ਭਾਰਤ ਦੀ ਪਹਿਲੀ ਅੰਡਰਵਾਟਰ ਟਵਿਨ ਟਿਊਬ ਰੋਡ-ਰੇਲ ਟਨਲ ਨੂੰ ਮਿਲੀ ਕੈਬਨਿਟ ਦੀ ਮਨਜ਼ੂਰੀ, ਚੀਨ ਦੀ ਵਧੇਗੀ ਚਿੰਤਾ
ਇਹ ਪ੍ਰੋਜੈਕਟ EPC ਮੋਡ ਤਹਿਤ ਪੂਰਾ ਕੀਤਾ ਜਾਵੇਗਾ ਅਤੇ ਇਸ ਦੇ ਨਿਰਮਾਣ 'ਚ ਲਗਪਗ ਪੰਜ ਸਾਲ ਲੱਗਣ ਦੀ ਉਮੀਦ ਹੈ। ਪੂਰਾ ਹੋਣ ਤੋਂ ਬਾਅਦ ਇਹ ਦੁਨੀਆ ਦੀ ਅਜਿਹੀ ਦੂਜੀ ਸੁਰੰਗ ਬਣ ਜਾਵੇਗੀ।
Publish Date: Sat, 14 Feb 2026 03:39 PM (IST)
Updated Date: Sat, 14 Feb 2026 03:42 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਨੇ ਦੇਸ਼ ਦੇ ਪਹਿਲੇ ਅੰਡਰਵਾਟਰ ਟਵਿਨ ਟਿਊਬ ਰੋਡ-ਕਮ-ਰੇਲ ਟਨਲ (ਪਾਣੀ ਦੇ ਹੇਠਾਂ ਸੜਕ ਅਤੇ ਰੇਲ ਸੁਰੰਗ) ਪ੍ਰੋਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਵੇਂ ਇਨਫਰਾਸਟਰੱਕਚਰ ਪ੍ਰੋਜੈਕਟ ਨੂੰ ਲਗਪਗ 18,662 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।
ਹਾਲਾਂਕਿ ਇਹ ਸੁਰੰਗ ਅਸਾਮ 'ਚ ਬਣੇਗੀ, ਪਰ ਇਸ ਦਾ ਪ੍ਰਭਾਵ ਪੂਰੇ ਉੱਤਰ-ਪੂਰਬੀ ਖੇਤਰ 'ਤੇ ਪਵੇਗਾ। ਇਸ ਨਾਲ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਹੋਰ ਇਲਾਕਿਆਂ ਦੀ ਕਨੈਕਟੀਵਿਟੀ ਬਹੁਤ ਬਿਹਤਰ ਹੋ ਜਾਵੇਗੀ।
ਪ੍ਰੋਜੈਕਟ ਦੀ ਲੰਬਾਈ ਅਤੇ ਬਣਤਰ
ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 34 ਕਿਲੋਮੀਟਰ ਹੋਵੇਗੀ। ਇਸ ਵਿਚ ਦੋ ਸਮਾਨਾਂਤਰ (Parallel) ਸੁਰੰਗਾਂ ਹੋਣਗੀਆਂ, ਜੋ ਸੜਕ ਅਤੇ ਰੇਲ ਟ੍ਰੈਫਿਕ ਦੋਵਾਂ ਦੀ ਉੱਚ ਸਮਰੱਥਾ ਵਾਲੀ ਆਵਾਜਾਈ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਪ੍ਰੋਜੈਕਟ ਤਹਿਤ NH-15 (ਗੋਹਪੁਰ) ਤੋਂ NH-715 (ਨੁਮਾਲੀਗੜ੍ਹ) ਤੱਕ ਇੱਕ 4-ਲੇਨ ਕੋਰੀਡੋਰ ਬਣਾਇਆ ਜਾਵੇਗਾ ਜਿਸ ਵਿਚ ਬ੍ਰਹਮਪੁੱਤਰ ਨਦੀ ਦੇ ਹੇਠਾਂ 15.79 ਕਿਲੋਮੀਟਰ ਲੰਬੀ ਸੁਰੰਗ ਸ਼ਾਮਲ ਹੈ।
ਇਹ ਪ੍ਰੋਜੈਕਟ EPC ਮੋਡ ਤਹਿਤ ਪੂਰਾ ਕੀਤਾ ਜਾਵੇਗਾ ਅਤੇ ਇਸ ਦੇ ਨਿਰਮਾਣ 'ਚ ਲਗਪਗ ਪੰਜ ਸਾਲ ਲੱਗਣ ਦੀ ਉਮੀਦ ਹੈ। ਪੂਰਾ ਹੋਣ ਤੋਂ ਬਾਅਦ ਇਹ ਦੁਨੀਆ ਦੀ ਅਜਿਹੀ ਦੂਜੀ ਸੁਰੰਗ ਬਣ ਜਾਵੇਗੀ।
ਇਸ ਦਾ ਮਹੱਤਵ ਤੇ ਫਾਇਦੇ
ਇਸ ਪ੍ਰੋਜੈਕਟ ਦੇ ਪੂਰਾ ਹੋਣ 'ਤੇ ਗੋਹਪੁਰ ਅਤੇ ਨੁਮਾਲੀਗੜ੍ਹ ਵਿਚਕਾਰ ਦੂਰੀ 240 ਕਿਲੋਮੀਟਰ ਤੋਂ ਘਟ ਕੇ ਸਿਰਫ਼ 34 ਕਿਲੋਮੀਟਰ ਰਹਿ ਜਾਵੇਗੀ। 6 ਘੰਟੇ ਦਾ ਸਫ਼ਰ ਹੁਣ ਸਿਰਫ਼ 20 ਮਿੰਟ ਵਿੱਚ ਪੂਰਾ ਹੋ ਸਕੇਗਾ। ਇਹ ਪ੍ਰੋਜੈਕਟ ਉੱਤਰ-ਪੂਰਬ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ ਅਤੇ ਸਰਹੱਦੀ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ। ਚੀਨ ਨਾਲ ਲੱਗਦੀ ਸਰਹੱਦ ਦੇ ਮੱਦੇਨਜ਼ਰ, ਇਹ ਸੁਰੰਗ ਭਾਰਤੀ ਫੌਜ ਅਤੇ ਰਸਦ ਦੀ ਤੇਜ਼ੀ ਨਾਲ ਆਵਾਜਾਈ ਲਈ ਬੇਹੱਦ ਮਹੱਤਵਪੂਰਨ ਸਾਬਤ ਹੋਵੇਗੀ।