ICMR ਦਾ ਵੱਡਾ ਖੁਲਾਸਾ: ਬਜ਼ੁਰਗਾਂ ਦੀਆਂ ਜ਼ਰੂਰੀ ਦਵਾਈਆਂ ਬੰਦ ਕਰਨ ਨਾਲ ਨਹੀਂ ਵਧਦਾ ਮੌਤ ਦਾ ਖ਼ਤਰਾ
ਇਸ ਵਿਸ਼ਲੇਸ਼ਣ ’ਚ 33 ਹਜ਼ਾਰ ਤੋਂ ਵੱਧ ਬਜ਼ੁਰਗਾਂ ਨਾਲ ਜੁੜੇ 15 ਅਧਿਐਨਾਂ ਦੇ ਡਾਟਾ ਨੂੰ ਸ਼ਾਮਲ ਕੀਤਾ ਗਿਆ। ਇਸ ਵਿਚ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ’ਤੇ ਧਿਆਨ ਦਿੱਤਾ ਗਿਆ, ਜੋ ਬਹੁਤ ਜ਼ਿਆਦਾ ਕਮਜ਼ੋਰ ਹਨ, ਡਿਮੈਂਸ਼ੀਆ ਤੋਂ ਪੀ਼ੜਤ ਹਨ ਜਾਂ ਜਿਨ੍ਹਾਂ ਦੇ ਜਿਊਣ ਦੀ ਉਮੀਦ ਘੱਟ ਹੈ।
Publish Date: Sat, 28 Mar 2026 10:43 AM (IST)
Updated Date: Sat, 28 Mar 2026 10:47 AM (IST)
ਨਵੀਂ ਦਿੱਲੀ (ਪੀਟੀਆਈ) : ਬਜ਼ੁਰਗ ਤੇ ਕਮਜ਼ੋਰ ਮਰੀਜ਼ਾਂ ਲਈ ਇਕ ਅਹਿਮ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਇਕ ਨਵੇਂ ਵਿਸ਼ਲੇਸ਼ਣ ’ਚ ਪਾਇਆ ਗਿਆ ਹੈ ਕਿ ਕੁਝ ਰੋਕਥਾਮ ਵਾਲੀਆਂ ਦਵਾਈਆਂ ਬੰਦ ਕਰਨ ਨਾਲ ਤਾਂ ਮੌਤ ਦਾ ਖ਼ਤਰਾ ਵਧਦਾ ਹੈ ਤੇ ਨਾ ਹੀ ਹਸਪਤਾਲ ’ਚ ਦਾਖ਼ਲ ਹੋਣ ਜਾਂ ਦਿਲ ਨਾਲ ਜੁੜੀਆਂ ਵੱਡੀਆਂ ਸਮੱਸਿਆਵਾਂ ਦਾ ਖ਼ਤਰਾ ਵਧਦਾ ਹੈ। ਇਹ ਅਧਿਐਨ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਤਹਿਤ ਕੋਲਕਾਤਾ ਸਥਿਤ ਆਈਸੀਐੱਮਆਰ ਨੈਸ਼ਨਲ ਇੰਸਟੀਚਿਊਟ ਫਾਰ ਰਿਸਰਚ ਇਨ ਬੈਕਟੀਰੀਅਲ ਇਨਫੈਕਸ਼ਨਜ਼ ਤੇ ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਦੇ ਖੋਜੀਆਂ ਨੇ ਕੀਤਾ ਹੈ।
ਇਸ ਵਿਸ਼ਲੇਸ਼ਣ ’ਚ 33 ਹਜ਼ਾਰ ਤੋਂ ਵੱਧ ਬਜ਼ੁਰਗਾਂ ਨਾਲ ਜੁੜੇ 15 ਅਧਿਐਨਾਂ ਦੇ ਡਾਟਾ ਨੂੰ ਸ਼ਾਮਲ ਕੀਤਾ ਗਿਆ। ਇਸ ਵਿਚ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ’ਤੇ ਧਿਆਨ ਦਿੱਤਾ ਗਿਆ, ਜੋ ਬਹੁਤ ਜ਼ਿਆਦਾ ਕਮਜ਼ੋਰ ਹਨ, ਡਿਮੈਂਸ਼ੀਆ ਤੋਂ ਪੀ਼ੜਤ ਹਨ ਜਾਂ ਜਿਨ੍ਹਾਂ ਦੇ ਜਿਊਣ ਦੀ ਉਮੀਦ ਘੱਟ ਹੈ। ਆਮ ਤੌਰ ’ਤੇ ਅਜਿਹੇ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਕਈ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨੂੰ ਪਾਲੀਫਾਰਮੇਸੀ ਕਿਹਾ ਜਾਂਦਾ ਹੈ ਪਰ ਇਨ੍ਹਾਂ ਦਵਾਈਆਂ ਦਾ ਫਾਇਦਾ ਹਮੇਸ਼ਾ ਸਾਫ਼ ਨਹੀਂ ਹੁੰਦਾ ਤੇ ਇਨ੍ਹਾਂ ਦੇ ਸਾਈਡਇਫੈਕਟ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਅਧਿਐਨ ’ਚ ਪਾਇਆ ਗਿਆ ਕਿ ਬਲੱਡ ਪ੍ਰੈਸ਼ਰ, ਸ਼ੂਗਰ ਤੇ ਕੋਲੈਸਟਰੋਲ ਕੰਟਰੋਲ ਕਰਨ ਵਾਲੀਆਂ ਦਵਾਈਆਂ ਬੰਦ ਕਰਨ ਨਾਲ ਮਰੀਜ਼ਾਂ ਦੀ ਸਿਹਤ ’ਤੇ ਕੋਈ ਗੰਭੀਰ ਨਕਾਰਾਤਮਕ ਅਸਰ ਨਹੀਂ ਪੈਂਦਾ। ਨਾ ਤਾਂ ਡਿੱਗਣ, ਹੱਡੀ ਟੁੱਟਣ (ਫਰੈਕਚਰ) ਦਾ ਖ਼ਤਰਾ ਵਧਿਆ ਤੇ ਨਾ ਹੀ ਜੀਵਨ ਦੀ ਗੁਣਵੱਤਾ ’ਚ ਗਿਰਾਵਟ ਆਈ। ਹਾਲਾਂਕਿ, ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਬੰਦ ਕਰਨ ’ਤੇ ਸਿਸਟੋਲਿਕ ਬਲੱਡ ਪ੍ਰੈਸ਼ਰ ਥੋੜ੍ਹਾ ਵਧਿਆ ਜ਼ਰੂਰ ਦੇਖਿਆ ਗਿਆ। ਹਾਲਾਂਕਿ, ਖੋਜੀਆਂ ਨੇ ਇਹ ਵੀ ਸਾਫ਼ ਕੀਤਾ ਕਿ ਇਨ੍ਹਾਂ ਸਿੱਟਿਆਂ ’ਤੇ ਭਰੋਸੇ ਦਾ ਪੱਧਰ ਹਾਲੇ ਘੱਟ ਹੈ ਤੇ ਇਸ ਵਿਸ਼ੇ ’ਤੇ ਹੋਰ ਡੂੰਘਾਈ ਨਾਲ ਅਧਿਐਨ ਦੀ ਲੋੜ ਹੈ। ਇਸਦੇ ਬਾਵਜੂਦ, ਇਹ ਅਧਿਐਨ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਹਰ ਬਜ਼ੁਰਗ ਮਰੀਜ਼ ਲਈ ਸਾਰੀਆਂ ਦਵਾਈਆਂ ਜਾਰੀ ਰੱਖਣਾ ਜ਼ਰੂਰੀ ਨਹੀਂ ਹੁੰਦਾ ਤੇ ਡਾਕਟਰ ਲੋੜ ਦੇ ਹਿਸਾਬ ਨਾਲ ਦਵਾਈਆਂ ਘੱਟ ਕਰਨ ’ਤੇ ਵੀ ਵਿਚਾਰ ਕਰ ਸਕਦੇ ਹਨ।