀ ਕੰਪਨੀ 'ਅਰਥ ਆਈ' (Earth Eye) ਨੇ ਬਣਾਇਆ ਸੀ ਤੇ 'ਇਨ-ਆਰਬਿਟ ਡਿਲੀਵਰੀ' ਮਾਡਲ ਦੇ ਤਹਿਤ ਪੁਲਾੜ ਵਿੱਚ ਹੀ ਇਰਾਨ ਨੂੰ ਟ੍ਰਾਂਸਫਰ ਕੀਤਾ ਗਿਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਹਾਲੀਆ ਸੰਘਰਸ਼ ਦੌਰਾਨ ਈਰਾਨ ਨੇ ਮਿਡਲ ਈਸਟ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਨਜ਼ਰ ਰੱਖਣ ਤੇ ਹਮਲਿਆਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਚੀਨੀ ਸੈਟੇਲਾਈਟ ਦੀ ਵਰਤੋਂ ਕੀਤੀ। ਇਹ ਦਾਅਵਾ 'ਫਾਈਨੈਂਸ਼ੀਅਲ ਟਾਈਮਜ਼' ਦੀ ਇਕ ਜਾਂਚ ਰਿਪੋਰਟ 'ਚ ਕੀਤਾ ਗਿਆ ਹੈ ਜਿਸ ਵਿਚ ਲੀਕ ਹੋਏ ਇਰਾਨੀ ਫੌਜੀ ਦਸਤਾਵੇਜ਼ਾਂ ਅਤੇ ਸੈਟੇਲਾਈਟ ਡੇਟਾ ਦਾ ਹਵਾਲਾ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ, "TEE-01B" ਨਾਂ ਦਾ ਇਹ ਸੈਟੇਲਾਈਟ 2024 ਦੇ ਅੰਤ 'ਚ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਏਅਰੋਸਪੇਸ ਫੋਰਸ ਨੇ ਹਾਸਲ ਕੀਤਾ ਸੀ। ਇਸ ਨੂੰ ਚੀਨ ਦੀ ਕੰਪਨੀ 'ਅਰਥ ਆਈ' (Earth Eye) ਨੇ ਬਣਾਇਆ ਸੀ ਤੇ 'ਇਨ-ਆਰਬਿਟ ਡਿਲੀਵਰੀ' ਮਾਡਲ ਦੇ ਤਹਿਤ ਪੁਲਾੜ ਵਿੱਚ ਹੀ ਇਰਾਨ ਨੂੰ ਟ੍ਰਾਂਸਫਰ ਕੀਤਾ ਗਿਆ ਸੀ।
ਲੀਕ ਹੋਏ ਦਸਤਾਵੇਜ਼ਾਂ ਅਨੁਸਾਰ, ਮਾਰਚ ਵਿ ਹੋਏ ਮਿਜ਼ਾਈਲ ਤੇ ਡਰੋਨ ਹਮਲਿਆਂ ਤੋਂ ਪਹਿਲਾਂ ਅਤੇ ਬਾਅਦ 'ਚ ਇਰਾਨੀ ਕਮਾਂਡਰਾਂ ਨੇ ਇਸ ਸੈਟੇਲਾਈਟ ਰਾਹੀਂ ਕਈ ਅਹਿਮ ਅਮਰੀਕੀ ਟਿਕਾਣਿਆਂ ਦੀ ਨਿਗਰਾਨੀ ਕੀਤੀ। ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰ ਬੇਸ ਦੀਆਂ 13, 14 ਅਤੇ 15 ਮਾਰਚ ਨੂੰ ਤਸਵੀਰਾਂ ਲਈਆਂ ਗਈਆਂ। 14 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਸੀ ਕਿ ਉੱਥੇ ਮੌਜੂਦ ਅਮਰੀਕੀ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਪੰਜ ਏਅਰ ਫੋਰਸ ਰਿਫਿਊਲਿੰਗ ਜਹਾਜ਼ ਨੁਕਸਾਨੇ ਗਏ ਸਨ।
ਇਸ ਤੋਂ ਇਲਾਵਾ ਜੌਰਡਨ ਦਾ ਮੁਵਾਫਾਕ ਸਲਤੀ ਏਅਰ ਬੇਸ, ਬਹਿਰੀਨ 'ਚ ਅਮਰੀਕੀ ਫਿਫਥ ਫਲੀਟ ਦਾ ਟਿਕਾਣਾ, ਇਰਾਕ ਦਾ ਇਰਬਿਲ ਏਅਰਪੋਰਟ, ਕੁਵੈਤ ਦੇ ਕੈਂਪ ਬਿਊਹਰਿੰਗ ਅਤੇ ਅਲੀ ਅਲ ਸਲੇਮ ਏਅਰ ਬੇਸ ਵੀ ਨਿਗਰਾਨੀ ਹੇਠ ਸਨ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਖਾੜੀ ਇਲਾਕੇ ਦੇ ਕੁਝ ਨਾਗਰਿਕ ਟਿਕਾਣਿਆਂ 'ਤੇ ਵੀ ਨਜ਼ਰ ਰੱਖੀ ਗਈ। ਇਨ੍ਹਾਂ ਵਿੱਚ ਯੂਏਈ ਦਾ ਖੋਰ ਫੱਕਨ ਪੋਰਟ ਤੇ ਕਿਦਫਾ ਪਾਵਰ ਪਲਾਂਟ, ਨਾਲ ਹੀ ਬਹਿਰੀਨ ਦਾ ਅਲਬਾ ਐਲੂਮੀਨੀਅਮ ਪਲਾਂਟ ਸ਼ਾਮਲ ਹਨ।
ਇਸ ਸਮਝੌਤੇ ਤਹਿਤ ਈਰਾਨ ਨੂੰ ਬੀਜਿੰਗ ਸਥਿਤ ਐਂਪੋਸੈਟ (Amposat) ਕੰਪਨੀ ਦੇ ਗਰਾਊਂਡ ਕੰਟਰੋਲ ਸਿਸਟਮ ਤਕ ਪਹੁੰਚ ਮਿਲੀ, ਜਿਸ ਨਾਲ ਉਹ ਵੱਖ-ਵੱਖ ਥਾਵਾਂ ਤੋਂ ਸੈਟੇਲਾਈਟ ਨੂੰ ਆਪਰੇਟ ਕਰ ਸਕਦਾ ਸੀ ਤੇ ਤਸਵੀਰਾਂ ਹਾਸਲ ਕਰ ਸਕਦਾ ਸੀ।
ਦਸਤਾਵੇਜ਼ਾਂ ਅਨੁਸਾਰ, ਇਸ ਪੂਰੇ ਸਿਸਟਮ ਲਈ IRGC ਨੇ ਕਰੀਬ 250 ਮਿਲੀਅਨ ਯੂਆਨ (ਲਗਪਗ 36.6 ਮਿਲੀਅਨ ਡਾਲਰ) ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੈਟੇਲਾਈਟ ਈਰਾਨ ਦੀ ਫੌਜੀ ਸਮਰੱਥਾ 'ਚ ਵੱਡਾ ਸੁਧਾਰ ਦਰਸਾਉਂਦਾ ਹੈ। ਇਹ ਸੈਟੇਲਾਈਟ ਕਰੀਬ ਅੱਧਾ ਮੀਟਰ ਰੈਜ਼ੋਲਿਊਸ਼ਨ ਦੀਆਂ ਸਾਫ਼ ਤਸਵੀਰਾਂ ਲੈ ਸਕਦਾ ਹੈ ਜੋ ਪਹਿਲਾਂ ਦੇ ਨੂਰ-3 ਸੈਟੇਲਾਈਟ (ਕਰੀਬ 5 ਮੀਟਰ ਰੈਜ਼ੋਲਿਊਸ਼ਨ) ਨਾਲੋਂ ਕਿਤੇ ਬਿਹਤਰ ਹੈ। ਮਾਹਿਰਾਂ ਅਨੁਸਾਰ, ਅਜਿਹੀ ਤਕਨੀਕ ਨਾਲ ਇਰਾਨ ਹਮਲੇ ਤੋਂ ਪਹਿਲਾਂ ਨਿਸ਼ਾਨੇ ਦੀ ਪਛਾਣ ਕਰ ਸਕਦਾ ਹੈ ਅਤੇ ਹਮਲੇ ਤੋਂ ਬਾਅਦ ਉਸ ਦੇ ਅਸਰ ਦਾ ਮੁਲਾਂਕਣ ਵੀ ਕਰ ਸਕਦਾ ਹੈ।
ਇਸ ਦੌਰਾਨ ਇਜ਼ਰਾਈਲ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੰਘਰਸ਼ ਦੌਰਾਨ ਈਰਾਨ ਦੇ ਕਈ ਸਪੇਸ ਤੇ ਸੈਟੇਲਾਈਟ ਨਾਲ ਜੁੜੇ ਟਿਕਾਣਿਆਂ 'ਤੇ ਹਮਲਾ ਕੀਤਾ। ਦੂਜੇ ਪਾਸੇ ਈਰਾਨ, ਚੀਨ ਤੇ ਰੂਸ ਵਿਚਕਾਰ ਪੁਲਾੜ ਖੇਤਰ 'ਚ ਸਹਿਯੋਗ ਵੀ ਲਗਾਤਾਰ ਵਧ ਰਿਹਾ ਹੈ। ਚੀਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਸ਼ਾਂਤੀ ਵਾਰਤਾ ਦਾ ਸਮਰਥਨ ਕਰਦਾ ਹੈ।