ਨਵੀਂ ਦਿੱਲੀ 'ਚ ਭਾਰਤੀ ਜਲ ਸੈਨਾ ਦੇ ਕਮਾਂਡਰ ਕਰਨਗੇ ਪੱਛਮੀ ਏਸ਼ੀਆ ਸੰਕਟ ਦੇ ਪ੍ਰਭਾਵ 'ਤੇ ਵਿਚਾਰ-ਵਟਾਂਦਰਾ, ਊਰਜਾ ਸੁਰੱਖਿਆ 'ਤੇ ਵੀ ਹੋਵੇਗੀ ਚਰਚਾ
ਨੇਵੀ ਨੇ ਦੱਸਿਆ ਕਿ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਆਪ੍ਰੇਸ਼ਨਲ ਕਮਾਂਡਰਾਂ ਤੇ ਨੇਵੀ ਦੀ ਸੀਨੀਅਰ ਅਗਵਾਈ ਦੇ ਨਾਲ ਮਿਲ ਕੇ ਮੌਜੂਦਾ ਭੂ-ਸਿਆਸੀ ਮਾਹੌਲ ਵਿਚ ਬਹੁ-ਪਰਤੀ ਚੁਣੌਤੀਆਂ ਨਾਲ ਨਜਿੱਠਣ ਲਈ ਯੋਜਨਾਵਾਂ ਦੀ ਸਮੀਖਿਆ ਤੇ ਮੁਲਾਂਕਣ ਕਰਨਗੇ।
Publish Date: Mon, 13 Apr 2026 09:30 AM (IST)
Updated Date: Mon, 13 Apr 2026 09:36 AM (IST)
ਨਵੀਂ ਦਿੱਲੀ (ਪੀਟੀਆਈ) : ਪੱਛਮੀ ਏਸ਼ੀਆ ਸੰਕਟ ਦੇ ਭਾਰਤ ਦੀ ਊਰਜਾ ਸੁਰੱਖਿਆ ਦੇ ਸੰਦਰਭ ਵਿਚਅਸਰ ’ਤੇ ਭਾਰਤੀ ਨੇਵੀ ਦੇ ਚੋਟੀ ਦੇ ਕਮਾਂਡਰ ਮੰਗਲਵਾਰ ਤੋਂ ਤਿੰਨ ਦਿਨਾਂ ਤੱਕ ਚੱਲਣ ਵਾਲੇ ਸੰਮੇਲਨ ਵਿਚ ਵਿਚਾਰ-ਵਟਾਂਦਰਾ ਕਰਨਗੇ। ਇਸ ਛਿਮਾਹੀ ਸੰਮੇਲਨ ਦਾ ਪ੍ਰਬੰਧ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ।
ਨੇਵੀ ਨੇ ਐਤਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਹੈ ਕਿ ਕਮਾਂਡਰ ਰਾਸ਼ਟਰੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਨੇਵੀ ਦੀ ਸੰਚਾਲਨ ਸਥਿਤੀ ਤੇ ਕੌਮੀ ਉਦੇਸ਼ ਮੁਤਾਬਕ ਸਮਰੱਥਾ ਦੇ ਵਿਕਾਸ ਲਈ ਵਿਆਪਕ ਸਮੀਖਿਆ ਕਰਨਗੇ। ਬਿਆਨ ਮੁਤਾਬਕ ਇਹ ਅਡੀਸ਼ਨ ਭਾਰਤ ਦੀ ਊਰਜਾ ਸੁਰੱਖਿਆ ਦੀ ਰੱਖਿਆ ਲਈ ਨੇਵੀ ਦੀ ਤੁਰੰਤ ਤਾਇਨਾਤੀ ਦੇ ਸੰਦਰਭ ਵਿਚ ਬਹੁਤ ਅਹਿਮ ਹੈ, ਖ਼ਾਸਕਰ ਜਦੋਂ ਪੱਛਮੀ ਏਸ਼ੀਆ ਵਿਚ ਸੰਘਰਸ਼ ਜਾਰੀ ਹੈ ਤੇ ਹਿੰਦ ਮਹਾਸਾਗਰ ਵਿਚ ਬਹੁ-ਰਾਸ਼ਟਰੀ ਫ਼ੌਜਾ ਇਕੱਤਰ ਹੋ ਰਹੀਆਂ ਹਨ। ਹਾਲਾਂਕਿ ਨੇਵੀ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਕਿ ਹੋਰਮੁਜ਼ ਜਲਮਾਰਗ ਦੀ ਆਵਾਜਾਈ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੇਖਦੇ ਹੋਏ ਭਾਰਤ ਦੀ ਊਰਜਾ ਸੁਰੱਖਿਆ ਵਿਚ ਉਸ ਦੀ ਕੀ ਭੂਮਿਕਾ ਹੈ।
ਲੰਘੇ ਕਈ ਸਾਲਾਂ ਤੋਂ ਨੇਵੀ ਭਾਰਤੀ ਝੰਡੇ ਵਾਲੇ ਵਪਾਰਕ ਜਹਾਜ਼ਾਂ ਨੂੰ ਓਮਾਨ ਦੀ ਖਾੜੀ ਵਿਚ ਸੁਰੱਖਿਆ ਦੇ ਰਹੀ ਹੈ, ਖ਼ਾਸਕਰ ਉਨ੍ਹਾਂ ਜਹਾਜ਼ਾਂ ਨੂੰ ਜੋ ਕੱਚਾ ਤੇਲ ਤੇ ਕੁਦਰਤੀ ਗੈਸ ਲੈ ਕੇ ਆਉਂਦੇ ਹਨ। ਨੇਵੀ ਨੇ ਦੱਸਿਆ ਕਿ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਆਪ੍ਰੇਸ਼ਨਲ ਕਮਾਂਡਰਾਂ ਤੇ ਨੇਵੀ ਦੀ ਸੀਨੀਅਰ ਅਗਵਾਈ ਦੇ ਨਾਲ ਮਿਲ ਕੇ ਮੌਜੂਦਾ ਭੂ-ਸਿਆਸੀ ਮਾਹੌਲ ਵਿਚ ਬਹੁ-ਪਰਤੀ ਚੁਣੌਤੀਆਂ ਨਾਲ ਨਜਿੱਠਣ ਲਈ ਯੋਜਨਾਵਾਂ ਦੀ ਸਮੀਖਿਆ ਤੇ ਮੁਲਾਂਕਣ ਕਰਨਗੇ। ਸੰਮੇਲਨ ਵਿਚ ਸੀਡੀਐੱਸ ਜਨਰਲ ਅਨਿਲ ਚੌਹਾਨ ਤੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਵੀ ਕਮਾਂਡਰਾਂ ਨੂੰ ਸੰਬੋਧਨ ਕਰਨਗੇ।