ਸਾਈਬਰ ਲੁੱਟ ਦਾ ਸ਼ਿਕਾਰ ਹੋਏ ਭਾਰਤੀ, ਛੇ ਸਾਲਾਂ 'ਚ ਸਾਈਬਰ ਧੋਖਾਧੜੀ 'ਚ ਗੁਆਏ 52,976 ਕਰੋੜ ਰੁਪਏ, ਹੈਰਾਨਕੁੰਨ ਅੰਕੜੇ ਆਏ ਸਾਹਮਣੇ
ਸਿਟੀਜ਼ਨ ਫਾਈਨਾਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਐਂਡ ਮੈਨੇਜਮੈਂਟ ਸਿਸਟਮ (ਸੀਐੱਫਸੀਐੱਫਆਰਐੱਮਐੱਸ) ਦੇ ਡਾਟਾ ਅਨੁਸਾਰ, 2025 ’ਚ ਸਾਈਬਰ ਧੋਖਾਧੜੀ ਦੀਆਂ ਸ਼ਿਕਾਇਤਾਂ ’ਚੋਂ 45 ਫ਼ੀਸਦੀ ਦੱਖਣੀ ਪੂਰਬੀ ਏਸ਼ਿਆਈ ਦੇਸ਼ਾਂ ਕੰਬੋਡੀਆ, ਮਿਆਂਮਾਰ ਤੇ ਲਾਓਸ ਨਾਲ ਸਬੰਧਤ ਸਨ।
Publish Date: Sun, 04 Jan 2026 09:23 AM (IST)
Updated Date: Sun, 04 Jan 2026 09:26 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀਆਂ ਨੇ ਪਿਛਲੇ ਛੇ ਸਾਲਾਂ ’ਚ ਸਾਈਬਰ ਧੋਖਾਧੜੀ ਕਾਰਨ 52976 ਕਰੋੜ ਰੁਪਏ ਤੋਂ ਵੱਧ ਗੁਆਏ ਹਨ। ਮਹਾਰਾਸ਼ਟਰ ਸਾਈਬਰ ਅਪਰਾਧਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ। ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਦੇ ਡਾਟਾ ਅਨੁਸਾਰ, ਸਿਰਫ 2025 ’ਚ ਹੀ ਲਗਪਗ 19813 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਧੋਖਾਧੜੀ ਨਾਲ ਸਬੰਧਤ 21,77,524 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। 2024 ’ਚ 22,849.49 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਤੇ ਧੋਖਾਧੜੀ ਨਾਲ ਸਬੰਧਤ 19,18,852 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਕਾਫੀ ਜ਼ਿਆਦਾ ਹੈ। ਇਹ ਵਧਦੇ ਮਾਮਲੇ ਡਿਜੀਟਲ ਗ੍ਰਿਫ਼ਤਾਰੀ, ਆਨਲਾਈਨ ਧੋਖਾਧੜੀ ਤੇ ਬੈਂਕਿੰਗ ਧੋਖਾਧੜੀ ਵਰਗੇ ਵਿੱਤੀ ਅਪਰਾਧਾਂ ’ਚ ਚਿੰਤਾਜਨਕ ਵਾਧੇ ਵੱਲ ਇਸ਼ਾਰਾ ਕਰਦੇ ਹਨ।
ਸਿਟੀਜ਼ਨ ਫਾਈਨਾਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਐਂਡ ਮੈਨੇਜਮੈਂਟ ਸਿਸਟਮ (ਸੀਐੱਫਸੀਐੱਫਆਰਐੱਮਐੱਸ) ਦੇ ਡਾਟਾ ਅਨੁਸਾਰ, 2025 ’ਚ ਸਾਈਬਰ ਧੋਖਾਧੜੀ ਦੀਆਂ ਸ਼ਿਕਾਇਤਾਂ ’ਚੋਂ 45 ਫ਼ੀਸਦੀ ਦੱਖਣੀ ਪੂਰਬੀ ਏਸ਼ਿਆਈ ਦੇਸ਼ਾਂ ਕੰਬੋਡੀਆ, ਮਿਆਂਮਾਰ ਤੇ ਲਾਓਸ ਨਾਲ ਸਬੰਧਤ ਸਨ।
ਪਿਛਲੇ ਸਾਲ ਸਾਈਬਰ ਠੱਗੀ ਨਾਲ ਹੋਏ ਨੁਕਸਾਨ ’ਚੋਂ 77 ਫ਼ੀਸਦੀ ਨਿਵੇਸ਼ ਯੋਜਨਾਵਾਂ ਦੇ ਨਾਂ ’ਤੇ ਕੀਤਾ ਗਿਆ। ਅੱਠ ਫ਼ੀਸਦੀ ਡਿਜੀਟਲ ਗ੍ਰਿਫ਼ਤਾਰੀ ਰਾਹੀਂ, ਸੱਤ ਫ਼ੀਸਦੀ ਕ੍ਰੈਡਿਟ ਕਾਰਡ ਧੋਖਾਧੜੀ ਰਾਹਂ, ਚਾਰ ਫ਼ੀਸਦੀ ਸੈਕਸਟਾਰਸ਼ਨ ’ਚ, ਤਿੰਨ ਫ਼ੀਸਦੀ ਈ-ਕਾਮਰਸ ਧੋਖਾਧੜੀ ’ਚ ਤੇ ਇਕ ਫ਼ੀਸਦੀ ਐਪ/ਮੈਲਵੇਅਰ ਆਧਾਰਿਤ ਧੋਖਾਧੜੀ ’ਚ ਗੁਆਉਣਾ ਪਿਆ। ਵੱਖ-ਵੱਖ ਵਰਗਾਂ ਦੇ ਸਾਈਬਰ ਅਪਰਾਧਾਂ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਨ ਲਈ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਲਟ ਲਾਂਚ ਕੀਤਾ ਗਿਆ ਹੈ। ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ, 1930 ਆਨਲਾਈਨ ਵਿੱਤੀ ਧੋਖਾਧੜੀ ਦੇ ਪੀੜਤਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਦਾ ਹੈ।
------------
ਪਿਛਲੇ ਸਾਲ ਸਾਈਬਰ ਧੋਖਾਧੜੀ ਨਾਲ ਪ੍ਰਭਾਵਿਤ ਸੂਬੇ
ਸੂਬਾ ਸ਼ਿਕਾਇਤਾਂ ਨੁਕਸਾਨ (ਰੁਪਏ ’ਚ)
ਮਹਾਰਾਸ਼ਟਰ - 2,833,20 - 3,203 ਕਰੋੜ
ਕਰਨਾਟਕ - 2,132,28 - 2,413 ਕਰੋੜ
ਤਾਮਿਲਨਾਡੂ - 1,232,90 - 1,897 ਕਰੋੜ
ਉੱਤਰ ਪ੍ਰਦੇਸ਼ - 2,752,64 - 1,443 ਕਰੋੜ
ਤੇਲੰਗਾਨਾ - 95,000 - 1,372 ਕਰੋੜ