ਹਾਲਾਂਕਿ ਨਾਬਾਲਗ ਔਸਤਨ ਰੋਜ਼ਾਨਾ ਲਗਪਗ 2.5 ਘੰਟੇ ਇੰਟਰਨੈੱਟ ਮੀਡੀਆ ’ਤੇ ਬਿਤਾ ਰਹੇ ਹਨ। ਖੋਜਕਰਤਾਵਾਂ ਨੇ ਇਹ ਵੀ ਪਾਇਆ ਹੈ ਕਿ ਦੁਨੀਆ ਦੇ ਕੁਝ ਹਿੱਸਿਆਂ ਜਿਵੇਂ ਕਿ ਪੱਛਮੀ ਏਸ਼ੀਆ ਤੇ ਦੱਖਣੀ ਅਮਰੀਕਾ ’ਚ ਇੰਟਰਨੈੱਟ ਮੀਡੀਆ ਦੀ ਵਰਤੋਂ ਤੇ ਖ਼ੁਸ਼ਹਾਲੀ ਵਿਚਾਲੇ ਸਬੰਧ ਵੱਧ ਸਕਾਰਾਤਮਕ ਹਨ।

ਹੇਲਸਿੰਕੀ (ਏਪੀ) : ਇੰਟਰਨੈੱਟ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਨਾਲ ਨੌਜਵਾਨਾਂ ਦੀ ਖ਼ੁਸ਼ਹਾਲੀ ’ਚ ਭਾਰੀ ਗਿਰਾਵਟ ਆਈ ਹੈ। ਅੰਗਰੇਜ਼ੀ ਭਾਸ਼ੀ ਦੇਸ਼ਾਂ ਤੇ ਪੱਛਮੀ ਯੂਰਪ ਦੀਆਂ ਨਾਬਾਲਗ ਕੁੜੀਆਂ ’ਤੇ ਇਸ ਦਾ ਅਸਰ ਵਿਸ਼ੇਸ਼ ਰੂਪ ਨਾਲ ਚਿੰਤਾਜਨਕ ਹੈ। ਆਕਸਫੋਰਡ ਯੂਨੀਵਰਸਿਟੀ ਵੱਲੋਂ ਵੀਰਵਾਰ ਨੂੰ ਜਾਰੀ ਵਰਲਡ ਹੈਪੀਨੈੱਸ ਰਿਪੋਰਟ, 2026 ’ਚ ਇਹ ਵੀ ਪਾਇਆ ਗਿਆ ਕਿ ਫਿਨਲੈਂਡ ਲਗਾਤਾਰ ਨੌਵੇਂ ਸਾਲ ਦੁਨੀਆ ਦਾ ਸਭ ਤੋਂ ਖ਼ੁਸ਼ਹਾਲ ਦੇਸ਼ ਹੈ। 147 ਦੇਸ਼ਾਂ ਦੀ ਇਸ ਸੂਚੀ ’ਚ ਭਾਰਤ 116ਵੇਂ ਸਥਾਨ ’ਤੇ ਹੈ, ਜੋ ਪਿਛਲੇ ਸਾਲ ਦੇ 118ਵੇਂ ਸਥਾਨ ਤੋਂ ਥੋੜ੍ਹਾ ਬਿਹਤਰ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਖ਼ੁਸ਼ਹਾਲੀ ਤੇ ਇੰਟਰਨੈੱਟ ਮੀਡੀਆ ਦੀ ਵਿਆਪਕ ਵਰਤੋਂ ਵਿਚਾਲੇ ਨਕਾਰਾਤਮਕ ਸਬੰਧ ਨਾਬਾਲਗ ਕੁੜੀਆਂ ’ਚ ਵਿਸ਼ੇਸ਼ ਰੂਪ ਨਾਲ ਦੇਖਿਆ ਜਾ ਰਿਹਾ ਹੈ। ਮਿਸਾਲ ਦੇ ਤੌਰ ’ਤੇ, 15 ਸਾਲ ਦੀਆਂ ਕੁੜੀਆਂ ਜੋ ਪੰਜ ਘੰਟੇ ਜਾਂ ਉਸ ਤੋਂ ਵੱਧ ਸਮੇਂ ਤੱਕ ਇੰਟਰਨੈੱਟ ਮੀਡੀਆ ਦੀ ਵਰਤੋਂ ਕਰਦੀਆਂ ਹਨ, ਉਨ੍ਹਾਂ ’ਚ ਜੀਵਨ ਪ੍ਰਤੀ ਘੱਟ ਸੰਤੁਸ਼ਟੀ ਹੈ, ਜਦਕਿ ਇੰਟਰਨੈੱਟ ਮੀਡੀਆ ਦੀ ਘੱਟ ਵਰਤੋਂ ਕਰਨ ਵਾਲੀਆਂ ਕੁੜੀਆਂ ’ਚ ਇਹ ਗਿਰਾਵਟ ਨਹੀਂ ਦੇਖੀ ਗਈ। ਜੋ ਨੌਜਵਾਨ ਰੋਜ਼ਾਨਾ ਇਕ ਘੰਟੇ ਤੋਂ ਘੱਟ ਸਮੇਂ ਤੱਕ ਇੰਟਰਨੈੱਟ ਮੀਡੀਆ ਦੀ ਵਰਤੋਂ ਕਰਦੇ ਹਨ, ਉਨ੍ਹਾਂ ’ਚ ਖ਼ੁਸ਼ਹਾਲੀ ਦਾ ਪੱਧਰ ਸਭ ਤੋਂ ਵੱਧ ਹੁੰਦਾ ਹੈ। ਇਹ ਉਨ੍ਹਾਂ ਲੋਕਾਂ ਤੋਂ ਵੀ ਵੱਧ ਹੈ, ਜੋ ਇੰਟਰਨੈੱਟ ਮੀਡੀਆ ਦੀ ਬਿਲੁਕਲ ਵੀ ਵਰਤੋਂ ਨਹੀਂ ਕਰਦੇ ਹਨ।
ਹਾਲਾਂਕਿ ਨਾਬਾਲਗ ਔਸਤਨ ਰੋਜ਼ਾਨਾ ਲਗਪਗ 2.5 ਘੰਟੇ ਇੰਟਰਨੈੱਟ ਮੀਡੀਆ ’ਤੇ ਬਿਤਾ ਰਹੇ ਹਨ। ਖੋਜਕਰਤਾਵਾਂ ਨੇ ਇਹ ਵੀ ਪਾਇਆ ਹੈ ਕਿ ਦੁਨੀਆ ਦੇ ਕੁਝ ਹਿੱਸਿਆਂ ਜਿਵੇਂ ਕਿ ਪੱਛਮੀ ਏਸ਼ੀਆ ਤੇ ਦੱਖਣੀ ਅਮਰੀਕਾ ’ਚ ਇੰਟਰਨੈੱਟ ਮੀਡੀਆ ਦੀ ਵਰਤੋਂ ਤੇ ਖ਼ੁਸ਼ਹਾਲੀ ਵਿਚਾਲੇ ਸਬੰਧ ਵੱਧ ਸਕਾਰਾਤਮਕ ਹਨ। ਇਨ੍ਹਾਂ ਖੇਤਰਾਂ ’ਚ ਇੰਟਰਨੈੱਟ ਮੀਡੀਆ ਦੀ ਵਿਆਪਕ ਵਰਤੋਂ ਦੇ ਬਾਵਜੂਦ ਨੌਜਵਾਨਾਂ ਦੀ ਖ਼ੁਸ਼ਹਾਲੀ ’ਚ ਗਿਰਾਵਟ ਨਹੀਂ ਆਈ ਹੈ। ਦੂਜੇ ਪਾਸੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ’ਚ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚਾਲੇ ਜੀਵਨ ਮੁਲਾਂਕਣ ’ਚ ਪਿਛਲੇ ਦਹਾਕੇ ’ਚ ਕਾਫ਼ੀ ਗਿਰਾਵਟ ਆਈ ਹੈ। ਇੰਟਰਨੈੱਟ ਮੀਡੀਆ ’ਤੇ ਕਈ ਘੰਟੇ ਸਕ੍ਰਾਲ ਕਰਨਾ ਇਸ ਦਾ ਮੁੱਖ ਕਾਰਨ ਹੈ।
----
ਖ਼ਾਸ ਗੱਲਾਂ
-2026 ਦੀ ਰੈਕਿੰਗ ’ਚ ਲਗਾਤਾਰ ਦੂਜੇ ਸਾਲ ਕੋਈ ਵੀ ਅੰਗਰੇਜ਼ੀ ਭਾਸ਼ੀ ਦੇਸ਼ ਸਿਖਰਲੇ 10 ਵਿਚ ਸ਼ਾਮਲ ਨਹੀਂ ਹੈ। ਇਸ ਸੂਚੀ ’ਚ ਅਮਰੀਕਾ 23ਵੇਂ ਸਥਾਨ ’ਤੇ, ਕੈਨੇਡਾ 25ਵੇਂ ਸਥਾਨ ’ਤੇ ਅਤੇ ਬ੍ਰਿਟੇਨ 29ਵੇਂ ਸਥਾਨ ’ਤੇ ਹੈ।
-ਇੰਟਰਨੈੱਟ ਮੀਡੀਆ ’ਤੇ ਕੇਂਦਰਿਤ ਇਹ ਰਿਪੋਰਟ ਅਜਿਹੇ ਸਮੇਂ ’ਚ ਆਈ ਹੈ, ਜਦ ਕਈ ਦੇਸ਼ਾਂ ਨੇ ਨਾਬਾਲਗਾਂ ਲਈ ਇੰਟਰਨੈੱਟ ਮੀਡੀਆ ’ਤੇ ਪਾਬੰਦੀ ਲਾ ਦਿੱਤੀ ਹੈ ਜਾਂ ਪਾਬੰਦੀ ਲਾਉਣ ’ਤੇ ਵਿਚਾਰ ਕਰ ਰਹੇ ਹਨ।
----
ਪੰਜ ਸਭ ਤੋਂ ਖ਼ੁਸ਼ਹਾਲ ਦੇਸ਼
ਫਿਨਲੈਂਡ
ਆਈਸਲੈਂਡ
ਡੈਨਮਾਰਕ
ਕੋਸਟਾਰਿਕਾ
ਸਵੀਡਨ
ਪੰਜ ਸਭ ਤੋਂ ਦੁਖੀ ਦੇਸ਼
ਅਫ਼ਗਾਨਿਸਤਾਨ
ਸਿਏਰਾ ਲਿਓਨ
ਮਲਾਵੀ
ਜ਼ਿੰਬਾਬਵੇ
ਬੋਤਸਵਾਨਾ
ਇਨ੍ਹਾਂ ਛੇ ਮਾਪਦੰਡਾਂ ’ਤੇ ਮੁਲਾਂਕਣ
-ਪ੍ਰਤੀ ਵਿਅਕਤੀ ਜੀਡੀਪੀ
-ਜੀਵਨ ਪ੍ਰਤੀ ਉਮੀਦ
-ਸਮਾਜਿਕ ਸਹਿਯੋਗ
-ਜੀਵਨ ਸਬੰਧੀ ਫੈ਼ਸਲਾ ਲੈਣ ਦੀ ਆਜ਼ਾਦੀ
-ਉਦਾਰਤਾ
-ਭ੍ਰਿਸ਼ਟਾਚਾਰ ਦੀ ਧਾਰਨਾ