DGCA ਦੇ ਨਵੇਂ ਡਿਊਟੀ ਨਿਯਮਾਂ ਲਈ ਇੰਡੀਗੋ ਤਿਆਰ; ਪਾਇਲਟਾਂ ਦੇ ਕੰਮ ਦੇ ਘੰਟਿਆਂ 'ਚ ਹੋਵੇਗਾ ਸੁਧਾਰ
ਦਸੰਬਰ ਦੀ ਸ਼ੁਰੂਆਤ ਵਿਚ ਭਾਰੀ ਆਪ੍ਰੇਸ਼ਨਲ ਅਵਿਵਸਥਾ ਕਾਰਨ ਇੰਡੀਗੋ ਨੇ 3 ਤੋਂ 5 ਦਸੰਬਰ ਦਰਮਿਆਨ 2,507 ਉਡਾਣਾਂ ਰੱਦ ਕੀਤੀਆਂ ਸਨ। ਜਾਂਚ ਵਿਚ ਆਪ੍ਰੇਸ਼ਨਜ਼ ਦਾ ਅਨੁਕੂਲਨ, ਰੈਗੂਲੇਟਰੀ ਤਿਆਰੀ ਦੀ ਕਮੀ, ਸਿਸਟਮ ਸਾਫਟਵੇਅਰ ਸਪੋਰਟ ਵਿਚ ਖਾਮੀਆਂ, ਮੈਨੇਜਮੈਂਟ ਅਤੇ ਆਪ੍ਰੇਸ਼ਨਲ ਕੰਟਰੋਲ ਸਿਸਟਮ ’ਚ ਕਮੀਆਂ ਮਿਲੀਆਂ।
Publish Date: Thu, 12 Feb 2026 08:27 AM (IST)
Updated Date: Thu, 12 Feb 2026 08:31 AM (IST)
ਨਵੀਂ ਦਿੱਲੀ (ਪੀਟੀਆਈ) : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੂੰ ਆਪਣੇ ਆਪ੍ਰੇਸ਼ਨਲ ਪ੍ਰਬੰਧਾਂ ਬਾਰੇ ਭਰੋਸਾ ਦਿੱਤਾ ਹੈ। ਏਅਰਲਾਈਨ ਨੇ ਕਿਹਾ ਹੈ ਕਿ ਨਵੇਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (ਐੱਫਡੀਟੀਐੱਲ) ਨਿਯਮਾਂ ਦੀ ਮੁਕੰਮਲ ਪਾਲਣਾ ਲਈ ਸਾਰੇ ਜ਼ਰੂਰੀ ਆਪ੍ਰੇਸ਼ਨ, ਰੋਸਟਰਿੰਗ ਅਤੇ ਮਾਨੀਟਰਿੰਗ ਪ੍ਰਬੰਧ ਲਾਗੂ ਕੀਤੇ ਜਾ ਰਹੇ ਹਨ। ਪਾਇਲਟਾਂ ਦੀ ਡਿਊਟੀ ਨਾਲ ਜੁੜੇ ਨਵੇਂ ਨਿਯਮਾਂ ’ਤੇ ਦਿੱਤੀ ਗਈ ਅਸਥਾਈ ਛੋਟ 10 ਫਰਵਰੀ ਨੂੰ ਖਤਮ ਹੋ ਗਈ। ਇਸ ਤੋਂ ਬਾਅਦ ਬੁੱਧਵਾਰ ਨੂੰ ਡੀਜੀਸੀਏ ਨੇ ਵਿਸਥਾਰਤ ਬਿਆਨ ਜਾਰੀ ਕਰ ਕੇ ਏਅਰਲਾਈਨ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ।
ਦਸੰਬਰ ਦੀ ਸ਼ੁਰੂਆਤ ਵਿਚ ਭਾਰੀ ਆਪ੍ਰੇਸ਼ਨਲ ਅਵਿਵਸਥਾ ਕਾਰਨ ਇੰਡੀਗੋ ਨੇ 3 ਤੋਂ 5 ਦਸੰਬਰ ਦਰਮਿਆਨ 2,507 ਉਡਾਣਾਂ ਰੱਦ ਕੀਤੀਆਂ ਸਨ। ਜਾਂਚ ਵਿਚ ਆਪ੍ਰੇਸ਼ਨਜ਼ ਦਾ ਅਨੁਕੂਲਨ, ਰੈਗੂਲੇਟਰੀ ਤਿਆਰੀ ਦੀ ਕਮੀ, ਸਿਸਟਮ ਸਾਫਟਵੇਅਰ ਸਪੋਰਟ ਵਿਚ ਖਾਮੀਆਂ, ਮੈਨੇਜਮੈਂਟ ਅਤੇ ਆਪ੍ਰੇਸ਼ਨਲ ਕੰਟਰੋਲ ਸਿਸਟਮ ’ਚ ਕਮੀਆਂ ਮਿਲੀਆਂ। ਇਨ੍ਹਾਂ ਕਾਰਨਾਂ ਕਰ ਕੇ ਉਡਾਣਾਂ ਦੇ ਆਪ੍ਰੇਸ਼ਨ ’ਤੇ ਪ੍ਰਭਾਵ ਪਿਆ। ਇਸ ਤੋਂ ਬਾਅਦ ਡੀਜੀਸੀਏ ਨੇ ਏਅਰਲਾਈਨ ਦੇ ਸਰਦ ਰੁੱਤ ਦੀਆਂ ਨਿਰਧਾਰਤ ਉਡਾਣਾਂ ਵਿਚ 10 ਫ਼ੀਸਦੀ ਦੀ ਕਟੌਤੀ ਵੀ ਕੀਤੀ ਸੀ ਅਤੇ ਨਵੇਂ ਐੱਫਡੀਟੀਐੱਲ ਨਿਯਮਾਂ ਨੂੰ ਲਾਗੂ ਕਰਨ ਲਈ 10 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ।
ਡੀਜੀਸੀਏ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ, ਇੰਡੀਗੋ ਨੇ ਦੱਸਿਆ ਹੈ ਕਿ ਦਿੱਤਾ ਗਿਆ ਸਮਾਂ ਖਤਮ ਹੋਣ ਤੋਂ ਬਾਅਦ ਉਹ ਕਾਨੂੰਨੀ ਤਜਵੀਜ਼ਾਂ ਦੀ ਪਾਲਣਾ ਅਤੇ 9 ਅਕਤੂਬਰ 2025 ਨੂੰ ਮਨਜ਼ੂਰ ਕੀਤੀ ਗਈ ਐੱਫਡੀਟੀਐੱਲ ਯੋਜਨਾ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਵਾਬਾਜ਼ੀ ਕੰਪਨੀ ਨੇ ਕਿਹਾ ਕਿ 11 ਫਰਵਰੀ 2026 ਤੋਂ ਮਨਜ਼ੂਰ ਕੀਤੀ ਗਈ ਐੱਫਡੀਟੀਐੱਲ ਯੋਜਨਾ ਦੀ ਮੁਕੰਮਲ ਪਾਲਣਾ ਲਈ ਸਾਰੇ ਜ਼ਰੂਰੀ ਆਪ੍ਰੇਸ਼ਨਲ, ਰੋਸਟਰਿੰਗ ਅਤੇ ਮਾਨੀਟਰਿੰਗ ਸਿਸਟਮ ਲਾਗੂ ਕੀਤੇ ਜਾ ਰਹੇ ਹਨ। ਇੰਡੀਗੋ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ ਦਸੰਬਰ ਵਿਚ ਘੱਟ ਕੇ 59.6 ਫ਼ੀਸਦੀ ਰਹਿ ਗਈ ਸੀ ਜੋ ਨਵੰਬਰ ਵਿਚ 63.6 ਫ਼ੀਸਦੀ ਸੀ ਜਦੋਂ ਉਹ ਰੋਜ਼ਾਨਾ ਲਗਪਗ 2,200 ਉਡਾਣਾਂ ਆਪਰੇਟ ਕਰਦਾ ਸੀ।